ਪੈਰਿਸ ਓਲੰਪਿਕਸ ਮੁਕਾਬਲੇ ਸਮਾਪਤ; ਅਮਰੀਕਾ 19ਵੀਂ ਵਾਰ ਤੇ ਲਗਾਤਾਰ ਚੋਟੀ ਤੇ
ਧੰਨਵਾਦ ਸਹਿਤ ਖੇਡ ਲੇਖਕ ਨਵਦੀਪ ਗਿੱਲ
ਪੈਰਿਸ ਵਿਖੇ ਓਲੰਪਿਕ ਖੇਡਾਂ ਦੇ ਮੁਕਾਬਲੇ ਸਮਾਪਤ ਹੋ ਗਏ ਹਨ ਅਤੇ ਆਖਰੀ ਮਹਿਲਾ ਬਾਸਕਟਬਾਲ ਦੇ ਗਹਿਗੱਚ ਮੁਕਾਬਲੇ ਵਿੱਚ ਜਿੱਤ ਹਾਸਲ ਕਰਕੇ ਆਪਣੇ 40ਵੇਂ ਗੋਲਡ ਨਾਲ ਅਮਰੀਕਾ ਨੇ ਚੀਨ ਨਾਲ ਬਰਾਬਰ 40-40 ਗੋਲਡ ਮੈਡਲ ਜਿੱਤੇ। ਅਮਰੀਕਾ ਨੇ ਸਿਲਵਰ ਮੈਡਲਾਂ ਦੀ ਗਿਣਤੀ ਸਿਰ ਉੱਤੇ ਓਲੰਪਿਕ ਇਤਿਹਾਸ ਵਿੱਚ 19ਵੀਂ ਵਾਰ ਅਤੇ ਲਗਾਤਾਰ ਚੌਥੀ ਵਾਰ ਮੈਡਲ ਸੂਚੀ ਵਿੱਚ ਸਿਖਰਲਾ ਸਥਾਨ ਮੱਲਿਆ।ਪਹਿਲੇ ਤਿੰਨ ਮੁਲਕਾਂ ਵਿੱਚ 2 ਏਸ਼ੀਅਨ ਅਤੇ ਪਹਿਲੇ ਅੱਠ ਵਿੱਚ 3 ਏਸ਼ੀਅਨ ਮੁਲਕ ਸ਼ਾਮਲ ਹਨ।
ਅਮਰੀਕਾ 40 ਗੋਲਡ, 44 ਸਿਲਵਰ ਅਤੇ 42 ਕਾਂਸੀ ਸਮੇਤ 126 ਮੈਡਲਾਂ ਨਾਲ ਪਹਿਲੇ ਸਥਾਨ ‘ਤੇ ਰਿਹਾ।ਚੀਨ 40 ਗੋਲਡ, 27 ਸਿਲਵਰ ਅਤੇ 24 ਕਾਂਸੀ ਸਮੇਤ 91 ਮੈਡਲਾਂ ਨਾਲ ਦੂਜੇ, ਜਪਾਨ 20 ਗੋਲਡ, 12 ਸਿਲਵਰ ਅਤੇ 13 ਕਾਂਸੀ ਸਮੇਤ 45 ਮੈਡਲਾਂ ਨਾਲ ਤੀਜੇ, ਆਸਟਰੇਲੀਆ 18 ਗੋਲਡ, 19 ਸਿਲਵਰ ਅਤੇ 16 ਕਾਂਸੀ ਸਮੇਤ 53 ਮੈਡਲਾਂ ਨਾਲ ਚੌਥੇ ਅਤੇ ਮੇਜ਼ਬਾਨ ਫਰਾਂਸ 16 ਗੋਲਡ, 26 ਸਿਲਵਰ ਅਤੇ 22 ਕਾਂਸੀ ਸਮੇਤ 64 ਮੈਡਲਾਂ ਨਾਲ ਪੰਜਵੇਂ ਨੰਬਰ ‘ਤੇ ਰਿਹਾ।
