ਦਿਲਰੋਜ਼ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੀ ਨੀਲਮ ਨੂੰ ਹੋਈ ਫਾਂਸੀ ਦੀ ਸਜ਼ਾ
ਢਾਈ ਸਾਲ ਪਹਿਲਾਂ ਲੁਧਿਆਣਾ ਵਿੱਚ ਵਾਪਰੀ ਸੀ ਇਹ ਰੂਹ ਕੰਬਾਊ ਘਟਨਾ
ਲੁਧਿਆਣਾ। ਲਗਭਗ ਢਾਈ ਸਾਲ ਪਹਿਲਾਂ ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਇੱਕ ਮਾਸੂਮ ਬੱਚੀ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲੀ ਔਰਤ ਨੂੰ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਦਿਲਰੋਜ਼ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ ਤੇ ਉਸ ਦੀ ਗਵਾਂਢਨ ਨੀਲਮ ਵੱਲੋਂ ਉਸ ਨੂੰ ਅਗਵਾ ਕਰਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਨੀਲਮ ਦਿਲਰੋਜ਼ ਦੇ ਮਾਪਿਆਂ ਨਾਲ ਰੰਜਿਸ਼ ਰੱਖਦੀ ਸੀ। ਨਵੰਬਰ 2021 ਵਿੱਚ ਜਦੋਂ ਦਿਲਰੋਜ ਦਾ ਪਰਿਵਾਰ ਲੁਧਿਆਣੇ ਤੋਂ ਕਿਸੇ ਹੋਰ ਪਾਸੇ ਸ਼ਿਫਟ ਹੋਣ ਲਈ ਸਮਾਨ ਦੀ ਢੋਆ ਢਾਈ ਕਰ ਰਿਹਾ ਸੀ ਤਾਂ ਇਸੇ ਦੌਰਾਨ ਨੀਲਮ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਨੀਲਮ ਚੋਕਲੇਟ ਦੇ ਬਹਾਨੇ ਤਿੰਨ ਸਾਲ ਦੀ ਮਾਸੂਮ ਦਿਲਰੋਜ ਨੂੰ ਆਪਣੇ ਨਾਲ ਲੈ ਜਾਂਦੀ ਹੈ ਤੇ ਉੱਥੇ ਜਿਉਂਦੀ ਨੂੰ ਟੋਏ ਵਿੱਚ ਨੱਪ ਕੇ ਬੇਰਹਿਮੀ ਨਾਲ ਕਤਲ ਕਰ ਦਿੰਦੀ ਹੈ। ਬਾਅਦ ਵਿੱਚ ਦਿਲਰੋਜ਼ ਦੀ ਭਾਲ ਲਈ ਉਹ ਉਸਦੇ ਮਾਪਿਆਂ ਦੇ ਨਾਲ ਨਾਲ ਰਹਿੰਦੀ ਹੈ ਤੇ ਇਸ ਗੱਲ ਦੀ ਭਿਣਕ ਤੱਕ ਨਹੀਂ ਲੱਗਣ ਦਿੰਦੀ ਕਿ ਦਿਲਰੋਜ਼ ਨੂੰ ਉਸਨੇ ਹੀ ਮਾਰਿਆ ਹੈ। ਪਰ ਕਤਲ ਕਦੇ ਵੀ ਛੁਪਾਇਆ ਨਹੀਂ ਛੁਪਦੇ ਤੇ ਅਖੀਰ ਪੁਲਿਸ ਨੇ ਨੀਲਮ ਨੂੰ ਗ੍ਰਿਫ਼ਤਾਰ ਕਰ ਲਿਆ। ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵੱਲੋਂ ਨੀਲਮ ਨੂੰ ਦਿਲਰੋਜ ਦੇ ਕਤਲ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਹੈ।



