ਬਿਨਾਂ ਜਰਨੈਲ ਤੋਂ ਅਬੋਹਰ ਹਲਕੇ ਵਿੱਚ ਕਿਵੇਂ ਲੋਕ ਸਭਾ ਚੋਣਾਂ ਲੜੇਗੀ ਕਾਂਗਰਸ?

ਅਬੋਹਰ 22 ਅਪ੍ਰੈਲ(ਜਗਜੀਤ ਸਿੰਘ ਧਾਲੀਵਾਲ) ਬੇਸ਼ੱਕ ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀਆਂ ਵੱਧ ਤੋਂ ਵੱਧ ਸੀਟਾਂ ਜਿੱਤਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਕਾਂਗਰਸ ਦੇ ਲੀਡਰ ਪਾਰਟੀ ਦੀ ਮਜਬੂਤੀ ਲਈ ਗੰਭੀਰ ਨਹੀਂ ਜਾਪ ਰਹੇ ਹਨ। ਪਿਛਲੇ ਕਰੀਬ ਡੇਢ ਸਾਲ ਤੋਂ ਕਾਂਗਰਸ ਕੋਲ ਅਬੋਹਰ ਵਿਧਾਨ ਸਭਾ ਹਲਕੇ ਵਿੱਚ ਕੋਈ ਵੀ ਅਜਿਹਾ ਲੀਡਰ ਨਹੀਂ ਮਿਲਿਆ ਹੈ ਜਿਸ ਨੂੰ ਹਲਕਾ ਇੰਚਾਰਜ ਲਾਇਆ ਜਾਵੇ। ਜਦੋਂ ਤੋਂ ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਨੇ ਕਾਂਗਰਸ ਦੀਆਂ ਗਤੀਵਿਧੀਆਂ ਤੋਂ ਦੂਰੀ ਬਣਾਈ ਹੈ ਉਦੋਂ ਤੋਂ ਹੀ ਕਾਂਗਰਸ ਨੂੰ ਇਹ ਪਤਾ ਲੱਗ ਗਿਆ ਸੀ ਕਿ ਉਹਨਾਂ ਲਈ ਇਹ ਹਲਕਾ ਖਾਲੀ ਹੈ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਸਮੁੱਚੀ ਲੀਡਰਸ਼ਿਪ ਨੇ ਅਬੋਹਰ ਵਿਧਾਨ ਸਭਾ ਹਲਕੇ ਵਿੱਚ ਵੱਡੀ ਰੈਲੀ ਵੀ ਕੀਤੀ ਸੀ ਪਰ ਫਿਰ ਵੀ ਹਾਲੇ ਤੱਕ ਇੱਥੇ ਹਲਕਾ ਇੰਚਾਰਜ ਲਗਾਉਣ ਲਈ ਉਹਨਾਂ ਨੂੰ ਬੰਦਾ ਤੱਕ ਨਹੀਂ ਮਿਲਿਆ। ਹੁਣ ਜਦੋਂ ਲੋਕ ਸਭਾ ਚੋਣਾਂ ਦਾ ਬਿਗਲ ਵੱਜਿਆ ਹੋਇਆ ਹੈ ਤੇ ਮੈਦਾਨ ਭੱਖਦਾ ਜਾ ਰਿਹਾ ਹੈ ਤਾਂ ਅਜਿਹੇ ਵਿੱਚ ਅਬੋਹਰ ਵਿੱਚ ਕਾਂਗਰਸ ਬਿਨਾਂ ਜਰਨੈਲ ਤੋਂ ਕਿਵੇਂ ਚੋਣ ਮੈਦਾਨ ਵਿੱਚ ਲੜੇਗੀ। ਕੋਈ ਹਲਕਾ ਇੰਚਾਰਜ ਨਾ ਹੋਣ ਕਾਰਨ ਕਾਂਗਰਸ ਦੇ ਵਰਕਰ ਵੀ ਅਣਗੌਲੇ ਤੇ ਮਾਯੂਸ ਹੋਏ ਪਏ ਹਨ। ਬੇਸ਼ੱਕ ਬਲਾਕ ਪ੍ਰਧਾਨਾਂ ਵੱਲੋਂ ਆਪਣੇ ਪੱਧਰ ਤੇ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਪਰ ਜਿੰਨਾ ਚਿਰ ਕਿਸੇ ਹਲਕਾ ਇੰਚਾਰਜ ਦੀ ਜਿੰਮੇਵਾਰੀ ਨਹੀਂ ਕਿਸੇ ਨੂੰ ਮਿਲਦੀ ਉਨਾ ਚਿਰ ਲੋਕ ਦੁਚਿੱਤੀ ਵਿੱਚ ਹੀ ਹਨ। ਉਧਰ ਦੂਜੇ ਪਾਸੇ ਮੰਗ ਉੱਠ ਰਹੀ ਹੈ ਕਿ ਅਬੋਹਰ ਹਲਕੇ ਤੋਂ ਕਾਂਗਰਸ ਨੂੰ ਕੋਈ ਹਲਕਾ ਇੰਚਾਰਜ ਜਰੂਰ ਲਾਉਣਾ ਚਾਹੀਦਾ ਹੈ। ਉਧਰ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਪਾਰਟੀ ਅਰੋੜਾ ਬਰਾਦਰੀ ਵਿੱਚੋਂ ਕਿਸੇ ਨੂੰ ਹਲਕਾ ਇੰਚਾਰਜ ਦੀ ਜਿੰਮੇਵਾਰੀ ਸੌਂਪਣਾ ਚਾਹੁੰਦੀ ਹੈ ਪਰ ਉਹ ਹਲੇ ਤੱਕ ਲੀਡਰ ਦੀ ਭਾਲ ਵਿੱਚ ਹੈ। ਸੰਭਾਵਨਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਲੋਕ ਸਭਾ ਚੋਣਾਂ ਦੌਰਾਨ ਹੀ ਹਲਕਾ ਇੰਚਾਰਜ ਕਿਸੇ ਨੂੰ ਲਗਾ ਦੇਵੇ।

CATEGORIES
Share This

COMMENTS

Wordpress (0)
Disqus (0 )
Translate