ਪੰਜਾਬ ਦਾ ਕੁਰਬਾਨੀਆਂ ਭਰਿਆ ਇਤਿਹਾਸ ਕਿਸੇ ਇੱਕ ਝਾਂਕੀ ਦਾ ਮੋਹਤਾਜ ਨਹੀਂ ਹੈ-ਜਾਖੜ
ਵੈਸੇ ਕੇਜਰੀਵਾਲ ਤੇ ਭਗਵੰਤ ਮਾਨ ਦੀਆਂ ਤਸਵੀਰਾਂ ਕਾਰਨ ਝਾਕੀ ਰੋਕੀ-ਕੇਂਦਰ ਨੇ ਪੰਜਾਬ ਦੀ ਝਾਂਕੀ ਨਹੀਂ ਰੋਕੀ,ਪੰਜਾਬ ਦਾ ਜਲੂਸ ਨਿਕਲਣ ਤੋਂ ਰੋਕਿਆ
ਚੰਡੀਗੜ੍ਹ, 28 ਦਸੰਬਰ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਕਿ 26 ਜਨਵਰੀ ਨੂੰ ਦਿੱਲੀ ਦੀ ਪਰੇਡ ਵਿੱਚ ਪੰਜਾਬ ਦੀ ਝਾਂਕੀ ਨੂੰ ਸ਼ਾਮਲ ਨਾ ਕਰਨ ਦਾ ਕਾਰਨ ਇਹ ਹੈ ਕਿ ਪ੍ਰਸਤਾਵਿਤ ਝਾਕੀ ਵਿੱਚ ਸਾਰੇ ਪ੍ਰੋਟੋਕੋਲ ਨੂੰ ਦਰਕਿਨਾਰ ਕਰਦੇ ਹੋਏ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਤਸਵੀਰ ਲੱਗੀ ਹੋਈ ਸੀ। ਜਿਸ ਕਾਰਨ ਝਾਕੀ ਰੋਕ ਦਿੱਤੀ ਗਈ। ਉਨ੍ਹਾਂ ਸਪਸ਼ਟ ਕੀਤਾ ਕਿ ਇੱਕ ਵਾਰ ਮੈਂ ਵੀ ਇਸ ਗੱਲੋਂ ਭੰਬਲਭੂਸੇ ਵਿੱਚ ਸੀ ਕਿ ਪੰਜਾਬ ਦੀ ਝਾਂਕੀ ਨੂੰ ਕੌਮੀ ਗਣਤੰਤਰ ਦਿਵਸ ਪਰੇਡ ਵਿੱਚ ਥਾਂ ਕਿਉਂ ਨਹੀਂ ਦਿੱਤੀ ਗਈ। ਪਰ ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਇਸ ਸੰਦਰਭ ਵਿੱਚ ਕਈ ਤੱਥ ਸਾਹਮਣੇ ਆਏ। ਸਭ ਤੋਂ ਪਹਿਲਾਂ ਕਿਸੇ ਦੇ ਅਕਸ ਨੂੰ ਚਮਕਾਉਣ ਦੀ ਰਾਜਨੀਤੀ ਸੀ, ਜੋ ਰਾਸ਼ਟਰੀ ਦਿਵਸ ਦੇ ਸੰਦਰਭ ਵਿੱਚ ਪ੍ਰੋਟੋਕੋਲ ਦੇ ਦਾਇਰੇ ਤੋਂ ਬਾਹਰ ਸੀ। ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਇਨ੍ਹਾਂ ਦੋਹਾਂ ਲੋਕਾਂ ਦੀ ਆਪਣਾ ਚਿਹਰਾ ਦਿਖਾਉਣ ਦੀ ਭੁੱਖ ਮਿਟਾਉਣ ਲਈ ਉਹ ਕੇਂਦਰ ਨੂੰ ਬੇਨਤੀ ਕਰਦੇ ਹਨ ਕਿ ਇਨ੍ਹਾਂ ਦੋਵਾਂ ਨੂੰ ਪੈਦਲ ਮਾਰਚ ਦੀ ਆਗਿਆ ਦਿੱਤੀ ਜਾਵੇ। ਸ਼੍ਰੀ ਜਾਖੜ ਨੇ ਕਿਹਾ ਕਿ ਇੰਨਾਂ ਦੋਹਾਂ ਦੀ ਫੋਟੋਬਾਜੀ ਦੀ ਲਤ ਦੀਆਂ ਕਈ ਕਹਾਣੀਆਂ ਪੰਜਾਬ ਵਿਚ ਪ੍ਰਚਲਿਤ ਹਨ। ਸਭ ਤੋਂ ਪਹਿਲਾਂ, ਹਰ ਕੋਈ ਉਸ ਆਈਏਐਸ ਅਫਸਰ ਦੀ ਮੁਅੱਤਲੀ ਦੀ ਕਹਾਣੀ ਜਾਣਦਾ ਹੈ ਜਿਸ ਨੇ 10 ਕਰੋੜ ਰੁਪਏ ਦੇ ਪ੍ਰੋਜੈਕਟ ਦੇ ਪ੍ਰਚਾਰ ‘ਤੇ 35 ਕਰੋੜ ਰੁਪਏ ਖਰਚਣ ਦੀ ਇਜਾਜ਼ਤ ਨਹੀਂ ਦਿੱਤੀ।
