ਹਰਿਆਣਾ ਇਨੈਲੋ ਦੇ ਸੂਬਾ ਪ੍ਰਧਾਨ ਤੇ ਸਾਬਕਾ ਵਿਧਾਇਕ ਦਾ ਹੋਇਆ ਕਤਲ
ਹਰਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਨੈਲੋ ਦੇ ਸੂਬਾ ਪ੍ਰਧਾਨ ਤੇ ਸਾਬਕਾ ਵਿਧਾਇਕ ਨਫ਼ੇ ਸਿੰਘ ਰਾਠੀ ਦਾ ਗੋਲੀਆਂ ਮਰ ਕੇ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ‘ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਉਨ੍ਹਾਂ ਦੀ ਗੱਡੀ ‘ਤੇ ਝੱਜਰ ‘ਚ ਬਰਾਹੀ ਫਾਟਕ ਨੇੜੇ ਫਾਇਰਿੰਗ ਕੀਤੀ ਗਈ ਸੀ। ਇਸ ਹਮਲੇ ਦੌਰਾਨ 3 ਸੁਰੱਖਿਆ ਕਰਮੀਆਂ ਦੇ ਵੀ ਗੋਲੀਆਂ ਲੱਗੀਆਂ। ਜਿਨ੍ਹਾਂ ‘ਚੋ ਇੱਕ ਸੁਰੱਖਿਆ ਕਰਮੀ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਹਮਲਾਵਰ ਕਾਰ ‘ਤੇ ਸਵਾਰ ਹੋ ਕੇ ਆਏ ਸਨ। ਜਿਨ੍ਹਾਂ ਨੇ ਹਮਲਾ ਕੀਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਸਾਬਕਾ ਵਿਧਾਇਕ ਨੂੰ ਸ਼ਹਿਰ ਦੇ ਬ੍ਰਹਮਾਸ਼ਕਤੀ ਸੰਜੀਵਨੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨਿਆ ਗਿਆ। ਉਨ੍ਹਾਂ ਦੀ ਕਾਰ ਦੀਆਂ ਖਿੜਕੀਆਂ ‘ਤੇ ਵੀ ਕਈ ਗੋਲੀਆਂ ਦੇ ਨਿਸ਼ਾਨ ਹਨ। ਅੰਨ੍ਹੇਵਾਹ ਗੋਲੀਬਾਰੀ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਫਿਲਹਾਲ ਜਿਸ ਥਾਂ ‘ਤੇ ਹਮਲਾ ਹੋਇਆ ਹੈ ਉਸ ਦੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਦੱਸ ਦੇਈਏ ਕਿ ਨਫੇ ਸਿੰਘ ਰਾਠੀ ਇਨੈਲੋ ਦੇ ਸੂਬਾ ਪ੍ਰਧਾਨ ਹਨ ਅਤੇ ਉਹ ਖੁਦ ਵੀ ਬਹਾਦਰਗੜ੍ਹ ਤੋਂ ਇਨੈਲੋ ਦੇ ਵਿਧਾਇਕ ਰਹਿ ਚੁੱਕੇ ਹਨ। ਜਗਦੀਸ਼ ਨੰਬਰਦਾਰ ਦੀ ਖੁਦਕੁਸ਼ੀ ਮਾਮਲੇ ‘ਚ ਸਾਬਕਾ ਵਿਧਾਇਕ ਨੈਫੇ ਸਿੰਘ ਰਾਠੀ ਸਮੇਤ 6 ਲੋਕਾਂ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਹਾਲਾਂਕਿ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਵੀ ਕੀਤੀ ਜਾ ਰਹੀ ਸੀ। ਮਾਮਲੇ ਦੀ ਜਾਂਚ ਅਤੇ ਕਾਰਵਾਈ ਕਰਨ ਲਈ ਬਣਾਈ ਗਈ ਐਸਆਈਟੀ ਦੇ ਮੁਖੀ ਏਐਸਪੀ ਅਮਿਤ ਯਸ਼ਵਰਧਨ ਨੇ ਕਿਹਾ ਕਿ ਸਾਰੇ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁੱਖ ਦੋਸ਼ੀ ਨੈਫੇ ਸਿੰਘ ਰਾਠੀ ਦੇ ਖਿਲਾਫ ਲੁੱਕਆਊਟ ਸਰਕੂਲਰ ਵੀ ਜਾਰੀ ਕੀਤਾ ਗਿਆ ਸੀ ਤਾਂ ਜੋ ਦੋਸ਼ੀ ਦੇਸ਼ ਛੱਡ ਕੇ ਨਾ ਜਾ ਸਕੇ। ਐਸਆਈ ਅਸ਼ਵਨੀ ਨੂੰ ਵੀ ਪੁਲਿਸ ਵਿਭਾਗ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।



