ਸੁਨੀਲ ਜਾਖੜ ਦਾ ਅਬੋਹਰ ਦੌਰਾ ਕਰ ਜਾਵੇਗਾ ਕਾਂਗਰਸ ਦਾ ਸਫਾਇਆ

ਅਬੋਹਰ 9 ਅਗਸਤ (ਜਗਜੀਤ ਸਿੰਘ ਧਾਲੀਵਾਲ)
ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਆਪਣੇ ਜੱਦੀ ਇਲਾਕੇ ਵਿੱਚ 10 ਅਗਸਤ ਨੂੰ ਪਹੁੰਚ ਰਹੇ ਹਨ। ਜਿੱਥੇ ਉਨ੍ਹਾਂ ਦੇ ਸਮਰਥਕਾਂ ਅਤੇ ਭਾਜਪਾ ਵਰਕਰਾਂ ਵੱਲੋਂ ਸੂਬਾ ਪ੍ਰਧਾਨ ਦੇ ਸਵਾਗਤ ਦੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ। ਜਾਖੜ ਦਾ ਦੌਰਾ ਅਬੋਹਰ ਇਲਾਕੇ ਵਿਚ ਕਾਂਗਰਸ ਦਾ ਸਫਾਇਆ ਵੀ ਕਰ ਜਾਵੇਗਾ। ਇਹ ਚਰਚਾ ਪੂਰੇ ਜ਼ੋਰਾਂ ਨਾਲ ਚੱਲ ਰਹੀ ਹੈ ਕਿ ਅਬੋਹਰ ਨਗਰ ਨਿਗਮ ਦੇ ਮੇਅਰ ਸਮੇਤ ਲਗਭਗ ਸਾਰੇ ਕੌਂਸਲਰ ਕਾਂਗਰਸ ਛੱਡ ਸੁਨੀਲ ਜਾਖੜ ਦੀ ਮੌਜੂਦਗੀ ਵਿੱਚ ਭਾਜਪਾ ਜੁਆਇੰਨ ਕਰਨਗੇ। ਜਿਸ ਨਾਲ ਨਗਰ ਨਿਗਮ ਦੇ ਵਿਚ ਕਾਂਗਰਸ ਦੀ ਥਾਂ ਭਾਜਪਾ ਦਾ ਬੋਰਡ ਬਣ ਜਾਵੇਗਾ। ਪੰਜਾਬ ਦੇ ਵਿੱਚ ਭਾਜਪਾ ਦਾ ਇਹ ਪਹਿਲਾ ਬੋਰਡ ਹੋਵੇਗਾ ਜਿੱਥੇ ਪੂਰੇ ਬਹੁਮਤ ਨਾਲ ਭਾਜਪਾ ਦੀ ਸਰਦਾਰੀ ਹੋਵੇਗੀ।ਜਿਸ ਦਿਨ ਤੋਂ ਸੁਨੀਲ ਜਾਖੜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਹਨ ਉਸ ਦਿਨ ਤੋਂ ਲਗਭਗ ਉਹਨਾਂ ਦੇ ਸਮਰਥਕਾਂ ਵੱਲੋਂ ਕਾਂਗਰਸ ਦੀਆਂ ਸਰਗਰਮੀਆਂ ਤੋਂ ਦੂਰੀ ਵੱਟੀ ਹੋਈ ਹੈ। ਅਜਿਹੇ ਵਿੱਚ ਵੈਸੇ ਤਾਂ ਇਹ ਪਹਿਲਾਂ ਹੀ ਸਾਫ਼ ਸੀ ਕਿ ਉਨ੍ਹਾਂ ਦੇ ਸਾਰੇ ਸਮਰਥਕ ਭਾਜਪਾ ਜੁਆਇਨ ਕਰਨਗੇ ਪਰ ਸਿਰਫ ਇਹ ਇੰਤਜ਼ਾਰ ਹੋ ਰਿਹਾ ਸੀ ਕਿ ਸੁਨੀਲ ਜਾਖੜ ਨੂੰ ਭਾਜਪਾ ਵਿੱਚ ਕਿਹੜੀ ਜ਼ਿੰਮੇਵਾਰੀ ਮਿਲਦੀ ਹੈ? ਜਦੋਂ ਸੁਨੀਲ ਜਾਖੜ ਨੂੰ ਭਾਜਪਾ ਦਾ ਸੂਬਾ ਪ੍ਰਧਾਨ ਬਣਾਇਆ ਗਿਆ।