ਝਾਂਕੀ ਨੂੰ ਲੈ ਕੇ ਨਵਾਂ ਵਿਵਾਦ ਖੜਾ ਕਰਕੇ ਉਨ੍ਹਾਂ ਨੇ ਆਪਣੀ ਝੂਠ ਆਧਾਰਤ ਕਾਰਜਪ੍ਰਣਾਲੀ ਅਤੇ ਗੁੰਮਰਾਹਕੁੰਨਤਾ ਵਿੱਚ ਨਿਰੰਤਰਤਾ ਦੀ ਰਾਜਨੀਤੀ ਦਾ ਸਬੂਤ ਦਿੱਤਾ ਪਰ ਉਹ ਇਹ ਭੁੱਲ ਗਏ ਕਿ ਉਨ੍ਹਾਂ ਵੱਲੋਂ ਪ੍ਰਸਤਾਵਿਤ ਝਾਂਕੀ ਨੂੰ ਰੋਕ ਕੇ ਕੇਂਦਰ ਨੇ ਪੰਜਾਬ ਦਾ ਜਲੂਸ ਨਿਕਲਣ ਤੋਂ ਬਚਾਇਆ ਹੈ। ਸ੍ਰੀ ਜਾਖੜ ਨੇ ਕਿਹਾ ਕਿ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਹਰ ਸਾਲ ਗਣਤੰਤਰ ਦਿਵਸ ਦੀ ਪਰੇਡ ਵਿੱਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਝਾਂਕੀ ਸ਼ਾਮਲ ਨਹੀਂ ਕੀਤੀ ਜਾਂਦੀ। ਇਸੇ ਤਰ੍ਹਾਂ, ਕਿਹੜੀ ਝਾਂਕੀ ਦਾ ਵਿਸ਼ਾ ਅਤੇ ਕੀ ਉਹ ਥੀਮ ਪਹਿਲਾਂ ਤੋਂ ਹੋ ਚੁੱਕੀਆਂ ਝਾਕੀਆਂ ਨਾਲ ਮੇਲ ਖਾਂਦਾ ਹੈ, ਜਾ ਨਹੀਂ ਇਹ ਵੀ ਮਾਪਦੰਡ ਹੈ।
ਐਸਵਾਈਐਲ ਬਾਰੇ ਕੇਂਦਰ ਵਿੱਚ ਹੋਣ ਵਾਲੀ ਮੀਟਿੰਗ ਸਬੰਧੀ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਪਾਣੀ ਦੀ ਇਕ ਬੂੰਦ ਵੀ ਨਹੀਂ ਹੈ, ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਸਾਰੀਆਂ ਧਿਰਾਂ ਆਪਣੇ ਵਿਚਾਰ ਪੇਸ਼ ਕਰਨਗੀਆਂ ਪਰ ਦੇਖਣਾ ਇਹ ਹੋਵੇਗਾ ਕਿ ਸਾਡੇ ਮੁੱਖ ਮੰਤਰੀ ਕੀ ਪੰਜਾਬ ਦਾ ਸਹੀ ਪੱਖ ਪੇਸ਼ ਕਰ ਸਕਣਗੇ। ਕੀ ਉਹ ਪਾਣੀ ਦੀ ਇੱਕ ਵੀ ਬੂੰਦ ਨਾ ਦੇਣ ਵਾਲੇ ਬਿਆਨਾਂ ‘ਤੇ ਅੜੇ ਰਹਿਣਗੇ ਜਾਂ ਬੰਦ ਕਮਰਾ ਮੀਟਿੰਗ ‘ਚ ਪੰਜਾਬ ਦੇ ਹਿੱਤਾਂ ਦੀ ਸਪੁਰਦਦਾਰੀ ਕਿਸੇ ਹੋਰ ਦੇ ਹਵਾਲੇ ਕਰ ਆਉਣਗੇ।