ਅਗਾਂਹਵਧੂ ਕਿਸਾਨ ਬਲਵਿੰਦਰ ਸਿੰਘ ਮਲਚਿੰਗ ਤਕਨੀਕ ਨਾਲ ਕਣਕ ਕਰਦਾ ਹੈ ਬਿਜਾਈ ਤੇ ਪਰਾਲੀ ਦਾ ਕਰਦਾ ਹੈ ਖੇਤਾਂ ਵਿੱਚ ਨਿਪਟਾਰਾ
ਫਾਜ਼ਿਲਕਾ 29 ਅਕਤੂਬਰ
ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਵਾਹ ਕੇ ਅਗਲੀ ਫਸਲ ਬੀਜਣ ਲਈ ਕੀਤੇ ਜਾ ਰਹੇ ਸਫਲ ਉਪਰਾਲਿਆਂ ਤਹਿਤ ਕਿਸਾਨਾਂ ਵਲੋਂ ਖੇਤੀਬਾੜੀ ਵਿਭਾਗ ਦੀਆਂ ਨਵੀਆਂ ਤਕਨੀਕਾਂ ਨਾਲ ਖੇਤੀ ਕੀਤੀ ਜਾ ਰਹੀ ਹੈ ਅਤੇ ਵਾਤਾਵਰਣ ਨੂੰ ਪ੍ਰਦੂਸ਼ਨ ਮੁਕਤ ਕਰਨ ਵਿਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਪਰਾਲੀ ਨੂੰ ਅਗ ਨਾ ਲਗਾਉਣ ਵਾਲੇ ਫਾਜ਼ਿਲਕਾ ਦੇ ਪਿੰਡ ਮੁੰਬੇਕੇ ਦੇ ਸਫਲ ਅਗਾਂਹਵਧੂ ਕਿਸਾਨ ਬਲਵਿੰਦਰ ਸਿੰਘ ਬਾਠ ਨੇ ਦੱਸਿਆ ਕਿ ਉਹ ਪਿਛਲੇ 5-6 ਸਾਲਾਂ ਤੋਂ ਪਰਾਲੀ ਨੂੰ ਅਗ ਨਹੀਂ ਲਗਾ ਰਿਹਾ। ਇਸ ਵਾਰ ਵੀ ਉਸਨੇ ਪਰਾਲੀ ਨੂੰ ਅਗ ਨਾ ਲਗਾ ਕੇ ਆਪਣੇ 2 ਏਕੜ ਵਿਚ ਸਰਫੇਸ ਸੀਡਿੰਗ-ਕਮ-ਮਲਚਿੰਗ ਤਕਨੀਕ ਨਾਲ ਪਰਾਲੀ ਦਾ ਕੁਤਰਾ ਕਰਕੇ ਜਮੀਨ ਵਿਚ ਵਾਹ ਕੇ ਕਣਕ ਦੀ ਬਿਜਾਈ ਕੀਤੀ ਹੈ ਜੋ ਕਿ 10 ਕਿਲੇ ਤੱਕ ਇਸ ਤਕਨੀਕ ਨਾਲ ਕੀਤੀ ਜਾਵੇਗੀ।
ਕਿਸਾਨ ਨੇ ਦੱਸਿਆ ਦਿ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਾਜ਼ਿਲਕਾ ਦੀ ਅਗਵਾਈ ਹੇਠ ਪਰਾਲੀ ਨੂੰ ਅਗ ਲਗਾਉਣ ਦੀ ਬਜਾਏ ਇਸ ਨੂੰ ਖਾਦ ਦੇ ਰੂਪ ਵਿਚ ਵਰਤੋਂ ਵਿਚ ਲਿਆਉਣ ਦੇ ਉਪਰਾਲਿਆਂ ਨਾਲ ਉਹ ਕਣਕ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਹੋਇਆ। ਉਸਦਾ ਕਹਿਣਾ ਹੈ ਕਿ ਇਸ ਨਾਲ ਕੀਮਤੀ ਪਾਣੀ ਦੀ ਬਚਤ ਕੀਤੀ ਜਾ ਸਕਦੀ ਹੈ ਅਤੇ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕੀਤਾ ਜਾ ਸਕਦਾ ਹੈ। ਉਸਨੇ ਦੱਸਿਆ ਕਿ ਉਹ ਪਰਾਲੀ ਨੂੰ ਅੱਗ ਨਹੀਂ ਲਗਾਉਂਦਾ ਤੇ ਅਗਲੀ ਫਸਲ ਦੀ ਸਰਫੇਸ ਸੀਡਿੰਗ-ਕਮ-ਮਲਚਿੰਗ ਵਿਧੀ ਨਾਲ ਕਰਦਾ ਹੈ ਜਿਸ ਤੇ ਖਰਚਾ ਵੀ ਘੱਟ ਆਉਂਦਾ ਹੈ ਤੇ ਫਸਲ ਦਾ ਝਾੜ ਵੀ ਵਧਦਾ ਹੈ।
