ਐਸਵਾਈਐਲ ਤੇ ਪੰਜਾਬ ਨਾਲ ਕੀਤੀ ਗੱਦਾਰੀ ਲੁਕਾਉਣ ਲਈ ਬਹਾਨੇ ਲੱਭ ਰਹੇ ਨੇ ਮੁੱਖ ਮੰਤਰੀ-ਜਾਖੜ

ਹਰਵਿੰਦਰ ਸਿੰਘ ਫੂਲਕਾ,ਕੰਵਰ ਸੰਧੂ ਤੇ ਡਾਕਟਰ ਧਰਮਵੀਰ ਗਾਂਧੀ ਪੰਜਾਬ ਦੀਆਂ ਨਿਰਪੱਖ ਸ਼ਖਸ਼ੀਅਤਾਂ

ਚੰਡੀਗੜ 17 ਅਕਤੂਬਰ (ਸਚਵੀਰ ਸਿੰਘ )
ਐਸਵਾਈਐਲ ਦੇ ਗੰਭੀਰ ਮਸਲੇ ਤੇ ਸੁਪਰੀਮ ਕੋਰਟ ਵਿੱਚ ਸਿਆਸੀ ਹਿੱਤਾਂ ਦੀ ਪੂਰਤੀ ਲਈ ਪੰਜਾਬ ਨਾਲ ਕੀਤੀ ਗੱਦਾਰੀ ਨੂੰ ਲੁਕਾਉਣ ਲਈ ਮੁੱਖ ਮੰਤਰੀ ਲਗਾਤਾਰ ਬਹਾਨੇ ਲੱਭ ਰਹੇ ਹਨ। ਇਸੇ ਲਈ ਸਰਬ ਪਾਰਟੀ ਮੀਟਿੰਗ ਸੱਦਣ ਦੀ ਬਜਾਏ ਮੁਕਾਬਲੇਬਾਜ਼ੀ ਕਰਵਾਈ ਜਾ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਜਾਰੀ ਬਿਆਨ ਵਿੱਚ ਕੀਤਾ। ਉਹਨਾਂ ਕਿਹਾ ਕਿ ਐਸਵਾਈਐਲ ਤੇ ਸਾਰਾ ਪੰਜਾਬ ਇੱਕ ਮੁੱਠ ਹੈ ਤੇ ਅਸੀਂ ਵਾਰ ਵਾਰ ਇਹ ਕਹਿ ਰਹੇ ਹਾਂ ਕਿ ਸਾਡੇ ਕੋਲ ਪਾਣੀ ਦੀ ਇੱਕ ਬੂੰਦ ਵੀ ਫਾਲਤੂ ਨਹੀਂ ਪਰ ਪਤਾ ਨਹੀਂ ਕਿਹੜਾ ਲਾਹਾ ਲੈਣ ਲਈ ਆਪ ਨੇ ਅੰਦਰ ਖਾਤੇ ਸੌਦੇਬਾਜੀ ਕੀਤੀ ਤੇ ਸੁਪਰੀਮ ਕੋਰਟ ਵਿੱਚ ਗੋਡੇ ਟੇਕੇ ਤੇ ਹੁਣ ਵੀ ਇਸ ਮਸਲੇ ਦੇ ਸਾਰਥਕ ਹੱਲ ਕੱਢਣ ਦੀ ਬਜਾਇ ਬਹਾਨੇਬਾਜੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਵੱਲੋਂ ਦਿੱਤੇ ਗਏ ਬਹਿਸ ਦੇ ਸੱਦੇ ਤੇ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਨੇ ਜੇ ਹੁਣ ਝੰਡੀ ਕਰ ਹੀ ਦਿੱਤੀ ਹੈ ਤਾਂ ਫਿਰ ਭੱਜਣਾ ਨਹੀਂ ਚਾਹੀਦਾ। ਮੁਕਾਬਲੇ ਵਿੱਚ ਰੈਫਰੀ ਦੀ ਲੋੜ ਹੁੰਦੀ ਹੈ ਇਸੇ ਲਈ ਹਰਵਿੰਦਰ ਸਿੰਘ ਫੂਲਕਾ,ਕੰਵਰ ਸੰਧੂ ਤੇ ਡਾਕਟਰ ਧਰਮਵੀਰ ਗਾਂਧੀ ਦੇ ਨਾਮ ਉਹਨਾਂ ਨੇ ਸੁਝਾਏ ਹਨ। ਬੇਸ਼ੱਕ ਪੰਜਾਬ ਵਿੱਚ ਬੜੀਆਂ ਕਾਬਲ ਸ਼ਖਸ਼ੀਅਤਾਂ ਹਨ ਪਰ ਇਹ ਤਿੰਨੇ ਸਿਆਸੀ ਸਮਝ ਰੱਖਣ ਵਾਲੀਆਂ ਤੇ ਨਿਰਪੱਖ ਸ਼ਖਸ਼ੀਅਤਾਂ ਹਨ। ਮੁੱਖ ਮੰਤਰੀ ਜਵਾਬ ਦੇਣ ਜਾਂ ਇਹਨਾਂ ਦੇ ਕਿਰਦਾਰ ਤੇ ਸਵਾਲ ਚੁੱਕਣ ਤੇ ਦੱਸਣ ਕਿ ਇਨ੍ਹਾਂ ਵਿਚ ਕੀ ਕਮੀ ਹੈ ਜਾਂ ਫਿਰ ਹਾਮੀ ਭਰਨ ਤੇ ਬਹਾਨੇ ਨਾ ਬਣਾਉਣ।