ਸਰਕਾਰ ਵਲੋ ਪ੍ਰਚਾਰੀ ਤੇ ਕਿਸਾਨਾਂ ਵੱਲੋਂ ਉਡੀਕੀ ਜਾ ਰਹੀ ਕਿਸਾਨ ਨੀਤੀ ਕਿੱਥੇ ਹੈ ? ਜਾਖੜ ਦਾ ਮੁੱਖ ਮੰਤਰੀ ਨੂੰ ਸਵਾਲ
ਚੰਡੀਗੜ 10 ਨਵੰਬਰ
ਭਾਜਪਾ ਦੇ ਸੂਬਾ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਨੇ ਮੁੱਖ ਮੰਤਰੀ ਤੋਂ ਸਵਾਲ ਪੁੱਛਿਆ ਹੈ ਕਿ ਚਿਰਾਂ ਤੋਂ ਕਿਸਾਨਾਂ ਵੱਲੋਂ ਉਡੀਕੀ ਜਾ ਰਹੀ ਤੇ ਸਰਕਾਰ ਵੱਲੋਂ ਪ੍ਰਚਾਰੀ ਜਾ ਰਹੀ ਖੇਤੀ ਨੀਤੀ ਕਿੱਥੇ ਹੈ ਤੇ ਕਦੋਂ ਲਾਗੂ ਹੋਵੇਗੀ? ਉਨਾਂ ਪਰਾਲੀ ਪ੍ਰਬੰਧਾਂ ਵਿੱਚ ਨਕਾਮ ਰਹਿਣ ਵਾਲੀ ਭਗਵੰਤ ਮਾਨ ਸਰਕਾਰ ਦੇ ਉਨਾਂ ਦਾਅਵਿਆਂ ਨੂੰ ਖਾਰਜ ਕੀਤਾ ਜਿਨਾਂ ਵਿੱਚ ਸਰਕਾਰ ਸਬਸਿਡੀ ਤੇ ਮਸ਼ੀਨਾਂ ਦੇਣ ਦੇ ਦਾਅਵੇ ਕਰ ਰਹੀ ਹੈ ਜਦੋਂ ਕਿ ਇਨਾਂ ਮਸ਼ੀਨਾਂ ਤੇ ਕੇਂਦਰ ਸਰਕਾਰ ਨੇ ਕਰੋੜਾਂ ਰੁਪਏ ਖਰਚੇ ਹਨ। ਕਿਸਾਨਾਂ ਨੂੰ ਝੋਨੇ ਦਾ ਬਦਲ ਦੇਣ ਦੀ ਬਜਾਏ ਉਹਨਾਂ ਤੇ ਪਰਚੇ ਕੀਤੇ ਜਾ ਰਹੇ ਹਨ। ਜਾਖੜ ਨੇ ਕਿਹਾ ਕਿ ਸੁਪਰੀਮ ਕੋਰਟ ਵਿੱਚ ਪੰਜਾਬ ਦੇ ਐਡਵੋਕੇਟ ਜਨਰਲ ਵੱਲੋਂ ਗਲਤ ਤੱਥ ਪੇਸ਼ ਕੀਤੇ ਗਏ ਹਨ, ਜਿਸ ਤੋਂ ਸਾਫ ਹੈ ਕਿ ਖੇਤੀ ਮਸਲੇ ਤੇ ਸਰਕਾਰ ਗੰਭੀਰ ਨਹੀਂ ਹੈ।ਜਿਸ ਕਾਰਨ ਕਿਸਾਨਾਂ ਨੂੰ ਨੁਕਸਾਨ ਹੋ ਰਿਹਾ ਹੈ। ਉਹਨਾਂ ਕਿਹਾ ਕਿ ਪਿਛਲੇ ਸਾਲ ਪੰਜਾਬ ਸਰਕਾਰ ਵੱਲੋਂ ਮੂੰਗੀ ਤੇ ਐਮਐਸਪੀ ਦੇਣ ਦੇ ਦਾਅਵੇ ਕੀਤੇ ਗਏ ਪਰ ਐਮਐਸਪੀ ਸਿਰਫ 12 ਫੀਸਦੀ ਕਿਸਾਨਾਂ ਨੂੰ ਮਿਲ ਸਕੀ ਤੇ ਦੂਜੇ ਕਿਸਾਨ ਰੁਲ ਗਏ। ਖੇਤੀ ਵਿਭਿੰਨਤਾ ਤਹਿਤ ਵੀ ਸਰਕਾਰ ਨੇ 3 ਲੱਖ ਹੈਕਟੇਅਰ ਰਕਬੇ ਵਿੱਚ ਨਰਮਾ ਬੀਜਣ ਦਾ ਟੀਚਾ ਮਿਥਿਆ ਸੀ ਜਿਸ ਤਹਿਤ ਸਿਰਫ 1 ਲੱਖ 75 ਹਜਾਰ ਹੈਕਟੇਅਰ ਵਿੱਚ ਹੀ ਨਰਮਾ ਬੀਜਿਆ ਗਿਆ। ਪਰਾਲੀ ਲਈ ਪਿਛਲੇ ਸਾਲ ਦਿੱਲੀ ਨਾਲ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਸਮਝੌਤੇ ਤਹਿਤ 30 ਰੁਪਏ ਵਿੱਚ ਇੱਕ ਏਕੜ ਪਰਾਲੀ ਨੂੰ ਖਾਦ ਬਣਾਉਣ ਲਈ ਡੀ ਕੰਪੋਜ਼ਰ ਦੇਣ ਦਾ ਐਲਾਨ ਕੀਤਾ ਗਿਆ ਪਰ ਕਿਸਾਨਾਂ ਨੂੰ ਡੀ ਕੰਪੋਜਰ ਤਾਂ ਕੀ ਮਿਲਣਾ ਸੀ ਇਸ਼ਤਿਹਾਰਾਂ ਉੱਪਰ 22 ਕਰੋੜ ਖਰਚ ਕਰ ਦਿੱਤੇ ਗਏ। ਨਾ ਪਰਾਲੀ ਦਾ ਹੱਲ ਹੋਇਆ ਤੇ ਨਾ ਹੀ ਕਿਸਾਨਾਂ ਨੂੰ ਡੀਕੰਪੋਜ਼ਰ ਮਿਲਿਆ। ਜਾਖੜ ਨੇ ਕਿਹਾ ਕਿ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਸੰਭਲ ਨਹੀਂ ਰਹੀ ਤੇ ਜੇਲ੍ਹਾਂ ਵਿੱਚੋਂ ਨਸ਼ੇ ਤੇ ਫਰੌਤੀਆਂ ਦਾ ਕਾਰੋਬਾਰ ਚੱਲ ਰਿਹਾ ਹੈ। ਉੱਤੋਂ ਸਰਕਾਰ ਹਰ ਮਸਲੇ ਤੇ ਝੂਠ ਬੋਲ ਰਹੀ ਹੈ। ਕੇਂਦਰ ਸਰਕਾਰ ਵੱਲੋਂ ਦਿੱਤੇ ਗਏ 1370 ਕਰੋੜ ਰੁਪਏ ਨਾਲ ਪੰਜ ਸਾਲਾਂ ਚ ਇਕ ਲੱਖ 17 ਹਜਾਰ ਮਸ਼ੀਨਾਂ ਕਿਸਾਨਾਂ ਨੂੰ ਦਿੱਤੀਆਂ ਗਈਆਂ ਜਿਨਾਂ ਵਿੱਚੋਂ 11475 ਮਸ਼ੀਨਾਂ ਦਾ ਅਤਾ ਪਤਾ ਨਹੀਂ। ਉਹਨਾਂ ਕਿਹਾ ਕਿ ਸਰਕਾਰ ਦੀ ਨੀਅਤ ਵਿੱਚ ਖੋਟ ਹੈ। ਝੂਠ ਬੋਲਣ ਦੀ ਰਿਵਾਇਤ ਪਾਏ ਜਾਣ ਕਾਰਨ ਇਹਨਾਂ ਨੇ ਮੁੱਖ ਮੰਤਰੀ ਦੀ ਕੁਰਸੀ ਦੀ ਭਰੋਸੇਯੋਗਤਾ ਖਤਮ ਕਰ ਦਿੱਤੀ। ਜਾਖੜ ਨੇ ਕਿਹਾ ਕਿ ਅੱਜ ਲੋੜ ਹੈ ਕਿ ਖੇਤੀ ਮਹਿਰਾਂ ਨਾਲ ਸਲਾਹ ਕਰਕੇ ਪਰਾਲੀ ਦੇ ਹੱਲ ਲਈ ਕੋਈ ਲਾਹੇਵੰਦ ਬਦਲ ਲਿਆਂਦਾ ਜਾਵੇ ਜਿਸ ਨਾਲ ਕਿਸਾਨਾਂ ਦਾ ਨੁਕਸਾਨ ਨਾ ਹੋਵੇ।ਪਰ ਉਸ ਲਈ ਸਰਕਾਰ ਨੂੰ ਗੰਭੀਰਤਾ ਦਿਖਾਉਣੀ ਪਵੇਗੀ।।



