4 ਮਈ ਤੱਕ ਬਣਵਾਈ ਜਾ ਸਕਦੀ ਹੈ ਨਵੀਂ ਵੋਟ

ਚੋਣ ਤਿਆਰੀਆਂ ਲਈ ਜਿਲ੍ਹਾ ਚੋਣ ਅਧਿਕਾਰੀ ਨੇ ਕੀਤੀ ਬੈਠਕ
ਫਾਜ਼ਿਲਕਾ, 2 ਮਈ
ਮੁੱਖ ਚੋਣ ਅਫ਼ਸਰ ਪੰਜਾਬ ਸ੍ਰੀ ਸੀ ਸਿਬਨ ਵੱਲੋਂ ਸਮੂਹ ਡਿਪਟੀ ਕਮਿਸ਼ਨਰਾਂ ਨਾਲ ਕੀਤੀ ਵੀਡੀਓ ਕਾਨਫਰੰਸ ਤੋਂ ਬਾਅਦ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਅੱਜ ਇੱਥੇ ਸਮੂਹ ਸਹਾਇਕ ਰਿਟਰਨਿੰਗ ਅਫ਼ਸਰਾਂ ਤੇ ਚੋਣ ਤਿਆਰੀਆਂ ਵਿਚ ਲੱਗੇ ਨੋਡਲ ਅਫ਼ਸਰਾਂ ਨਾਲ  ਬੈਠਕ ਕੀਤੀ।
ਇਸ ਮੌਕੇ ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਦੀ ਹਾਲੇ ਵੋਟ ਨਹੀਂ ਬਣੀ ਤਾਂ 4 ਮਈ ਤੱਕ ਨਵੀਂ ਵੋਟ ਬਣਵਾਈ ਜਾ ਸਕਦੀ ਹੈ। ਇਸ ਲਈ ਲੋਕ ਵੋਟਰ ਹੈਲਪਲਾਈਨ ਮੋਬਾਇਲ ਐਪ ਤੇ ਜਾ ਕੇ ਆਨਲਾਈਨ ਹੀ ਅਪਲਾਈ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਵੋਟ ਸਾਡੀ ਤਾਕਤ ਹੈ ਅਤੇ 18 ਸਾਲ ਤੋਂ ਵੱਡੀ ਉਮਰ ਦੇ ਹਰ ਵਿਅਕਤੀ ਦੀ ਵੋਟ ਬਣੀ ਹੋਣੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੋਟਰ ਹੈਲਪ ਲਾਈਨ ਐਪ ਰਾਹੀਂ ਲੋਕ ਆਪਣੀ ਵੋਟ ਬਣੀ ਹੈ ਜਾਂ ਨਹੀਂ, ਆਪਣਾ ਪੋਲਿੰਗ ਬੂਥ ਕਿੱਥੇ ਹੈ ਇਹ ਜਾਣਕਾਰੀ ਵੀ ਹਾਸਲ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੋਣਾਂ ਸਬੰਧੀ ਸਾਰੀਆਂ ਤਿਆਰੀਆਂ ਕੀਤੀਆਂ ਜਾਣ ਅਤੇ ਲੋਕਾਂ ਨੂੰ ਮਤਦਾਨ ਲਈ ਪ੍ਰੇਰਿਤ ਕਰਨ ਲਈ ਜਿਆਦਾ ਤੋਂ ਜਿਆਦਾ ਸਵੀਪ ਗਤੀਵਿਧੀਆਂ ਕੀਤੀਆਂ ਜਾਣ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਸਿਖਲਾਈ ਸਥਾਨਾਂ, ਡਿਸਪਰਸਲ ਸੈਂਟਰਾਂ, ਪੋਲਿੰਗ ਸਟੇਸ਼ਨਾਂ ਅਤੇ ਕੁਲੈਕਸ਼ਨ ਕੇਂਦਰਾਂ ‘ਤੇ ਵੱਖ-ਵੱਖ ਤਰੀਕਿਆਂ ਰਾਹੀਂ ਪੋਲਿੰਗ ਸਟਾਫ਼ ਨੂੰ ਗਰਮੀ ਤੋਂ ਬਚਾਉਣ ਲਈ ਲੋੜੀਂਦੇ ਉਪਾਅ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਪੋਲਿੰਗ ਸਟੇਸ਼ਨਾਂ ਅਤੇ ਗਿਣਤੀ ਕੇਂਦਰਾਂ ‘ਤੇ ਸਟਾਫ਼ ਲਈ ਛਾਂ, ਪੀਣ ਵਾਲੇ ਪਾਣੀ, ਵੇਟਿੰਗ ਏਰੀਆ, ਵਧੀਆ ਕੁਆਲਿਟੀ ਦੇ ਪਖਾਨਿਆਂ ਦਾ ਪ੍ਰਬੰਧ ਕਰਨ ਲਈ ਵੀ ਕਿਹਾ।
ਇਸ ਮੌਕੇ ਐਸਐਸਪੀ ਡਾ: ਪ੍ਰਗਿਆ ਜੈਨ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਲਗਾਤਾਰ ਅੰਤਰ ਰਾਜੀ ਤੇ ਅੰਤਰ ਜਿਲ੍ਹਾ ਨਾਕਿਆਂ ਤੇ ਚੌਕਸੀ ਦੇ ਨਾਲ ਨਾਲ ਸਮੇਂ ਸਮੇਂ ਤੇ ਸਰਚ ਅਭਿਆਨ ਤੇ ਫਲੈਗ ਮਾਰਚ ਵੀ ਕੀਤੇ ਜਾ ਰਹੇ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਅਮਰਿੰਦਰ ਸਿੰਘ ਮੱਲ੍ਹੀ, ਐਸਪੀ ਰਮਨੀਸ਼ ਚੌਧਰੀ, ਐਸਡੀਐਮ ਸ੍ਰੀ ਪੰਕਜ ਬਾਂਸਲ, ਸ੍ਰੀ ਵਿਪਨ ਭੰਡਾਰੀ ਤੇ ਸ੍ਰੀ ਬਲਕਰਨ ਸਿੰਘ ਵੀ ਹਾਜਰ ਸਨ।

CATEGORIES
Share This

COMMENTS

Wordpress (0)
Disqus (0 )
Translate