ਉਸ ਦਿਨ ਤੋਂ ਜਾਖੜ ਸਮਰਥਕਾਂ ਵਿਚ ਖੁਸ਼ੀ ਦਾ ਆਲਮ ਸੀ ਤੇ ਇਹ ਵੀ ਸਾਫ਼ ਹੋ ਗਿਆ ਸੀ ਕਿ ਹੁਣ ਅਬੋਹਰ ਹਲਕੇ ਵਿਚੋਂ ਲਗਭਗ ਜਿਹੜੇ ਕਾਂਗਰਸ ਵਿੱਚ ਉਨਾਂ ਦੇ ਨਾਲ ਹੁੰਦੇ ਸਨ ਉਹ ਭਾਜਪਾ ਦਾ ਫੁੱਲ ਫੜ੍ਹਣਗੇ। ਜਾਖੜ ਦੀ ਆਮਦ ਨਾਲ ਕੱਲੇ ਅਬੋਹਰ ਵਿਧਾਨ ਸਭਾ ਹਲਕੇ ਵਿੱਚ ਹੀ ਨਹੀਂ ਸਗੋਂ ਫ਼ਾਜ਼ਿਲਕਾ ਤੇ ਬੱਲੂਆਣਾ ਹਲਕੇ ਵਿੱਚ ਵੀ ਕਾਂਗਰਸੀ ਭਾਜਪਾ ਜੋਆਇਨ ਕਰਨਗੇ। ਸੁਨੀਲ ਜਾਖੜ ਦੀ ਅਬੋਹਰ ਫੇਰੀ ਨੂੰ ਲੈ ਕੇ ਖਾਸ ਚਰਚਾ ਚੱਲ ਰਹੀ ਹੈ ਕਿ ਇਸ ਦੌਰੇ ਤੋਂ ਬਾਅਦ ਅਬੋਹਰ ਹਲਕੇ ਦੇ ਵਿੱਚ ਕਾਂਗਰਸ ਦਾ ਲਗਭਗ ਸਫਾਇਆ ਹੋ ਜਾਵੇਗਾ। ਸਿਰਫ ਉਹ ਲੋਕ ਹੀ ਕਾਂਗਰਸ ਵਿੱਚ ਰਹਿ ਜਾਣਗੇ। ਜਿਨ੍ਹਾਂ ਕੋਲ ਕਾਂਗਰਸ ਦਾ ਜਾਖੜ ਦੇ ਭਾਜਪਾ ਵਿਚ ਜਾਣ ਤੋਂ ਬਾਅਦ ਕੋਈ ਅਹੁਦਾ ਰਹਿ ਗਿਆ। ਕਿਉਂਕਿ ਇਹ ਵੀ ਆਮ ਤੌਰ ਤੇ ਵੇਖਿਆ ਗਿਆ ਹੈ ਕਿ ਜਦੋਂ ਵੀ ਕਾਂਗਰਸ ਦਾ ਕੋਈ ਨਾ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਉੱਥੇ ਵੱਡੇ ਇਕੱਠ ਹੋਣ ਦੀ ਬਜਾਏ ਸਿਰਫ ਨਾ ਮਾਤਰ ਹੀ ਵਰਕਰ ਜਾਂ ਲੋਕ ਹੁੰਦੇ ਹਨ। ਸੁਨੀਲ ਜਾਖੜ ਦੇ ਅਬੋਹਰ ਆਉਣ ਤੋਂ ਪਹਿਲਾਂ-ਪਹਿਲਾਂ ਅਬੋਹਰ ਦੇ ਰੇਲਵੇ ਸਟੇਸ਼ਨ ਦੀ ਕਾਇਆਕਲਪ ਦੇ ਪ੍ਰਾਜੈਕਟ ਦਾ ਉਦਘਾਟਨ ਵੀ ਹੋ ਚੁੱਕਿਆ ਹੈ। ਜਿੱਥੇ 21 ਕਰੋੜ ਰੁਪਏ ਦੀ ਲਾਗਤ ਨਾਲ ਅਬੋਹਰ ਦਾ ਰੇਲਵੇ ਸਟੇਸ਼ਨ ਚਮਕਣ ਲੱਗੇਗਾ। ਲੋਕਾਂ ਨੂੰ ਸੁਨੀਲ ਜਾਖੜ ਤੋਂ ਹੁਣ ਇਹ ਵੀ ਉਮੀਦਾਂ ਨੇ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਤੋਂ ਵੱਡੇ ਪ੍ਰੋਜੈਕਟ ਵੀ ਅਬੋਹਰ ਇਲਾਕੇ ਵਿਚ ਆ ਸਕਦੇ ਹਨ। ਹੁਣ ਕੱਲ੍ਹ ਨੂੰ ਵੇਖਣਾ ਇਹ ਹੋਵੇਗਾ ਕਿ ਕਾਂਗਰਸ ਦੇ ਕਿਹੜੇ ਉਹ ਲੀਡਰ ਭਾਜਪਾ ਵਿੱਚ ਨਹੀਂ ਜਾਂਦੇ ਜਿਹੜੇ ਜਾਖੜ ਦੇ ਕਾਂਗਰਸ ਵਿੱਚ ਹੁੰਦਿਆਂ ਉਨ੍ਹਾਂ ਨਾਲ ਖੜੇ ਹੁੰਦੇ ਸਨ।

CATEGORIES
Share This

COMMENTS

Wordpress (0)
Disqus (1 )
Translate