ਸੂਬੇ ਵਿੱਚ ਸਰਕਾਰ ਗਾਇਬ ਤੇ ਵਿਰੋਧੀ ਧਿਰ ਨੇ ਕੀਤਾ ਸਰੰਡਰ- ਸੁਨੀਲ ਜਾਖੜ


ਹੜ੍ਹ ਪੀੜਤਾਂ ਦੀ ਸਾਰ ਲੈਣ ਦੀ ਬਜਾਏ ਮੁੱਖ ਮੰਤਰੀ ਆਪਣੇ ਬੋਸ ਦੇ ਸਿਆਸੀ ਹਿੱਤ ਪੂਰਨ ਵਿੱਚ ਲੱਗੇ
ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਵਰਕਰਾਂ ਨਾਲ ਕੀਤੀ ਬੈਠਕ
ਹੁਸ਼ਿਆਰਪੁਰ 18 ਜੁਲਾਈ
ਪੰਜਾਬ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਛੱਡ ਕੇ ਮੁੱਖ ਮੰਤਰੀ ਆਪਣੇ ਬੋਸ ਦੇ ਸਿਆਸੀ ਸੁਪਨੇ ਪੂਰੇ ਕਰਨ ਵਿੱਚ ਲੱਗੇ ਹੋਏ ਹਨ ਜਦੋਂ ਕਿ ਵਿਰੋਧੀ ਧਿਰ ਕਾਂਗਰਸ ਪਾਰਟੀ ਆਪਣੇ ਨਿੱਜੀ ਹਿੱਤਾਂ ਲਈ ਗੋਡੇ ਟੇਕ ਕੇ ਆਪ ਦੀ ਝੋਲੀ ਬੈਠ ਗਈ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿੱਚ ਅਹੁਦੇਦਾਰਾਂ ਨਾਲ ਬੈਠਕ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਲੋਕ ਹੜ੍ਹਾਂ ਦੀ ਮਾਰ ਕਾਰਨ ਆਪਣੇ ਜਾਨ-ਮਾਲ ਦੀ ਰਾਖੀ ਲਈ ਜੱਦੋ ਜਹਿਦ ਕਰ ਰਹੇ ਹਨ ਤੇ ਪੰਜਾਬ ਦੇ ਹਾਲਾਤ ਚਣੌਤੀ ਭਰਪੂਰ ਬਣੇ ਹੋਏ ਹਨ। ਜਦੋਂ ਕਿ ਸਰਕਾਰ ਬੰਗਲੌਰ ਵਿੱਚ ਸਿਆਸੀ ਹਿੱਤਾਂ ਦੀ ਪੂਰਤੀ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸੂਬੇ ਵਿਚੋਂ ਗਾਇਬ ਹੈ ਤੇ ਲੋਕਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ। ਹੜ੍ਹ ਪੀੜਤਾਂ ਦੀ ਮਦਦ ਲੋਕ ਆਪਣੇ ਪੱਧਰ ਤੇ ਕਰ ਰਹੇ ਹਨ। ਅੱਜ ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਦੀ ਸਭ ਤੋਂ ਵੱਧ ਲੋੜ ਹੈ ਤੇ ਹੜਾਂ ਦੀ ਮਾਰ ਵਿਚ ਘਿਰੇ ਲੋਕ ਰੋਟੀ ਰੋਜ਼ੀ ਲਈ ਸਰਕਾਰ ਦੇ ਮੂੰਹ ਵੱਲ ਦੇਖ ਰਹੇ ਹਨ। ਕਿ ਸਰਕਾਰ ਰਾਹਤ ਲੈ ਕੇ ਆਵੇਗੀ ਪਰ ਸਰਕਾਰ ਸੱਤਾ ਦੇ ਹੰਕਾਰ ਵਿੱਚ ਲੋਕਾਂ ਤੋਂ ਮੂੰਹ ਮੋੜੀ ਬੈਠੀ ਹੈ। ਜਾਖੜ ਨੇ ਕਿਹਾ ਕਿ ਕਾਂਗਰਸ ਵਿਰੋਧੀ ਧਿਰ ਦੀ ਭੂਮਿਕਾ ਛੱਡ ਕੇ ਸਰੰਡਰ ਕਰ ਚੁੱਕੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕਰਦਿਆਂ ਕਿਹਾ ਕਿ ਤੁਸੀਂ ਹੁਣ ਇਹ ਦੱਸੋ ਕਿ ਕਾਂਗਰਸ ਹੁਣ ਸਰਕਾਰੀ ਪਾਰਟੀ ਹੈ ਜਾਂ ਵਿਰੋਧੀ ਪਾਰਟੀ। ਜਾਖੜ ਨੇ ਕਿਹਾ ਕਿ ਚਾਰ ਜੁਲਾਈ ਨੂੰ ਸੂਬੇ ਵਿੱਚ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਸੀ ਤਾਂ ਉਦੋਂ ਮੁੱਖ ਮੰਤਰੀ ਨੇ ਅਗਾਊਂ ਪ੍ਰਬੰਧਾਂ ਲਈ ਯਤਨ ਕਿਉਂ ਨਹੀਂ ਕੀਤੇ ਅਗਾਊਂ ਪ੍ਰਬੰਧ ਨਾ ਹੋਣ ਕਾਰਨ ਹੀ ਅੱਜ ਪੰਜਾਬ ਦੇ ਇਹ ਹਾਲਾਤ ਬਣੇ ਹੋਏ ਹਨ। ਜਾਖੜ ਨੇ ਕਿਹਾ ਕਿ ਸਰਕਾਰ ਦਾ ਧਿਆਨ ਪੰਜਾਬ ਦੇ ਲੋਕਾਂ ਵੱਲ ਨਹੀਂ ਸਗੋਂ ਹੋਰ ਰਾਜਾਂ ਵਿੱਚ ਆਪਣੇ ਸਿਆਸੀ ਸੁਪਨਿਆਂ ਨੂੰ ਪੂਰਾ ਕਰਨ ਲਈ ਲੱਗਿਆ ਹੋਇਆ ਹੈ। ਉਹਨਾਂ ਕਿਹਾ ਕਿ ਜੋ ਕਰੋੜਾਂ ਰੁਪਏ ਇਸ਼ਤਿਹਾਰਬਾਜ਼ੀ ਤੇ ਲਾਏ ਜਾ ਰਹੇ ਹਨ ਇਨ੍ਹਾਂ ਨਾਲ ਗ਼ਰੀਬਾਂ ਤੇ ਕਿਸਾਨਾਂ ਦਾ ਭਲਾ ਹੋ ਸਕਦਾ ਹੈ। ਜਾਖੜ ਨੇ ਤੰਜ ਕਸਦਿਆਂ ਕਿਹਾ ਕਿ ਕੱਪੜੇ ਲਬੇੜਨ ਤੇ ਫੋਟੋ ਸ਼ੂਟ ਕਰਵਾਉਣ ਨਾਲ ਲੋਕਾਂ ਦੇ ਮਸਲੇ ਹੱਲ ਨਹੀਂ ਹੋਣੇ। ਲੋਕਾਂ ਦੀ ਸਾਰ ਲੈਣ ਤੇ ਉਹਨਾਂ ਤੱਕ ਰਾਹਤ ਪਹੁੰਚਾਉਣ ਦੀ ਲੋੜ ਹੈ। ਜਾਖੜ ਨੇ ਕਿਹਾ ਕਿ ਸਰਕਾਰ ਆਪਣੀ ਜਿੰਮੇਵਾਰੀ ਤੋਂ ਭੱਜ ਚੁੱਕੀ ਹੈ। ਲੋਕਾਂ ਨੇ ਬਦਲਾਅ ਤਹਿਤ ਇਨ੍ਹਾਂ ਨੂੰ ਲਿਆਂਦਾ ਸੀ ਪਰ ਇਹ ਤਾਂ ਵਾਅਦੇ ਕਰਕੇ ਮੁੱਕਰ ਗਏ ਤੇ ਲੋਕ ਹੋਰ ਔਖੇ ਹੋ ਗਏ। ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਭੇਜੇ ਪੈਸੇ ਦੀ ਸਹੀ ਵਰਤੋਂ ਕਰਦਿਆਂ ਤੁਰੰਤ ਹੜ੍ਹ ਪੀੜਤ ਲੋਕਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਾ ਬੁਰਾ ਹਾਲ ਹੈ। ਇੱਥੇ ਲੋਕ ਸੁਰੱਖਿਅਤ ਨਹੀਂ। ਸਗੋਂ ਗੈਗਸਟਰ ਜਿਆਦਾ ਸੁਰੱਖਿਅਤ ਹਨ। ਭ੍ਰਿਸ਼ਟਾਚਾਰ ਖਤਮ ਹੋਣ ਦੀ ਬਜਾਏ ਮਹਿੰਗਾ ਹੋ ਗਿਆ। ਯੂਸੀਸੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਬਾਰੇ ਪਤਾ ਕਿਸੇ ਨੂੰ ਨਹੀਂ ਹੈ ਕਿ ਇਸ ਵਿਚ ਕੀ ਹੋਵੇਗਾ ਪਰ ਵਿਰੋਧ ਸਾਰੇ ਹੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਯੂਸੀਸੀ ਹੋਵੇ ਜਾਂ ਕੁਝ ਹੋਰ ਧਾਰਮਿਕ ਮਸਲਿਆਂ ਵਿੱਚ ਸਰਕਾਰਾਂ ਦੀ ਦਖ਼ਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਜਾਖੜ ਨੇ ਕਿਹਾ ਕਿ ਸੂਬੇ ਵਿੱਚ ਲੋਕਾਂ ਦੇ ਮੁੱਦੇ ਅਸੀਂ ਚੁੱਕਾਂਗੇ ਤੇ ਸਰਕਾਰ ਨੂੰ ਸਰਕਾਰ ਦੀ ਜਿੰਮੇਵਾਰੀ ਦਾ ਅਹਿਸਾਸ ਕਰਵਾਵਾਂਗੇ। ਤੇ ਮਿਲ ਜੁਲ ਕੇ ਸੂਬੇ ਦੀ ਬਿਹਤਰੀ ਲਈ ਕੰਮ ਕਰਾਂਗੇ। ਉਹਨਾਂ ਕਿਹਾ ਕਿ ਅਸੀਂ ਲੋਕਾਂ ਦੇ ਵਿੱਚ ਜਾਕੇ ਲੋਕਾਂ ਦੇ ਦਿਲ ਜਿੱਤਾਂਗੇ ਬਾਕੀ ਸਭ ਕੁਝ ਆਪੇ ਹੋ ਜਾਵੇਗਾ।

CATEGORIES
Share This

COMMENTS

Wordpress (0)
Disqus (0 )
Translate