ਦੇਸ਼ ਦੀ ਆਪਣੀ ਤਰ੍ਹਾਂ ਦੀ ਪਹਿਲੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਲਈ ਪੰਜਾਬ ਤਿਆਰ-ਬਰ-ਤਿਆਰਃ ਭਗਵੰਤ ਮਾਨ

ਰਾਹਗੀਰਾਂ ਦੀ ਮਦਦ ਲਈ ਹਾਈ-ਟੈੱਕ ਵਾਹਨਾਂ ਅਤੇ ਸਹੂਲਤਾਂ ਨਾਲ ਲੈਸ ਹੋਵੇਗੀ ਫੋਰਸ

ਲੁਧਿਆਣਾ, 1 ਅਗਸਤ: (ਜਗਜੀਤ ਸਿੰਘ ਧਾਲੀਵਾਲ)

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਸੂਬੇ ਵਿੱਚ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ ਠੱਲ੍ਹ ਪਾਉਣ ਅਤੇ ਸੂਬੇ ਦੀਆਂ ਸੜਕਾਂ ’ਤੇ ਆਵਾਜਾਈ ਨੂੰ ਹੋਰ ਸੁਚਾਰੂ ਬਣਾਉਣ ਦੇ ਮੱਦੇਨਜ਼ਰ ਸੜਕ ਸੁਰੱਖਿਆ ਫੋਰਸ (ਰੋਡ ਸੇਫਟੀ ਫੋਰਸ) ਦੀ ਸ਼ੁਰੂਆਤ ਦਾ ਜਾਇਜ਼ਾ ਲਿਆ।

ਮੁੱਖ ਮੰਤਰੀ, ਜੋ ਅੱਜ ਇੱਥੇ ਆਪਣੀ ਕਿਸਮ ਦੀ ਨਿਵੇਕਲੀ ਅਤੇ ਵਿਸ਼ੇਸ਼ ਫੋਰਸ ਦੀ ਸ਼ੁਰੂਆਤ ਕਰਨ ਲਈ ਵਿਸਤ੍ਰਿਤ ਸਮੀਖਿਆ ਮੀਟਿੰਗ ਲਈ ਪਹੁੰਚੇ ਸਨ, ਨੇ ਕਿਹਾ ਕਿ ਪੰਜਾਬ ਵਿੱਚ ਰੋਜ਼ਾਨਾ ਸੜਕ ਹਾਦਸਿਆਂ ਵਿੱਚ ਬਹੁਤ ਕੀਮਤੀ ਜਾਨਾਂ ਜਾਂਦੀਆਂ ਹਨ, ਜਿਨ੍ਹਾਂ ਨੂੰ ਰੋਕਿਆ ਜਾਣਾ ਅਤਿ-ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਉਦੋਂ ਹੀ ਸੰਭਵ ਹੈ, ਜੇ ਸੂਬੇ ਦੀਆਂ ਸੜਕਾਂ ’ਤੇ ਟਰੈਫਿਕ ਨੂੰ ਬਿਹਤਰ ਢੰਗ ਨਾਲ ਕੰਟਰੋਲ ਕੀਤਾ ਜਾਵੇ, ਇਸੇ ਲਈ ਪੰਜਾਬ ਪੁਲਿਸ ਵਿੱਚ ‘ ਰੋਡ ਸੇਫਟੀ ਫੋਰਸ’ ਦਾ ਗਠਨ ਕੀਤਾ ਜਾ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸੜਕ ਹਾਦਸਿਆਂ ਨੂੰ ਰੋਕਣ ਦੇ ਮੱਦੇਨਜ਼ਰ ਇਸ ਫੋਰਸ ਨੂੰ ਲਾਪ੍ਰਵਾਹੀ ਨਾਲ ਡਰਾਈਵਿੰਗ ਕਰਨ ਵਾਲਿਆਂ ’ਤੇ ਨਿਗ੍ਹਾ ਰੱਖਣ, ਸੜਕਾਂ ’ਤੇ ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਹੋਰ ਕੰਮਾਂ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ, ਜਿਸ ਨਾਲ ਥਾਣਿਆਂ ਵਿਚ ਤਾਇਨਾਤ ਪੁਲਿਸ ਮੁਲਾਜ਼ਮਾਂ ’ਤੇ ਬੋਝ ਵੀ ਘਟੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਵਿਸ਼ੇਸ਼ ਫੋਰਸ ਲਈ ਪਹਿਲੇ ਪੜਾਅ ਤਹਿਤ 1300 ਪੁਲਿਸ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇਗੀ। ਇਸ ਫੋਰਸ ਵੱਲੋਂ ਵਰਤੇ ਜਾਣ ਵਾਲੇ ਵਾਹਨਾਂ ਦਾ ਮੁਆਇਨਾ ਕਰਦਿਆਂ ਉਨ੍ਹਾਂ ਕਿਹਾ ਕਿ ਸ਼ੁਰੂਆਤੀ ਤੌਰ ’ਤੇ 144 ਵਾਹਨ ਲਾਂਚ ਕੀਤੇ ਜਾਣਗੇ, ਜਿਨ੍ਹਾਂ ਵਿਚੋਂ 116  ਇਸੂਜ਼ੂ ਵਾਹਨ ਹੋਣਗੇ, ਜੋ ਹਰ 30 ਕਿਲੋਮੀਟਰ ਬਾਅਦ ਤਾਇਨਾਤ ਕੀਤੇ ਜਾਣਗੇ ਅਤੇ 28 ਐਸ.ਯੂ.ਵੀ. ਹੋਣਗੀਆਂ, ਜੋ ਸਪੀਡ ਰਾਡਾਰ ਨਾਲ ਲੈਸ ਹੋਣਗੀਆਂ। ਭਗਵੰਤ ਮਾਨ ਨੇ ਅੱਗੇ ਦੱਸਿਆ ਕਿ ਇਨ੍ਹਾਂ ਵਾਹਨਾਂ ਵਿੱਚ ਦੁਰਘਟਨਾ ਹੋਣ ‘ਤੇ ਐਮਰਜੈਂਸੀ ਇਲਾਜ ਮੁਹੱਈਆ ਕਰਵਾਉਣ ਲਈ ਪੂਰੀ ਮੈਡੀਕਲ ਕਿੱਟ ਵੀ ਉਪਲਬਧ ਹੋਵੇਗੀ।

