ਝੂਰੜ ਖੇੜਾ ਕਲੱਸਟਰ ਵਿਖੇ ਬਾਲ ਦਿਵਸ ਨੂੰ ਸਮਰਪਿਤ ਸਿੱਖਣ ਪਰਿਣਾਮ ਅਧਾਰਿਤ ਪ੍ਰੀ-ਪ੍ਰਾਇਮਰੀ ਕਲੱਸਟਰ ਪੱਧਰੀ ਖੇਡਾਂ (ਪੜਾਅ-2) ਕਰਵਾਈਆਂ ਗਈਆਂ

ਅਬੋਹਰ 15 ਨਵੰਬਰ। ਕਲੱਸਟਰ ਝੂਰੜ ਖੇੜਾ ਵਿਖੇ ਸਿੱਖਣ ਪਰਿਣਾਮ ਅਧਾਰਿਤ ਅਤੇ ਬਾਲ ਦਿਵਸ ਨੂੰ ਸਮਰਪਿਤ ਪ੍ਰੀ-ਪ੍ਰਾਇਮਰੀ ਕਲੱਸਟਰ ਪੱਧਰੀ ਖੇਡਾਂ ਭਾਰਤੀ ਏਅਰਟੇਲ ਫਾਉਂਡੇਸ਼ਨ ਸੰਸਥਾ ਦੇ ਸਹਿਯੋਗ ਨਾਲ ਬੜੇ ਉਤਸਾਹ ਪੂਰਨ ਮਾਹੌਲ ਵਿੱਚ ਕਰਵਾਈਆਂ ਗਈਆਂ।

ਇਨ੍ਹਾਂ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਝੂਰੜ ਖੇੜਾ, ਵਰਿਆਮ ਖੇੜਾ, ਰੁਕਨਪੁਰਾ, ਪੱਟੀ ਸਦੀਕ, ਢੀਂਗਾ ਵਾਲੀ, ਸ਼ੇਰਗੜ੍ਹ, ਢਾਣੀ ਵਰਿਆਮ ਖੇੜਾ ਅਤੇ ਢਾਣੀ ਹਰਗੋਬਿੰਦ ਪੁਰਾ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਭਾਗ ਲਿਆ।

ਇਸ ਮੌਕੇ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਖੇਡ-ਖੇਡ ਵਿੱਚ ਸਿੱਖਣ ਦੀ ਪ੍ਰਕਿਰਿਆ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਦਿਲਚਸਪ ਗਤੀਵਿਧੀਆਂ ਕਰਵਾਈਆਂ ਗਈਆਂ। ਇਨ੍ਹਾਂ ਵਿੱਚ ਬਾਲ ਗੀਤ, ਰੰਗਾਂ ਦੀ ਪਛਾਣ, ਸਬਜ਼ੀਆਂ ਅਤੇ ਫਲਾਂ ਦੀ ਪਛਾਣ, ਬੈਲੇਂਸ ਗੇਮ, ਚਮਚ ਰੇਸ, ਇੱਕ ਤੋਂ ਨੌਂ ਤੱਕ ਦੀ ਗਿਣਤੀ ਦੀ ਤਰਤੀਬ, ਮੋਤੀ ਪਿਰੋਣੇ, ਬਾਲ ਸੁੱਟਣੀ ਆਦਿ ਖੇਡਾਂ ਸ਼ਾਮਲ ਸਨ।

ਇਨ੍ਹਾਂ ਗਤੀਵਿਧੀਆਂ ਰਾਹੀਂ ਬੱਚਿਆਂ ਵਿੱਚ ਭਾਸ਼ਾਈ ਵਿਕਾਸ, ਰੰਗਾਂ ਅਤੇ ਵਸਤੂਆਂ ਦੀ ਪਛਾਣ, ਗਿਣਤੀ ਦਾ ਗਿਆਨ, ਹੱਥਾਂ ਅਤੇ ਅੱਖਾਂ ਦਾ ਤਾਲਮੇਲ, ਸਰੀਰਕ ਸੰਤੁਲਨ, ਇਕਾਗਰਤਾ, ਆਤਮ-ਵਿਸ਼ਵਾਸ ਅਤੇ ਆਪਸੀ ਸਹਿਯੋਗ ਵਰਗੇ ਸਿੱਖਣ ਪਰਿਣਾਮਾਂ ਨੂੰ ਵਿਕਸਿਤ ਕਰਨ ਦਾ ਯਤਨ ਕੀਤਾ ਗਿਆ।

ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਸਤੀਸ਼ ਮਿਗਲਾਨੀ ਅਤੇ ਕਲੱਸਟਰ ਮੁਖੀ ਸ਼੍ਰੀ ਅਭਿਸ਼ੇਕ ਕਟਾਰੀਆ ਨੇ ਕਿਹਾ ਕਿ ਪ੍ਰੀ-ਪ੍ਰਾਇਮਰੀ ਪੱਧਰ ’ਤੇ ਖੇਡਾਂ ਅਤੇ ਗਤੀਵਿਧੀਆਂ ਰਾਹੀਂ ਸਿੱਖਿਆ ਦੇਣਾ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ। ਅਜਿਹੀਆਂ ਗਤੀਵਿਧੀਆਂ ਬੱਚਿਆਂ ਵਿੱਚ ਸਿੱਖਣ ਪ੍ਰਤੀ ਰੁਚੀ ਪੈਦਾ ਕਰਦੀਆਂ ਹਨ ਅਤੇ ਉਨ੍ਹਾਂ ਦੇ ਹੁਨਰਾਂ ਨੂੰ ਨਿਖਾਰਨ ਵਿੱਚ ਸਹਾਇਕ ਹੁੰਦੀਆਂ ਹਨ।

ਅੰਤ ਵਿੱਚ ਸਾਰੇ ਭਾਗ ਲੈਣ ਵਾਲੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ ਅਤੇ ਜੇਤੂ ਬੱਚਿਆਂ ਨੂੰ ਇਨਾਮਾਂ ਨਾਲ ਨਿਵਾਜਿਆ ਗਿਆ ਅਤੇ ਕਲੱਸਟਰ ਦੇ ਸਮੂਹ ਸਕੂਲ ਮੁਖੀਆਂ ਅਤੇ ਪ੍ਰੀ – ਪ੍ਰਾਇਮਰੀ ਅਧਿਆਪਕਾਂ ਦਾ ਪ੍ਰੀ ਪ੍ਰਾਇਮਰੀ ਖੇਡਾਂ ਦੇ ਪੜਾਅ 2 ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਵਿੱਚ ਦਿੱਤੇ ਵਿਸ਼ੇਸ਼ ਸਹਿਯੋਗ ਸਦਕਾ ਧੰਨਵਾਦ ਕੀਤਾ ਗਿਆ।

CATEGORIES
Share This

COMMENTS

Wordpress (0)
Disqus ( )
Translate