ਲਰਨ ਐਂਡ ਗ੍ਰੋਅ ਪ੍ਰੋਗਰਾਮ ਤਹਿਤ ਖੁੱਬਣ ਵਿਖੇ ਵਿਦਿਆਰਥੀਆਂ ਨਾਲ ਡੀਪੀਆਰਓ ਬਰਾੜ ਵੱਲੋਂ ਕੀਤਾ ਗਿਆ ਸੰਵਾਦ
ਅਬੋਹਰ 13 ਦਸੰਬਰ।ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ.ਸੇਨੂ ਦੁੱਗਲ ਵੱਲੋਂ ਸ਼ੁਰੂ ਕੀਤੇ ਲਰਨ ਐਂਡ ਗਰੋਅ ਪ੍ਰੋਗਰਾਮ ਤਹਿਤ ਅੱਜ ਫਾਜ਼ਿਲਕਾ ਦੇ ਜ਼ਿਲ੍ਹਾ ਲੋਕ ਸੰਪਰਕ ਅਫਸਰ ਭੁਪਿੰਦਰ ਸਿੰਘ ਬਰਾੜ ਨੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਖੁੱਬਣ ਵਿਖੇ ਵਿਦਿਆਰਥੀਆਂ ਨਾਲ ਸੰਵਾਦ ਕੀਤਾ ਅਤੇ ਉਨਾਂ ਨੂੰ ਚੰਗੇ ਭਵਿੱਖ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਫੂਲਵੰਤੀ ਨੇ ਇਸ ਪ੍ਰੋਗਰਾਮ ਦੇ ਮਹੱਤਵ ਬਾਰੇ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ।ਜ਼ਿਲ੍ਹਾ ਲੋਕ ਸੰਪਰਕ ਅਫਸਰ ਭੁਪਿੰਦਰ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਨਿਸ਼ਾਨਾ ਮਿੱਥ ਕੇ ਉਸਦੀ ਪ੍ਰਾਪਤੀ ਲਈ ਸਖਤ ਮਿਹਨਤ ਨਾਲ ਅਨੁਸ਼ਾਸਨ ਵਿੱਚ ਰਹਿੰਦੇ ਹੋਏ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਜ਼ਿਲ੍ਹਾ ਲੋਕ ਸੰਪਰਕ ਅਫਸਰ ਨੇ ਵਿਦਿਆਰਥੀਆਂ ਨੂੰ ਸਰਕਾਰ ਦੀਆਂ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ ਲਈ ਸ਼ੁਰੂ ਕੀਤੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਉਨਾਂ ਨੂੰ ਸਰਕਾਰ ਦੀਆਂ ਆਨਲਾਈਨ ਸਕੀਮਾਂ ਅਤੇ ਘਰ ਬੈਠੇ ਸਰਕਾਰੀ ਸਕੀਮਾਂ ਦੇ ਲਾਭ ਲੈਣ ਬਾਰੇ ਵੀ ਜਾਗਰੂਕ ਕੀਤਾ ਤਾਂ ਜੋ ਇਹ ਵਿਦਿਆਰਥੀ ਜਦੋਂ ਸਮਾਜ ਵਿੱਚ ਇੱਕ ਨਾਗਰਿਕ ਵਜੋਂ ਵਿਚਰਨ ਤਾਂ ਉਹ ਸਰਕਾਰ ਦੀਆਂ ਸਕੀਮਾਂ ਦਾ ਪ੍ਰਭਾਵੀ ਤਰੀਕੇ ਨਾਲ ਲਾਭ ਲੈ ਸਕਣ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਿਯਮਿਤ ਤੌਰ ਤੇ ਕਿਤਾਬਾਂ ਅਤੇ ਅਖਬਾਰ ਪੜਨ ਲਈ ਵੀ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਕਿਤਾਬਾਂ ਸਾਡੀਆਂ ਸੱਚੀਆਂ ਦੋਸਤ ਹਨ ਅਤੇ ਇਹ ਜੀਵਨ ਜਾਂਚ ਸਿਖਾਉਣ ਵਿੱਚ ਮਨੁੱਖ ਦੀ ਮਦਦ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਇੱਕ ਟੀਚਾ ਮਿੱਥ ਕੇ ਉਸ ਟੀਚੇ ਦੀ ਪ੍ਰਾਪਤੀ ਲਈ ਸਖਤ ਮਿਹਨਤ ਕਰੀਏ ਅਤੇ ਉੱਚ ਮੁਕਾਮ ਹਾਸਲ ਕਰਕੇ ਆਪਣੇ ਮਾਤਾ ਪਿਤਾ, ਅਧਿਆਪਕ ਅਤੇ ਦੇਸ਼ ਦਾ ਨਾਮ ਰੌਸ਼ਨ ਕਰੀਏ। ਉਨ੍ਹਾਂ ਕਿਹਾ ਕਿ ਪੜ੍ਹਾਈ ਹੀ ਇੱਕ ਅਜਿਹੀ ਚੀਜ ਹੈ ਜੋ ਸਾਡੇ ਨਾਲ ਕੋਈ ਵੰਡ ਨਹੀਂ ਸਕਦਾ ਤੇ ਇਸ ਦੀ ਮਦਦ ਨਾਲ ਅਸੀਂ ਅਹੁਦੇ ਵੀ ਪ੍ਰਾਪਤ ਕਰ ਸਕਦੇ ਹਾਂ ਅਤੇ ਆਪਣੀ ਆਰਥਿਕ ਸਥਿਤੀ ਵੀ ਮਜਬੂਤ ਬਣਾ ਸਕਦੇ ਹਾਂ। ਉਨਾਂ ਵਿਦਿਆਰਥੀਆਂ ਨਾਲ ਜੀਵਨ ਵਿੱਚ ਸਫਲ ਹੋਣ ਦੇ ਨੁਕਤੇ ਸਾਂਝੇ ਕੀਤੇ।