ਸੁਖਬੀਰ ਬਾਦਲ ਨੇ ਪੰਜਾਬੀਆਂ ਨੂੰ 1 ਫਰਵਰੀ ਤੋਂ ਸ਼ੁਰੂ ਹੋ ਰਹੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਦੀ ਡਟਵੀਂ ਹਮਾਇਤ ਕਰਨ ਦੀ ਅਪੀਲ
ਪਾਰਟੀ ਛੱਡ ਕੇ ਗਏ ਆਗੂਆਂ ਨੂੰ ਪਰਤਣ ਦੀ ਕੀਤੀ ਅਪੀਲ
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਅਤੇ ਇਸਦੇ ਲੋਕਾਂ ਨੂੰ ਬਚਾਉਣ ਲਈ 1 ਫਰਵਰੀ ਤੋਂ ਸ਼ੁਰੂ ਕੀਤੀ ਜਾ ਰਹੀ ਪੰਜਾਬ ਬਚਾਓ ਯਾਤਰਾ ਦੀ ਦਿਲੋਂ ਤੇ ਡਟਵੀਂ ਹਮਾਇਤ ਕਰਨ।
ਇਥੇ ਇਤਿਹਾਸਕ ਮਾਘੀ ਮੇਲੇ ’ਤੇ ਵਿਸ਼ਾਲ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਆਮ ਆਦਮੀ ਪਾਰਟੀ ਅਤੇ ਇਸ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਤੋਂ ਬਚਾਉਣਾ ਹੈ, ਜਿਸਨੇ ਸੂਬੇ ਨੂੰ ਕੰਗਾਲ ਕਰ ਦਿੱਤਾ ਤੇ ਅਰਥਚਾਰਾ ਤਬਾਹ ਕਰ ਦਿੱਤਾ ਅਤੇ ਸਮਾਜ ਦੇ ਹਰ ਵਰਗ ਨਾਲ ਧੋਖਾ ਕਰ ਕੇ ਹਰ ਮੁਹਾਜ਼ ’ਤੇ ਸਰਕਾਰ ਫੇਲ੍ਹ ਸਾਬਤ ਹੋਈ ਹੈ।
ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪ-ਕਾਂਗਰਸ ਗਠਜੋੜ ਜੋ ਅਗਲੀਆਂ ਸੰਸਦੀ ਚੋਣਾਂ ਦੇ ਸੰਬੰਧ ਵਿਚ ਛੇਤੀ ਹੀ ਬਣਨ ਜਾ ਰਿਹਾ ਹੈ, ਨੂੰ ਵੀ ਨਕਾਰਨ।
ਸ.ਸੁਖਬੀਰ ਸਿੰਘ ਬਾਦਲ ਨੇ ਕਿਸੇ ਨਾ ਕਿਸੇ ਕਾਰਨ ਆਪਣੀ ਮਾਂ ਪਾਰਟੀ ਛੱਡ ਕੇ ਗਏ ਅਕਾਲੀ ਆਗੂਆਂ ਨੂੰ ਮੁੜ ਪਾਰਟੀ ਵਿਚ ਪਰਤਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਸਾਡੇ ਸੂਬੇ ’ਤੇ ਕਾਂਗਰਸ ਤੇ ਆਪ ਦੋਵਾਂ ਨੇ ਹਮਲਾ ਕੀਤਾ ਹੈ ਜੋ ਮੌਜੂਦਾ ਹਾਲਾਤਾਂ ਲਈ ਸਾਂਝੇ ਤੌਰ ’ਤੇ ਜ਼ਿੰਮੇਵਾਰ ਹਨ। ਉਨਾਂ ਕਿਹਾ ਕਿ ਸਾਨੂੰ ਇਸ ਅਪਵਿੱਤਰ ਗਠਜੋੜ ਨੂੰ ਹਰਾਉਣਾ ਪਵੇਗਾ ਤਾਂ ਜੋ ਪੰਜਾਬ ਜਿੱਤ ਜਾਵੇ। ਉਨਾਂ ਕਿਹਾ ਕਿ ਇਕ ਖੇਤਰੀ ਪਾਰਟੀ ਹੋਣ ਦੇ ਕਾਰਨ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਹੈ ਜਿਸਦਾ ਇਕਲੌਤਾ ਮਕਸਦ ਪੰਜਾਬੀਆਂ ਦੀ ਭਲਾਈ ਦੀ ਰਾਖੀ ਕਰਨਾ ਅਤੇ ਉਨਾਂ ਦੇ ਹੱਕਾਂ ਲਈ ਲੜ ਕੇ ਸੂਬੇ ਨੂੰ ਅੱਗੇ ਲਿਜਾਣਾ ਹੈ। ਇਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਸੁਖਬੀਰ ਬਾਦਲ ਨੇ ਪੰਜਾਬੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਕਾਂਗਰਸ ਤੇ ਆਪ ਦੋਵਾਂ ਦਾ ਅਸਲੀ ਕਿਰਦਾਰ ਪਛਾਨਣ। ਉਹਨਾਂ ਕਿਹਾ ਕਿ ਕਾਂਗਰਸ ਨੇ 1984 ਵਿਚ ਸ੍ਰੀ ਦਰਬਾਰ ਸਾਹਿਬ ’ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕੀਤਾ ਤੇ ਦਿੱਲੀ ਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਸਿੱਖਾਂ ਦਾ ਕਤਲੇਆਮ ਕਰਵਾਇਆ। ਉਹਨਾਂ ਕਿਹਾ ਕਿ ਇਸੇ ਤਰੀਕੇ ਆਪ ਸਰਕਾਰ ਨੇ ਸੁਲਤਾਨਪੁਰ ਲੋਧੀ ਵਿਚ ਗੁਰਦੁਆਰਾ ਸ੍ਰੀ ਅਕਾਲ ਬੁੰਗਾ ’ਤੇ ਹਮਲਾ ਕਰਵਾਇਆ। ਉਹਨਾਂ ਕਿਹਾ ਕਿ ਦੋਵੇਂ ਪਾਰਟੀਆਂ ਪੰਜਾਬ ਵਿਰੋਧੀ ਹਨ ਤੇ ਉਹ ਰਲ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ’ਤੇ ਲੱਗੀਆਂ ਹਨ ਕਿਉਂਕਿ ਉਹ ਜਾਣਦੇ ਹਨ ਕਿ ਸਿਰਫ ਅਕਾਲੀ ਦਲ ਹੀ ਉਹਨਾਂ ਦੇ ਮਾੜੇ ਮਨਸੂਬਿਆਂ ਦੇ ਰਾਹ ਵਿਚ ਅੜਿਕਾ ਹੈ।
ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ’ਤੇ ਸਿੱਧਾ ਹਮਲਾ ਬੋਲਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਤੁਸੀਂ ਅਜਿਹੇ ਮੁੱਖ ਮੰਤਰੀ ’ਤੇ ਕਿਵੇਂ ਭਰੋਸਾ ਕਰ ਸਕਦੇ ਹੋ? ਜਿਸਨੂੰ ਸ਼ਰਾਬੀ ਹੋਣ ਕਾਰਨ ਫਰੈਂਕਫਰਟ ਵਿਚ ਹਵਾਈ ਜਹਾਜ਼ ਵਿਚੋਂ ਲਾਹ ਦਿੱਤਾ ਗਿਆ। ਉਹਨਾਂ ਕਿਹਾ ਕਿ ਸ੍ਰੀ ਭਗਵੰਤ ਮਾਨ ਬਤੌਰ ਗ੍ਰਹਿ ਮੰਤਰੀ ਵੀ ਫੇਲ੍ਹ ਹਨ ਕਿਉਂਕਿ ਉਹਨਾਂ ਦੇ ਵਿਧਾਇਕ ਨਸ਼ਾ ਤਸਕਰਾਂ ਤੋਂ ਮਹੀਨੇ ਲੈ ਰਹੇ ਹਨ ਤੇ ਪੁਲਿਸ ਨੂੰ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਨ ਤੋਂ ਰੋਕ ਰਹੇ ਹਨ।
ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਸੂਬੇ ਵਿਚੋਂ ਇੰਡਸਟਰੀ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਵੱਲ ਜਾ ਰਹੀ ਹੈ ਕਿਉਂਕਿ ਮੁੱਖ ਮੰਤਰੀ ਸੂਬੇ ਵਿਚ ਕਾਨੂੰਨ ਵਿਵਸਥਾ ਕਾਇਮ ਰੱਖਣ ਵਿਚ ਨਾਕਾਮ ਸਾਬਤ ਹੋਏ ਹਨ।
ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਗੱਦਾਰਾਂ ਦੀ ਪਛਾਣ ਕਰਨ ਜੋ ਪੰਥ ਦੇ ਏਕੇ ਦੇ ਰਾਹ ਵਿਚ ਰੁਕਾਵਟ ਬਣ ਰਹੇ ਹਨ। ਉਹਨਾਂ ਕਿਹਾ ਕਿ ਅਜਿਹੀਆਂ ਤਾਕਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸਾਫ ਦਿਲ ਨਾਲ ਮੰਗੀ ਮੁਆਫੀ ਤੋਂ ਪ੍ਰੇਸ਼ਾਨ ਹੋ ਗਏਹਨ। ਉਹਨਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਪੰਥ ਨੂੰ ਮਜ਼ਬੂਤ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆ ਰਹੀਆਂ ਚੋਣਾਂ ਲਈ ਵੋਟਾਂ ਰਜਿਸਟਰ ਕਰਵਾਉਣ।
ਇਸ ਮੌਕੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ,ਸਿਕੰਦਰ ਸਿੰਘ ਮਲੂਕਾ ਅਤੇ ਡਾ.ਦਲਜੀਤ ਸਿੰਘ ਚੀਮਾ ਨੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਵਿਚ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਪਾਏ ਯੋਗਦਾਨਅਤੇ ਨਾਲ ਹੀ ਕਰਵਾਏ ਅਣਕਿਆਸੇ ਵਿਕਾਸ ਤੇ ਨਿਵੇਕਲੀਆਂ ਸਮਾਜ ਭਲਾਈ ਸਕੀਮਾਂ ਤੇ ਲਾਭਾਂ ਦਾ ਜ਼ਿਕਰ ਵੀ ਕੀਤਾ। ਇਹਨਾਂ ਆਗੂਆਂ ਨੇ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਸਰਦਾਰ ਬਾਦਲ ਦੇ ਦਰਸਾਏ ਰਾਹ ’ਤੇ ਚਲ ਰਹੇ ਹਨ ਤੇ ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਮੁੜ ਤੋਂ ਸ਼ਾਂਤੀ ਤੇ ਖੁਸ਼ਹਾਲੀ ਦੇ ਰਾਹ ’ਤੇ ਲਿਆਉਣ ਵਾਸਤੇ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਹਮਾਇਤ ਕਰਨ।
ਇਸ ਮੌਕੇ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਹਰਗੋਬਿੰਦ ਕੌਰ, ਸੀਨੀਅਰ ਆਗੂ ਕੰਵਰਜੀਤ ਸਿੰਘ ਬਰਕੰਦੀ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਪ੍ਰੀਤਇੰਦਰ ਸਿੰਘ ਸੰਮੇਵਾਲੀ ਨੇ ਵੀ ਸੰਬੋਧਨ ਕੀਤਾ।



