ਬਾਪੂ ਅਕਸਰ ਆਖਦਾ ਹੁੰਦਾ ਸੀ” ਰਾਤੀਂ ਢਾਹ ਦਿਓ, ਸਵੇਰੇ ਉਸਾਰ ਲਵੋ”
ਆਪਣਾ ਆਪਣਾ ਨਜ਼ਰੀਆ ਹੈ, ਤੁਸੀਂ ਇਸ ਵਾਕ ਤੋਂ ਕੀ ਅਰਥ ਲੈਂਦੇ ਹੋ । ਮੈਂ ਸੋਚਦਾ ਹੁੰਨਾਂ ਕਿ ਬਾਪੂ ਦਾ ਫਲਸਫਾ ਵੀ ਕਮਾਲ ਸੀ। ਤੁਸੀਂ ਦੁਨੀਆ ਨੂੰ ਕਦੇ ਖੁਸ਼ ਨਹੀਂ ਕਰ ਸਕਦੇ , ਤੁਸੀਂ ਚਾਹੇ ਜੋ ਵੀ ਕਰੋ, ਦੁਨੀਆ ਤੁਹਾਡੇ ਬਰਖਿਲਾਫ਼ ਜ਼ਰੂਰ ਬੋਲੇਗੀ। ਜ਼ਿੰਦਾਬਾਦ ਮੁਰਦਾਬਾਦ ਹੁੰਦੀ ਰਹਿੰਦੀ ਹੈ। ਆਪਣਾ ਕੰਮ ਕਰਦੇ ਰਹੋ, ਆਪਣੀ ਚਾਲ ਤੁਰਦੇ ਰਹੋ। ਸਾਰੇ ਦਿਨ ਵਿੱਚ ਤੁਸੀਂ ਜੋ ਕੁਝ ਦੁਨੀਆ ਤੋਂ ਪ੍ਰਾਪਤ ਕੀਤਾ ‘ਢਾਹ ਦਿਓ’ ਅਤੇ ਫੇਰ ਸਵੇਰੇ ‘ਨਵਾਂ ਉਸਾਰ ਲਵੋ’ । ਮੈਨੂੰ ਜਾਪਦੈ ਕਿ ਮੇਰੀ ਜ਼ਿੰਦਗੀ ਦਾ ਇਹ ਸੂਤਰ ਹੈ , ਮੈਂ ਹਮੇਸ਼ਾਂ ਅੱਜ ਵਿੱਚ ਜੀਵਿਆ ਹਾਂ ਸ਼ਾਇਦ ਤਾਂ ਹੀ ਜੀਅ ਰਿਹਾ।ਮੇਰੇ ਆਪਣੇ ਸੋਚਦੇ ਨੇ ਮੈਂ ਕੱਲ ਬਾਰੇ ਨਹੀਂ ਸੋਚਦਾ, ਆਉਣ ਵਾਲੇ ਕੱਲ ਲਈ ਕੁਝ ਨਹੀਂ ਜੋੜਦਾ, ਕਿਸੇ ਰਿਸ਼ਤੇ ਦੀ ਪ੍ਰਵਾਹ ਨਹੀਂ ਕਰਦਾ, ਪਰ ਮੈਂ ਜਾਣਦਾਂ ਕਿ ਮੈਂ ਕਰਦਾਂ । ਸੁੱਖ ਵੇਲੇ ਭਾਵੇਂ ਮੈਂ ਨਾ ਪਹੁੰਚਿਆ ਹੋਵਾਂ ਪਰ ਦੁੱਖ ਵੇਲੇ ਮੈਂ ਤੇ ਮੇਰਾ ਮਾਮਾ ਅਮਰਜੀਤ ਹਮੇਸ਼ਾਂ ਹਾਜ਼ਰ ਰਹੇ ਹਾਂ । ਰਿਸ਼ਤਿਆਂ ਦੀ ਪ੍ਰਵਾਹ ਢੋਲ ਕੁੱਟ ਕੇ ਨਹੀਂ ਹੁੰਦੀ । ਪਰ ਵਕਤ ਦੀ ਦੌੜ ਢੋਲ ਕੁੱਟਣ ਲਈ ਮਜ਼ਬੂਰ ਕਰ ਰਹੀ ਹੈ, ਪਰ ਮੈਂ ਮਜ਼ਬੂਰ ਹੋ ਨਹੀਂ ਰਿਹਾ।
ਚਲੋ ਅੱਜ ਦੀ ‘ਢਾਹ’ ਕੇ ਕੱਲ ਨਵੀਂ ‘ਉਸਾਰੀਏ’।
ਰਿਸ਼ੀ ਹਿਰਦੇਪਾਲ,ਮਲੋਟ