ਇਕ ਹੋਰ ਏਸ਼ੀਅਨ ਮੁਲਕ ਕੋਰੀਆ ਅੱਠਵੇਂ ਨੰਬਰ ‘ਤੇ ਹੈ। ਪਾਕਿਸਤਾਨ 1 ਗੋਲਡ ਦੇ ਨਾਲ 62ਵੇਂ ਅਤੇ ਭਾਰਤ 1 ਚਾਂਦੀ ਅਤੇ 5 ਕਾਂਸੀ ਸਮੇਤ 6 ਤਗਮਿਆਂ ਨਾਲ 71ਵੇਂ ਸਥਾਨ ‘ਤੇ ਰਿਹਾ।
ਪੈਰਿਸ ਵਿਖੇ ਕੁੱਲ 90 ਦੇਸ਼ਾਂ ਅਤੇ 1 ਰਿਫੂੳਜ਼ੀ ਓਲੰਪਿਕ ਕਮੇਟੀ ਦੀ ਟੀਮ ਨੇ ਮੈਡਲ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ। 115 ਦੇਸ਼ ਤਮਗਾ ਸੂਚੀ ‘ਚ ਨਾਂ ਦਰਜ ਨਹੀਂ ਕਰਵਾ ਸਕੇ।
ਵੱਧ ਮੈਡਲ ਜਿੱਤਣ ਵਾਲੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਚੀਨ ਦੀ ਤੈਰਾਕ ਝਾਂਗ ਯੂਫੇਈ ਨੇ ਛੇ ਮੈਡਲ ਜਿੱਤੇ ਹਨ ਜਿਨਾਂ ਵਿੱਚ ਇੱਕ ਚਾਂਦੀ ਤੇ ਪੰਜ ਕਾਂਸੀ ਦੇ ਮੈਡਲ ਸ਼ਾਮਲ ਹਨ। ਗੋਲਡ ਮੈਡਲਾਂ ਵਿੱਚ ਮੇਜ਼ਬਾਨ ਫਰਾਂਸੀ ਦੇ ਤੈਰਾਕ ਲਿਓਨ ਮਾਰਚੰਡ ਨੇ ਚਾਰ ਸੋਨ ਤਗਮੇ ਜਿੱਤੇ।
ਭਾਰਤ ਦੇ ਮੈਡਲ ਜੇਤੂਆਂ ਵਿੱਚ ਨੀਰਜ ਚੋਪੜਾ ਨੇ ਜੈਵਲਿਨ ਥਰੋਅ ਵਿੱਚ ਸਿਲਵਰ ਮੈਡਲ, ਨਿਸ਼ਾਨੇਬਾਜ਼ੀ ਵਿੱਚ ਮਨੂ ਭਾਕਰ ਨੇ ਇੱਕ ਵਿਅਕਤੀਗਤ ਅਤੇ ਇੱਕ ਸਰਬਜੋਤ ਸਿੰਘ ਨਾਲ ਕਾਂਸੀ ਦਾ ਮੈਡਲ ਅਤੇ ਸਵਪਨਿਲ ਨੇ ਕਾਂਸੀ ਦਾ ਮੈਡਲ ਜਿੱਤਿਆ। ਪਹਿਲਵਾਨ ਅਮਨ ਸ਼ਹਿਰਾਵਤ ਅਤੇ ਪੁਰਸ਼ ਹਾਕੀ ਟੀਮ ਨੇ ਵੀ ਕਾਂਸੀ ਦਾ ਮੈਡਲ ਜਿੱਤਿਆ।
ਪਾਕਿਸਤਾਨ ਦਾ ਇਕਲੌਤਾ ਗੋਲਡ ਮੈਡਲ ਜੈਵਲਿਨ ਥਰੋਅ ਵਿੱਚ ਅਰਸ਼ਦ ਨਦੀਮ ਨੇ ਜਿੱਤਿਆ।




