ਪਿੰਡ ਜਲਾਲ ਵਾਲਾ ਦੀ ਗੁਰਪ੍ਰੀਤ ਕੌਰ ਨੇ ਸਰਕਾਰੀ ਹਾਈ ਸਕੂਲ ਵਾਹਗੇ ਵਾਲਾ ਦਾ ਨਾਂ ਕੀਤਾ ਰੌਸ਼ਨ
ਪਿੰਡ ਪਹੁੰਚਣ ‘ਤੇ ਨਿੱਘਾ ਸੁਆਗਤ
ਫਿਰੋਜ਼ਪੁਰ । ਮਾਨਯੋਗ ਮੁੱਖ ਮੰਤਰੀ ਪੰਜਾਬ, ਸ.ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਹੇਠ 67ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2023-24 (ਕੁਸ਼ਤੀ ਮੁਕਾਬਲਿਆਂ) ਜੋ ਕਿ ਜ਼ਿਲ੍ਹਾ ਅੰਮ੍ਰਿਤਸਰ, ਪੰਜਾਬ ਵਿਖੇ ਕਰਵਾਈਆਂ ਗਈਆਂ ਸਨ, ਜਿਸ ਵਿਚ ਸਾਰੇ ਪੰਜਾਬ ਦੇ ਸਾਰੇ ਹੀ ਜਿਲ੍ਹਿਆਂ ਤੋਂ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੇ ਜੇਤੂ ਵਿਦਿਆਰਥੀਆਂ ਨੇ ਭਾਗ ਲਿਆ।ਜ਼ਿਲਾ ਫਿਰੋਜ਼ਪੁਰ ਦੇ ਸਰਕਾਰੀ ਹਾਈ ਸਕੂਲ ਵਾਹਗੇ ਵਾਲਾ ਦੀ ਗੁਰਪ੍ਰੀਤ ਕੌਰ ਨੇ 36 ਕਿਲੋਗ੍ਰਾਮ ਭਾਰ ਵਿੱਚ ਅੰਡਰ -14 ਦੇ ਕੁਸ਼ਤੀ ਮੁਕਾਬਲਿਆਂ ਵਿੱਚ ਪੰਜਾਬ ਵਿਚ ਤੀਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ, ਸਕੂਲ ਅਤੇ ਫਿਰੋਜ਼ਪੁਰ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ। ਪਿੰਡ ਜਲਾਲ ਵਾਲਾ ਦੇ ਸ. ਕੁਲਵਿੰਦਰ ਸਿੰਘ ਅਤੇ ਜਸਵੀਰ ਕੌਰ ਦੀ ਪੁੱਤਰੀ ਗੁਰਪ੍ਰੀਤ ਕੌਰ ਦੀ ਰਿਹਾਇਸ਼ੀ ਪਿੰਡ ਵਿਖੇ ਸਮੁੱਚੇ ਲੋਕਾਂ ਵੱਲੋਂ ਗੁਰਪ੍ਰੀਤ ਕੌਰ ਦਾ ਇਸ ਖੁਸ਼ੀ ਦੇ ਮੌਕੇ ਨਿੱਘਾ ਸਵਾਗਤ ਕੀਤਾ ਗਿਆ । ਪਿੰਡ ਵਾਲਿਆਂ ਨੇ ਉਚੇਚੇ ਤੌਰ ਤੇ ਸਰਕਾਰੀ ਹਾਈ ਸਕੂਲ ਦੇ ਸਮੂਹ ਸਟਾਫ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ । ਗੁਰਪ੍ਰੀਤ ਕੌਰ ਦੇ ਪਿਤਾ ਸ. ਕੁਲਵਿੰਦਰ ਸਿੰਘ ਜੀ ਨੇ ਕਿਹਾ ਕਿ ਸਕੂਲ ਵੱਲੋਂ ਲਗਾਤਾਰ ਕੁਸ਼ਤੀ ਦਾ ਅਭਿਆਸ ਕਰਵਾਇਆ ਜਾ ਰਿਹਾ ਸੀ, ਜਿਸਦੀ ਮਿਹਨਤ ਸਦਕਾ ਹੀ ਮੇਰੀ ਬੱਚੀ ਨੇ ਇਹ ਜਿੱਤ ਪ੍ਰਾਪਤ ਕੀਤੀ। ਗੌਰਤਲਬ ਹੈ ਕਿ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਲੜਕੀਆਂ ਦੇ ਵੱਖ- ਵੱਖ ਵਰਗਾਂ ਦੇ ਕੁਸ਼ਤੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੀਆਂ ਕੁੜੀਆਂ ਵਿੱਚੋਂ ਗੁਰਪ੍ਰੀਤ ਕੌਰ ਹੀ ਇਕਲੋਤੀ ਕੁੜੀ ਹੈ ਜਿਸਨੇ ਫਿਰੋਜ਼ਪੁਰ ਜ਼ਿਲੇ ਦੀ ਝੋਲੀ ਕਾਂਸੀ ਦਾ ਮੈਡਲ ਪੁਆਇਆ। ਸਕੂਲ ਮੁਖੀ ਸ਼੍ਰੀਮਤੀ ਨੈਨਸੀ ਅਰੋੜਾ ਜੀ ਦੀ ਅਗਵਾਈ ਹੇਠ ਸ਼ਸ ਮਾਸਟਰ ਉਡੀਕ ਚੰਦ ਅਤੇ ਡੀ.