ਡਿਪਟੀ ਕਮਿਸ਼ਨਰ-ਸਮੂਹ ਅਧਿਕਾਰੀਆਂ ਸਮੇਤ ਨਿਤਰੇ ਖੇਤਾਂ ਵਿੱਚ ਮੌਕੇ ਤੇ ਜਾ ਕੇ ਬੁਝਵਾਈ ਅੱਗ
ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਪਰਾਲੀ ਦੀ ਰਹਿੰਦ ਖੂੰਹਦ ਨੂੰ ਨਾ ਲਗਾਈ ਜਾਵੇ ਅੱਗ — ਡਿਪਟੀ ਕਮਿਸ਼ਨਰ
ਸ੍ਰੀ ਮੁਕਤਸਰ ਸਾਹਿਬ 3 ਨਵੰਬਰ
ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਖੁਦ ਖੇਤਾਂ ਵਿੱਚ ਜਾ ਕੇ ਕਿਸਾਨਾਂ ਵਲੋਂ ਪਰਾਲੀ ਅਤੇ ਪਰਾਲੀ ਦੀ ਰਹਿੰਦ-ਖੂੰਹਦ ਨੂੰ ਲਗਾਈ ਗਈ ਅੱਗ ਨੂੰ ਬੁਝਾਅ ਰਹੇ ਹਨ ਅਤੇ ਜਿ਼ਲ੍ਹੇ ਦੇ ਦੂਸਰੇ ਅਧਿਕਾਰੀ ਵੀ ਖੁਦ ਪਰਾਲੀ ਜਾਂ ਰਹਿੰਦ ਖੂੰਹਦ ਨੂੰ ਲੱਗੀ ਹੋਈ ਅੱਗ ਨੂੰ ਮੌਕੇ ਤੇ ਜਾ ਕੇ ਬੁਝਾਅ ਰਹੇ ਹਨ।
ਆਪਣੇ ਇਸ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਪਿੰਡ ਮੜ੍ਹਮਲੂ ਦੇ ਇੱਕ ਖੇਤ ਵਿੱਚ ਪਰਾਲੀ ਦੀ ਰਹਿੰਦ-ਖੂੰਹਦ ਨੂੰ ਲੱਗੀ ਅੱਗ ਨੂੰ ਖੁਦ ਜਾ ਕੇ ਬੁਝਾਇਆ।
ਉਹਨਾਂ ਝੋਨਾ-ਅਤੇ ਬਾਸਮਤੀ ਦੇ ਕਾਸਤਕਾਰਾਂ ਨੂੰ ਕਿਹਾ ਕਿ ਪਰਾਲੀ ਜਾਂ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਈ ਜਾਵੇ ਤਾਂ ਜੋ ਵਾਤਾਵਰਣ ਤੇ ਮਾੜਾ ਅਸਰ ਨਾ ਪਵੇ।
ਉਹਨਾਂ ਹਦਾਇਤ ਕੀਤੀ ਕਿ ਜੇਕਰ ਕੋਈ ਕਾਸਤਕਾਰ ਪਰਾਲੀ ਨੂੰ ਅੱਗ ਲਗਾਉਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਸਰਕਾਰੀ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਆਪਣੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਪਿੰਡ ਚੌਂਤਰਾ, ਸੰਗਰਾਣਾ, ਸੱਕਾਂਵਾਲੀ ਅਤੇ ਮੜ੍ਹਮਲੂ ਪਿੰਡਾਂ ਪਰਾਲੀ ਦੇ ਖੇਤਾਂ ਵਿੱਚ ਕੀਤੀ ਜਾ ਰਹੀ ਕਣਕ ਦੀ ਬਿਜਾਈ ਦਾ ਵੀ ਜਾਇਜ਼ਾ ਲਿਆ ਅਤੇ ਸਬੰਧਿਤ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਜਿ਼ਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਤੇ ਅਮਲ ਕਰ ਰਹੇ ਹਨ।
ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਤੇ ਗਿੱਦੜਬਾਹਾ ਦੇ ਐਸ.ਡੀ.ਐਮ. ਸ੍ਰੀਮਤੀ ਬਲਜੀਤ ਕੌਰ ਅਤੇ ਸ੍ਰੀ ਜਸਵੰਤ ਸਿੰਘ ਬੀ.ਡੀ.ਪੀ.ਓ ਮਲੋਟ ਵਲੋਂ ਵੀ ਆਪਣੀ ਟੀਮ ਸਮੇਤ ਖੇਤਾਂ ਵਿੱਚ ਪਹੁੰਚ ਕੇ ਕਿਸਾਨਾਂ ਵਲੋਂ ਪਰਾਲੀ ਨੂੰ ਲਗਾਈ ਹੋਈ ਅੱਗ ਨੂੰ ਬੁਝਾਇਆ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਅੱਗ ਪਰਾਲੀ ਨਾ ਸਾੜਣ ਸਬੰਧੀ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਤੇ ਸ੍ਰੀ ਹਰਿੰਦਰਪਾਲ ਸਿੰਘ ਬੇਦੀ ਨਾਇਬ ਤਹਿਸੀਲਦਾਰ, ਸ੍ਰੀ ਜੋਬਨਦੀਪ ਸਿੰਘ ਏ.ਡੀ.ਓ, ਸ੍ਰੀ ਗੁਰਮੀਤ ਸਿੰਘ ਬੁੜਾ ਗੁਜਰ, ਸ੍ਰੀ ਕੁਲਦੀਪ ਸੰਗਰਾਣਾ ਵੀ ਮੌਜੂਦ ਸਨ।