ਮੁੱਖ ਮੰਤਰੀ ਨੇ ਸੂਬੇ ਵਿੱਚ ਇਸ ਅਤਿ-ਆਧੁਨਿਕ ਫੋਰਸ ਲਈ ਪ੍ਰਸਤਾਵਿਤ ਵਰਦੀਆਂ ਦੇ ਵੱਖ-ਵੱਖ ਡਿਜ਼ਾਈਨਾਂ ਦੀ ਵੀ ਜਾਂਚ ਕਰਦਿਆਂ ਕਿਹਾ ਕਿ ਵਰਦੀ ਵਿੱਚ ਰਿਫਲੈਕਟਰ ਜ਼ਰੂਰ ਹੋਣੇ ਚਾਹੀਦੇ ਹਨ ਤਾਂ ਜੋ ਲੋੜਵੰਦ ਵਿਅਕਤੀ ਦੂਰੋਂ ਵੀ ਇਨ੍ਹਾਂ ਵਾਹਨਾਂ ਨੂੰ ਦੇਖ ਸਕੇ। ਉਨ੍ਹਾਂ ਕਿਹਾ ਕਿ ਇਹ ਫੋਰਸ ਸੂਬੇ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ। ਭਗਵੰਤ ਮਾਨ ਨੇ ਉਮੀਦ ਪ੍ਰਗਟਾਈ ਕਿ ਸੂਬਾ ਸਰਕਾਰ ਦਾ ਇਹ ਨਿਵੇਕਲਾ ਤੇ ਪਲੇਠਾ ਉਪਰਾਲਾ ਦੇਸ਼ ਦੇ ਬਾਕੀ ਰਾਜਾਂ ਵਿੱਚ ਵੀ ਦੁਹਰਾਇਆ ਜਾਵੇਗਾ।

ਮੁੱਖ ਮੰਤਰੀ ਦੇ ਨਾਲ ਡੀ.ਜੀ.ਪੀ. ਪੰਜਾਬ, ਗੌਰਵ ਯਾਦਵ, ਏ.ਡੀ.ਜੀ.ਪੀ. (ਟਰੈਫਿਕ) ਏ.ਐਸ. ਰਾਏ ਅਤੇ ਹੋਰ ਵੀ ਮੌਜੂਦ ਸਨ।   

CATEGORIES
Share This

COMMENTS

Wordpress (0)
Disqus (0 )
Translate