ਨਵਜੋਤ ਸਿੱਧੂ ਤੇ ਰਾਜਾ ਵੜਿੰਗ ਇੱਕ ਦੂਜੇ ਨੂੰ ਸ਼ਬਦਾਂ ਰਾਹੀਂ ਲੈ ਰਹੇ ਨੇ ਨਿਸ਼ਾਨੇ ਤੇ
ਪੰਜਾਬ ਕਾਂਗਰਸ ਵਿੱਚ ਹੁਣ ਫਿਰ ਧੜੇਬੰਦੀ ਲਗਾਤਾਰ ਵਧਦੀ ਜਾ ਰਹੀ। ਕਾਂਗਰਸ ਦੇ ਸੀਨੀਅਰ ਆਗੂਆਂ ਵਿਚਕਾਰ ਸ਼ਬਦੀ ਜੰਗ ਲਗਾਤਾਰ ਤੇਜ਼ੀ ਫੜ ਰਹੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸੀ ਆਗੂਆਂ ਦੀ ਸ਼ਬਦੀ ਜੰਗ ਕਿਹੜਾ ਰੂਪ ਲੈਂਦੀ ਹੈ ਇਹ ਵੇਖਣਾ ਹੋਵੇਗਾ ਪਰ ਫਿਲਹਾਲ ਨਵਜੋਤ ਸਿੱਧੂ ਸੂਬਾ ਪ੍ਰਧਾਨ ਤੇ ਹਾਵੀ ਨਜ਼ਰ ਆ ਰਹੇ ਹਨ। ਉਹਨਾਂ ਵੱਲੋਂ ਲਗਾਤਾਰ ਆਪਣੇ ਪੱਧਰ ਤੇ ਪੰਜਾਬ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਜਿਨਾਂ ਵਿੱਚ ਉਹ ਸਿੱਧਾ ਨਿਸ਼ਾਨਾ ਆਪਣੇ ਹੀ ਆਗੂਆਂ ਤੇ ਲਾਉਂਦੇ ਸੁਣੇ ਜਾ ਸਕਦੇ ਹਨ। ਜਦੋਂ ਤੋਂ ਰਾਜਾ ਵੜਿੰਗ ਪ੍ਰਧਾਨ ਬਣੇ ਹਨ ਉਦੋਂ ਤੋਂ ਬੇਸ਼ੱਕ ਉਹਨਾਂ ਵੱਲੋਂ ਕਈ ਆਗੂਆਂ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਪਰ ਹੁਣ ਵੇਖਣਾ ਹੋਵੇਗਾ ਕਿ ਨਵਜੋਤ ਸਿੱਧੂ ਦੇ ਖਿਲਾਫ ਕਾਰਵਾਈ ਹੁੰਦੀ ਹੈ ਜਾਂ ਨਹੀਂ।ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਆਪਣੇ ਪੱਧਰ ‘ਤੇ ਕੀਤੀਆਂ ਜਾ ਰਹੀਆਂ ਰੈਲੀਆਂ ਨੂੰ ਲੈ ਕੇ ਪਹਿਲੀ ਵਾਰ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਖੁੱਲ੍ਹ ਕੇ ਨਾਰਾਜ਼ਗੀ ਪ੍ਰਗਟਾਈ ਹੈ। ਰਾਜਾ ਵੜਿੰਗ ਨੇ ਸਿੱਧੂ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਕਿਸੇ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ।ਰਾਜਾ ਵੜਿੰਗ ਨੇ ਇਹ ਚਿਤਾਵਨੀ ਉਦੋਂ ਦਿੱਤੀ ਜਦੋਂ ਕਾਂਗਰਸ ਦੇ ਨਵੇਂ ਸੂਬਾ ਇੰਚਾਰਜ ਦੇਵੇਂਦਰ ਯਾਦਵ ਪਾਰਟੀ ਦੇ ਕੰਮਕਾਜ ਦੀ ਨਿਗਰਾਨੀ ਲਈ ਪਿਛਲੇ ਤਿੰਨ ਦਿਨਾਂ ਤੋਂ ਪੰਜਾਬ ਵਿੱਚ ਹਨ ਅਤੇ ਪਿਛਲੇ ਦੋ ਦਿਨਾਂ ਤੋਂ ਪਾਰਟੀ ਆਗੂ ਸਿੱਧੂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਮੰਗ ਕਰ ਰਹੇ ਹਨ। ਪਰ ਹਾਈ ਕਮਾਨ ਹੁਣ ਕੀ ਕਰੂਗੀ ਇਹ ਵੇਖਣਾ ਹੋਵੇਗਾ।