ਸਤਲੁਜ ਤੋਂ ਪਾਰ ਕਣਕ ਵੱਢਣ ਜਾ ਰਹੇ ਕਿਸਾਨਾਂ ਦਾ ਟਰੈਕਟਰ ਟਰਾਲੀ ਦਰਿਆ ਚ ਡੁੱਬਿਆ
ਵਾਲ ਵਾਲ ਬਚੇ ਕਿਸਾਨ
ਗੁਰੂਹਰਸਹਾਏ ਦੇ ਸਰਹੱਦੀ ਪਿੰਡ ਗਜਨੀ ਵਾਲਾ ਨੇੜੇ ਪੈਂਦੇ ਸਤਲੁਜ ਦਰਿਆ ਤੋਂ ਪਾਰ ਕਣਕ ਵੱਢਣ ਜਾ ਰਹੇ ਕਿਸਾਨਾਂ ਦਾ ਟਰੈਕਟਰ ਟਰਾਲੀ ਦਰਿਆ ‘ਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਟਰੈਕਟਰ ‘ਤੇ ਸਵਾਰ 5 ਕਿਸਾਨਾਂ ਨੇ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਸਵੇਰੇ ਕਿਸਾਨ ਬਲਵੀਰ ਸਿੰਘ ਪੁੱਤਰ ਸੰਤਾ ਸਿੰਘ ਸਮੇਤ ਪੰਜ ਕਿਸਾਨ ਸਤਲੁਜ ਦਰਿਆ ਤੋਂ ਪਾਰ ਹਿੰਦ-ਪਾਕਿ ਜ਼ੀਰੋ ਲਾਈਨ ਨਜ਼ਦੀਕ ਕਣਕ ਦੀ ਕਟਾਈ ਕਰਨ ਲਈ ਟਰੈਕਟਰ-ਟਰਾਲੀ ‘ਤੇ ਸਵਾਰ ਹੋ ਕੇ ਜਾ ਰਹੇ ਸਨ ਕਿ ਸਤਲੁਜ ‘ਚ ਵਧੇ ਪਾਣੀ ਦੇ ਪੱਧਰ ਕਾਰਨ ਟਰੈਕਟਰ-ਟਰਾਲੀ ਪੂਰੀ ਤਰ੍ਹਾਂ ਪਾਣੀ ‘ਚ ਡੁੱਬ ਗਿਆ। ਟਰੈਕਟਰ ਟਰਾਲੀ ‘ਤੇ ਸਵਾਰ ਕਿਸਾਨਾਂ ਨੇ ਮੁਸ਼ਕਿਲ ਨਾਲ ਤੈਰ ਕੇ ਆਪਣੀ ਜਾਨ ਬਚਾਈ, ਕਾਫੀ ਜੱਦੋ-ਜਹਿਦ ਤੋਂ ਬਾਅਦ ਦੇਰ ਸ਼ਾਮ ਨੂੰ ਕਿਸਾਨਾਂ ਵਲੋਂ ਟਰੈਕਟਰ ਟਰਾਲੀ ਨੂੰ ਦਰਿਆ ਵਿਚੋਂ ਬਾਹਰ ਕੱਢ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਉਕਤ ਜਗ੍ਹਾ ਤੋਂ ਥੋੜੀ ਦੂਰ ਬੀ. ਐੱਸ. ਐਫ. ਵਲੋਂ ਦਰਿਆ ਤੋਂ ਪਾਰ ਜਾਣ ਲਈ ਪਾਇਆ ਗਿਆ ਕੈਪਸੂਲ ਪੁਲ ਕੁਝ ਮਹੀਨੇ ਪਹਿਲਾਂ ਆਏ ਹੜ੍ਹਾਂ ਦੌਰਾਨ ਹਟਾ ਲਿਆ ਗਿਆ ਸੀ, ਜਿਸ ਕਰਕੇ ਸਰਹੱਦੀ ਕਿਸਾਨਾਂ ਨੂੰ ਅਕਸਰ ਹੀ ਦਰਿਆ ਦੇ ਪਾਣੀ ‘ਚੋਂ ਲੰਘ ਕੇ ਖੇਤੀ ਕਰਨ ਜਾਣਾ ਪੈਂਦਾ ਹੈ।