ਕਿਸਾਨ ਨੇ ਕਿਹਾ ਕਿ ਅਜਿਹਾ ਕਰਨ ਨਾਲ ਕਣਕ ਦਾ ਝਾੜ ਵੀ ਜ਼ਿਆਦਾ ਪ੍ਰਾਪਤ ਹੁੰਦਾ ਹੈ ਤੇ ਇਹ ਕਣਕ ਬਰਸਾਤ ਤੇ ਸੋਕੇ ਦੀ ਮਾਰ ਵੀ ਝੱਲ ਸਕਦੀ ਹੈ। ਕਿਸਾਨ ਨੇ ਕਿਹਾ ਕਿ ਫਸਲ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾ ਕੇ ਜਮੀਨ ਵਿੱਚ ਦਬਾ ਕੇ ਫਸਲ ਬੀਜਣ ਨਾਲ ਜਿਥੇ ਉਹ ਧਰਤੀ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਵਿਚ ਸਫਲ ਹੋਇਆ ਹੈ ਉਸ ਦੇ ਨਾਲ-ਨਾਲ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਵਿਚ ਵੀ ਆਪਣਾ ਯੋਗਦਾਨ ਪਾ ਰਿਹਾ ਹੈ।
ਕਿਸਾਨ ਨੇ ਦੱਸਿਆ ਕਿ ਵਿਭਾਗ ਵੱਲੋਂ ਦਸੇ ਅਨੁਸਾਰ ਸਰਫੇਸ ਸੀਡਰ ਰਾਹੀਂ ਮਲਚਿੰਗ ਤਕਨੀਕ ਨਾਲ ਉਸਨੇ ਪ੍ਰਤੀ ਏਕੜ 50 ਕਿਲੋ ਬੀਜ, 60 ਕਿਲੋ ਡੀਏਪੀ ਅਤੇ 25 ਕਿਲੋ ਯੂਰੀਆ ਰਲਾ ਕੇ ਛੱਟਾ ਦਿੱਤਾ ਤੇ ਬਾਅਦ ਵਿੱਚ ਮਲਚਰ ਨਾਲ ਪਰਾਲੀ ਦਾ ਕੁਤਰਾ ਕੀਤਾ ਹੈ ਤੇ ਜੇਕਰ ਕਿਤੇ ਫਿਰ ਵੀ ਕਿਤੇ ਪਰਾਲੀ ਜ਼ਿਆਦਾ ਨਜ਼ਰ ਆਵੇ ਤਾਂ ਉਸ ਨੂੰ ਇੱਕ ਸਾਰ ਕਰ ਦਿੰਦਾ ਹੈ । ਅਜਿਹਾ ਕਰਨ ਨਾਲ ਨਾ ਕੇਵਲ ਪਰਾਲੀ ਜਮੀਨ ਵਿੱਚ ਹੌਲੀ-ਹੌਲੀ ਜਜਬ ਹੋ ਜਾਂਦੀ ਹੈ ਤੇ ਇਸ ਤੇ ਯੂਰੀਆ ਖਾਦ ਦੀ ਵੀ ਘੱਟ ਲੋੜ ਹੁੰਦੀ ਹੈ।
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਕਿਹਾ ਕਿ ਉਹ ਇਸ ਕਿਸਾਨ ਤੋਂ ਪ੍ਰੇਰਨਾ ਲੈ ਕੇ ਮਲਚਿੰਗ ਤਕਨੀਕ ਤੇ ਆਧੁਨਿਕ ਸੰਦਾਂ ਨਾਲ ਪਰਾਲੀ ਨੂੰ ਬਿਨਾਂ ਸਾੜੇ ਕਣਕ ਦੀ ਬਿਜਾਈ ਕਰਨ ਅਜਿਹਾ ਕਰਨ ਨਾਲ ਜਮੀਨ ਦੀ ਉਪਜਾਊ ਸਕਤੀ ਵਧਦੀ ਹੈ ਅਤੇ ਖੇਤੀ ਦੇ ਵਾਧੂ ਖਰਚੇ ਵੀ ਘੱਟਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਇਸ ਸਾਲ ਸਰਫੇਸ ਸੀਡਰ ਨਾਲ ਤੇ ਮਲਚਿੰਗ ਤਕਨੀਕ ਨਾਲ ਵੱਧ ਤੋਂ ਵੱਧ ਕਣਕ ਦੀ ਬਿਜਾਈ ਕਰਨ।