ਪੀ.ਈ. ਕਮਲਜੀਤ ਸਿੰਘ ਦੁਆਰਾ ਕਰਵਾਈ ਗਈ ਤਿਆਰੀ ਨੇ ਗੁਰਪ੍ਰੀਤ ਕੌਰ ਨੂੰ ਰਾਜ ਪੱਧਰੀ ਪ੍ਰਾਪਤੀ ਦੇ ਯੋਗ ਬਣਾਇਆ।ਅੱਜ ਅੰਮ੍ਰਿਤਸਰ ਤੋਂ ਵਾਪਸ ਪਰਤਣ ‘ਤੇ ਗੁਰਪ੍ਰੀਤ ਕੌਰ ਦਾ ਸਕੂਲ ਵਿੱਚ ਫੁੱਲਾਂ ਦਾ ਹਾਰ ਪਾ ਕੇ ਭਰਵਾਂ ਸੁਆਗਤ ਕੀਤਾ ਗਿਆ। ਸਕੂਲ ਮੁਖੀ ਸ਼੍ਰੀਮਤੀ ਨੈਨਸੀ ਅਰੋੜਾ ਜੀ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਵਿਸ਼ੇਸ਼ ਪ੍ਰਾਪਤੀ ‘ਤੇ ਵਧਾਈ ਦਿੱਤੀ।ਨਾਲ ਹੀ ਉਹਨਾਂ ਨੇ ਵਿਦਿਆਰਥੀਆਂ ਨੂੰ ਗੁਰਪ੍ਰੀਤ ਕੌਰ ਤੋਂ ਸੇਧ ਲੈਂਦੇ ਹੋਏ ਖੇਡਾਂ, ਪੜ੍ਹਾਈ ਅਤੇ ਸਹਿ-ਵਿੱਦਿਅਕ ਗਤੀਵਿਧੀਆਂ ਵਿੱਚ ਵਧ- ਚੜ੍ਹ ਕੇ ਹਿੱਸਾ ਲੈਣ ਅਤੇ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ।ਗੁਰਪ੍ਰੀਤ ਕੌਰ ਦੀ ਤਿਆਰੀ ਵਿੱਚ ਅਗਵਾਈ ਕਰਨ ਵਾਲੇ ਸ਼ਸ ਮਾਸਟਰ ਸ਼੍ਰੀ ਉਡੀਕ ਚੰਦ ਜੀ ਨੇ ਗੁਰਪ੍ਰੀਤ ਕੌਰ ਦੀ ਇਸ ਪ੍ਰਾਪਤੀ ਨੂੰ ਸਕੂਲ ਦੀ ਇਤਿਹਾਸਿਕ ਪ੍ਰਾਪਤੀ ਐਲਾਨਿਆ ਕਿਉਂਕਿ ਖੇਡਾਂ ਵਿੱਚ ਰਾਜ ਪੱਧਰ ਤੇ ਸਕੂਲ ਵੱਲੋਂ ਕੋਈ ਮੈਡਲ ਪ੍ਰਾਪਤ ਕਰਨ ਦਾ ਇਹ ਪਹਿਲਾ ਮੌਕਾ ਹੈ। ਗੁਰਪ੍ਰੀਤ ਕੌਰ ਨੇ ਸਕੂਲ ਦੀ ਝੋਲੀ ਮੈਡਲ ਪੁਆ ਕੇ ਸਰਕਾਰੀ ਹਾਈ ਸਕੂਲ ਵਾਹਗੇ ਵਾਲਾ ਦਾ ਖੇਡਾਂ ਵਿੱਚ ਰਾਜ ਪੱਧਰੀ ਪ੍ਰਾਪਤੀਆਂ ਵਿੱਚ ਪਹਿਲਾ ਨਾਮ ਦਰਜ ਕਰਵਾਉਣ ਦੀ ਸ਼ੁਰੂਆਤ ਕੀਤੀ ਹੈ। ਗੁਰਪ੍ਰੀਤ ਕੌਰ ਦੀ ਇਸ ਪ੍ਰਾਪਤੀ ਤੇ ਪੂਰੇ ਸਕੂਲ ਅਤੇ ਸਾਰੇ ਇਲਾਕੇ ਵਿਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਇਹ ਵੀ ਦੱਸਣਯੋਗ ਹੈ ਕਿ ਸਕੂਲ ਵਿੱਚੋਂ ਕੁੱਲ ਪੰਜ ਵਿਦਿਆਰਥੀਆਂ ਗੁਰਪ੍ਰੀਤ ਕੋਰ, ਮਹਿਕਪ੍ਰੀਤ ਕੋਰ, ਰਵਨੀਤ ਕੋਰ, ਤਨਵੀਰ ਸਿੰਘ ਅਤੇ ਹਰਪਾਲ ਸਿੰਘ ਨੇ 67ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2023-24 (ਕੁਸ਼ਤੀ ਮੁਕਾਬਲਿਆਂ) ਵਿੱਚ ਭਾਗ ਲਿਆ ਸੀ।



