ਗੈਰ ਪੰਜਾਬੀ ਸਾਂਸਦ ਪੰਜਾਬ ਦੇ ਹਿੱਤਾਂ ਦਾ ਦੂਜੇ ਸੂਬਿਆਂ ਨਾਲ ਕਰ ਰਹੇ ਸੌਦਾ-ਜਾਖੜ
ਮੁੱਖ ਮੰਤਰੀ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ਜਾਂ ਕੁਰਸੀ ਛੱਡਣ
ਕੇਂਦਰ ਸਰਕਾਰ ਤੋਂ ਪੰਜਾਬ ਦੇ ਪਾਣੀਆਂ ਦੇ ਮਸਲੇ ਰਿਪੇਰੀਅਨ ਕਾਨੂੰਨ ਅਨੁਸਾਰ ਨਿਬੇੜਨ ਦੀ ਮੰਗ
ਚੰਡੀਗੜ 19 ਅਕਤੂਬਰ (ਜਗਜੀਤ ਸਿੰਘ ਧਾਲੀਵਾਲ)
ਪੰਜਾਬੀਆਂ ਨੇ ਜਿਨਾਂ ਲੋਕਾਂ ਨੂੰ 92 ਸੀਟਾਂ ਜਿਤਾ ਕੇ ਪੰਜਾਬ ਦੀ ਵਾਂਗਡੋਰ ਸੌਂਪੀ ਸੀ, ਉਹਨਾਂ ਨੇ ਪਹਿਲਾਂ ਪੰਜਾਬ ਦੇ ਹਿੱਤ ਗੈਰ ਪੰਜਾਬੀਆਂ ਕੋਲ ਗਿਰਵੀ ਰੱਖ ਦਿੱਤੇ ਤੇ ਹੁਣ ਉਹ ਗੈਰ ਪੰਜਾਬੀ ਪੰਜਾਬ ਦੇ ਇਨਾਂ ਹਿੱਤਾਂ ਦਾ ਦੂਜੇ ਸੂਬਿਆਂ ਨਾਲ ਸੌਦਾ ਕਰ ਰਹੇ ਹਨ। ਪਰ ਭਾਜਪਾ ਇਹਨਾਂ ਦੀਆਂ ਕੋਝੀਆਂ ਚਾਲਾਂ ਨੂੰ ਸਫਲ ਨਹੀਂ ਹੋਣ ਦੇਵੇਗੀ ਤੇ ਸਾਨੂੰ ਜੋ ਵੀ ਕਰਨਾ ਪਿਆ ਅਸੀਂ ਕਰਾਂਗੇ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਇੱਥੇ ਭਾਜਪਾ ਦੇ ਹੈਡ ਕੁਆਰਟਰ ਵਿੱਚ ਕੋਰ ਕਮੇਟੀ ਦੀ ਬੈਠਕ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰਦਿਆਂ ਕੀਤਾ। ਇਸ ਮੌਕੇ ਤੇ ਭਾਜਪਾ ਦੀ ਕੋਰ ਕਮੇਟੀ ਨੇ ਮਤਾ ਪਾਸ ਕੀਤਾ ਕਿ ਪੰਜਾਬ ਕੋਲ ਕਿਸੇ ਨੂੰ ਵੀ ਦੇਣ ਲਈ ਵਾਧੂ ਪਾਣੀ ਨਹੀਂ ਹੈ ਪਰ ਆਮ ਆਦਮੀ ਪਾਰਟੀ ਵਾਲੇ ਜੋ ਪਾਣੀ ਦੂਜੇ ਸੂਬਿਆਂ ਨੂੰ ਦੇਣ ਦੀ ਤਾਕ ਵਿੱਚ ਹਨ ਉਸ ਦਾ ਹਰ ਪੱਧਰ ਤੇ ਵਿਰੋਧ ਕੀਤਾ ਜਾਵੇਗਾ। ਭਾਜਪਾ ਨੇ ਮਤੇ ਵਿੱਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਾਂ ਤਾਂ ਸੁਪਰੀਮ ਕੋਰਟ ਵਿੱਚ ਪਾਣੀਆਂ ਦੇ ਮਸਲੇ ਤੇ ਠੋਸ ਪੱਖ ਮਜਬੂਤੀ ਨਾਲ ਰੱਖਣ ਤੇ ਜਾਂ ਫਿਰ ਗੱਦੀ ਛੱਡਣ। ਉਹਨਾਂ ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਕਿ ਪੰਜਾਬ ਦੇ ਪਾਣੀਆਂ ਦੇ ਮਸਲੇ ਸੰਵਿਧਾਨਿਕ ਤੇ ਰਿਪੇਰੀਅਨ ਕਾਨੂੰਨ ਅਨੁਸਾਰ ਨਿਬੇੜੇ ਜਾਣ।
ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਤਾਂ ਸੁਪਰੀਮ ਕੋਰਟ ਵਿੱਚ ਸਿਆਸੀ ਹਿੱਤਾਂ ਲਈ ਐਸਵਾਈਐਲ ਤੇ ਗੋਡੇ ਟੇਕ ਚੁੱਕੇ ਹਨ ਤੇ ਹੁਣ ਇਹ ਡਰਾਮੇ ਕਰਨ ਲਈ ਬਹਿਸ ਦਾ ਸੱਦਾ ਦੇ ਰਹੇ ਹਨ ਪਰ ਅਸੀਂ ਪੰਜਾਬ ਦੇ ਹਿੱਤਾਂ ਤੇ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨੀ ਹੈ। ਇਸ ਲਈ ਬਹਿਸ ਤੋਂ ਪਹਿਲਾਂ ਅਸੀਂ ਗੈਰ ਸਿਆਸੀ ਕਾਨਫਰੰਸ ਕਰਨ ਜਾ ਰਹੇ ਹਾਂ ਜਿਸ ਵਿੱਚ ਸਾਂਝੇ ਤੌਰ ਤੇ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਚਰਚਾ ਕਰਾਂਗੇ ਤੇ ਇੱਕ ਸਾਂਝਾ ਫੈਸਲਾ ਕਰਕੇ ਜੋ ਵੀ ਲੜਾਈ ਲੜਨੀ ਪਈ ਉਹ ਲੜਾਂਗੇ। ਜਿਸ ਲਈ ਉਹ ਸਾਰੀਆਂ ਸਿਆਸੀ ਧਿਰਾਂ ਦੇ ਪੰਜਾਬ ਹਿਤੈਸ਼ੀ ਨੁਮਾਇੰਦਿਆਂ,ਕਿਸਾਨ ਜਥੇਬੰਦੀਆਂ ਤੇ ਪੰਜਾਬ ਦਰਦੀ ਨੁਮਾਇੰਦਿਆਂ ਨੂੰ ਸੱਦਾ ਦਿੰਦੇ ਹਨ ਕਿ ਆਓ ਆਪਾਂ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਚਰਚਾ ਕਰੀਏ ਤੇ ਸਾਂਝੀ ਰਾਇ ਬਣਾਕੇ ਪੰਜਾਬ ਦੇ ਹਿੱਤਾਂ ਲਈ ਲੜਾਈ ਲੜੀਏ। ਜਾਖੜ ਨੇ ਕਿਹਾ ਕਿ ਪੰਜਾਬ ਕੋਲ ਵੱਡਾ ਭਰਾ ਹੋਣ ਦੇ ਬਾਵਜੂਦ 12.24 ਫੀਸਦੀ ਐਮਏਐਫ ਪਾਣੀ ਆ ਰਿਹਾ ਹੈ ਜਦੋਂ ਕਿ ਐਸਵਾਈਐਲ ਤੋਂ ਬਿਨਾਂ ਹਰਿਆਣਾ ਨੂੰ 13.30 ਐਮਏਐਫ ਫੀਸਦੀ ਪਾਣੀ ਜਾ ਰਿਹਾ ਹੈ। ਫਿਰ ਕਿਵੇਂ ਪੰਜਾਬ ਤੋਂ ਚੁਣੇ ਹੋਏ ਇਨਾਂ ਦੇ ਸਾਂਸਦ ਸੰਦੀਪ ਪਾਠਕ ਹਰਿਆਣਾ ਨੂੰ ਪਾਣੀ ਦੇਣ ਦੀ ਗੱਲ ਕਰ ਰਹੇ ਹਨ।ਉਹਨਾਂ ਕਿਹਾ ਕਿ ਮਾਨ ਸਾਹਬ ਚੁਟਕਲੇ ਛੱਡ ਕੇ ਖੁਦ ਵੀ ਆਂਕੜੇ ਪੜ੍ਹ ਲਿਆ ਕਰੋ ਤੇ ਇਹਨਾਂ ਨੂੰ ਵੀ ਪੜਾ ਦਿਓ।ਜਾਖੜ ਨੇ ਕਿਹਾ ਕਿ ਪੰਜਾਬੀਆਂ ਨੇ ਤੁਹਾਨੂੰ ਇਨਾ ਵੱਡਾ ਬਹੁਮਤ ਪੰਜਾਬ ਦੇ ਹੱਕਾਂ ਦੀ ਖਾਤਰ ਦਿੱਤਾ ਸੀ ਪਰ ਤੁਸੀਂ ਦੂਜੇ ਸੂਬਿਆਂ ਦੀ ਹੱਕਾਂ ਲਈ ਪੰਜਾਬ ਨਾਲ ਧੋਖਾ ਕਰ ਰਹੇ ਹੋ। ਜਾਖੜ ਨੇ ਕਿਹਾ ਕਿ ਅਸੀਂ ਨਾ ਤਾਂ ਐਸਵਾਈਐਲ ਬਣਨ ਦੇਵਾਂਗੇ ਤੇ ਨਾ ਹੀ ਪਾਣੀ ਦੀ ਇੱਕ ਬੂੰਦ ਬਾਹਰ ਜਾਣ ਦਿਆਂਗੇ। ਸਗੋਂ ਵੱਧ ਜਾ ਰਹੇ ਪਾਣੀ ਨੂੰ ਮੋੜ ਕੇ ਲਿਆਉਣ ਲਈ ਸੰਘਰਸ਼ ਕਰਾਂਗੇ।
ਜਾਖੜ ਨੇ ਕਿਹਾ ਕਿ ਬਹਿਸ ਵਿੱਚ ਉਹ ਮੁੱਖ ਮੰਤਰੀ ਦੇ ਚਿਹਰੇ ਤੋਂ ਪਰਦਾ ਹਟਾ ਕੇ ਉਹਨਾਂ ਨੂੰ ਬੇਨਕਾਬ ਜਰੂਰ ਕਰਨਗੇ।