ਉਹਨਾਂ ਕਿਹਾ ਕਿ ਖਾਣ ਪੀਣ ਦੀਆਂ ਗੱਲਾਂ ਛੱਡੋ ਤੇ ਗੰਭੀਰ ਮਸਲੇ ਤੇ ਗੰਭੀਰਤਾ ਵਿਖਾਓ ਕਿਉਂਕਿ ਪੰਜਾਬ ਜਵਾਬ ਮੰਗਦਾ ਹੈ।
ਜਾਖੜ ਨੇ ਕਿਹਾ ਕਿ ਪੰਜਾਬ ਦੀ ਹੋਂਦ ਦਾ ਸਵਾਲ ਹੈ ਹੁਣ ਭੱਜਣ ਨਹੀਂ ਦਿਆਂਗੇ ਤੇ ਇਨਾਂ ਦੇ ਚਿਹਰੇ ਬੇਨਕਾਬ ਕਰਾਂਗੇ। ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਆਪਣੇ ਦਫਤਰ ਦਾ ਪਤਾ ਨਹੀਂ ਕਿ ਉੱਥੇ ਕੀ ਹੋ ਰਿਹਾ ਹੈ ਤੇ ਦਿੱਲੀ ਵਾਲੇ ਇਨਾਂ ਦੀ ਚੱਲਣ ਨਹੀਂ ਦੇ ਰਹੇ। ਸੂਬੇ ਵਿੱਚ ਨਸ਼ੇ ਤੇ ਨਜਾਇਜ਼ ਮਾਈਨਿੰਗ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਪਹਿਲਾਂ ਜਿੱਥੇ ਇੱਕ ਵਿਧਾਇਕ ਦੇ ਰਿਸ਼ਤੇਦਾਰ ਤੇ ਕਾਰਵਾਈ ਕਰਨ ਬਦਲੇ ਇਮਾਨਦਾਰ ਅਫਸਰ ਨੂੰ ਬਦਲ ਦਿੱਤਾ ਉਥੇ ਹੁਣ ਨਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਮਸ਼ੀਨਾਂ ਉੱਪਰ ਪਰਚੇ ਦਰਜ ਕੀਤੇ ਜਾ ਰਹੇ ਹਨ। ਇਸ ਤੋਂ ਸਪਸ਼ਟ ਹੈ ਕਿ ਪੰਜਾਬ ਇਹਨਾਂ ਦੇ ਹੱਥਾਂ ਵਿੱਚ ਸੁਰੱਖਿਅਤ ਨਹੀਂ। ਉਨਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਦੇਸ਼ ਲਈ ਸ਼ਹਾਦਤ ਦਿੱਤੀ ਹੈ। ਪਰ ਮੁੱਖ ਮੰਤਰੀ ਨੂੰ ਬਿਨਾਂ ਸੋਚੇ ਸਮਝੇ ਫੌਜ ਤੇ ਸਵਾਲ ਨਹੀਂ ਚੱਕਣੇ ਚਾਹੀਦੇ। ਜੇਕਰ ਦੂਸ਼ਣਬਾਜ਼ੀ ਕਰਨੀ ਹੈ ਤਾਂ ਸਾਡੇ ਨਾਲ ਕਰ ਲਵੋ ਪਰ ਫੌਜ ਦੀ ਕਾਰਗੁਜ਼ਾਰੀ ਤੇ ਕਿੰਤੂ ਪ੍ਰੰਤੂ ਨਾ ਕਰੋ।

CATEGORIES
Share This

COMMENTS

Wordpress (0)
Disqus (1 )
Translate