ਰੋਜ਼ਾਨਾ ਦੀ ਕਸਰਤ ਅਤੇ ਸੰਤੁਲਿਤ ਭੋਜਨ ਸ਼ੂਗਰ ਤੋਂ ਕਰਦਾ ਹੈ ਬਚਾਅ-ਡਾ.ਬ੍ਰਿਜੇਸ਼ ਸਿੰਘ
ਵਿਸ਼ਵ ਸ਼ੂਗਰ ਦਿਵਸ ‘ਤੇ ਵਿਸ਼ੇਸ਼
ਸ਼ੂਗਰ ਦੇ ਮਰੀਜ਼ ਲਈ ਸਮੇਂ-ਸਮੇਂ ਸਿਰ ਸਿਹਤ ਜਾਂਚ ਜਰੂਰੀ – ਡਾ. ਬ੍ਰਿਜੇਸ਼ ਸਿੰਘ
ਕਾਲੋਮਾਜਰਾ 15 ਨਵੰਬਰ। ਅੱਜ ਦੇ ਤਕਨੀਕੀ ਯੁੱਗ ਵਿੱਚ ਜਿੱਥੇ ਲੋਕ ਆਪਣੀਆਂ ਰੁਝੇਵਿਆਂ ਵਿੱਚ ਬਹੁਤ ਜਿਆਦਾ ਵਿਅਸਤ ਰਹਿੰਦੇ ਹਨ, ਉਥੇ ਹੀ ਆਪਣੀ ਸਿਹਤ ਪ੍ਰਤੀ ਲਾਪਰਵਾਹੀ ਕਾਰਨ ਸ਼ੂਗਰ ਅਤੇ ਹਾਈਪਰਟੈਂਸ਼ਨ ਵਰਗੀਆਂ ਕਈ ਬਿਮਾਰੀਆਂ ਉਨ੍ਹਾਂ ਨੂੰ ਘੇਰ ਲੈਂਦੀਆਂ ਹਨ। ਇਨ੍ਹਾਂ ਬਿਮਾਰੀਆਂ ਬਾਰੇ ਜਾਗਰੂਕਤਾ ਫੈਲਾਉਣ ਲਈ ਹਰ ਵਰ੍ਹੇ 14 ਨਵੰਬਰ ਨੂੰ “ਵਿਸ਼ਵ ਸ਼ੂਗਰ ਦਿਵਸ” ਮਨਾਇਆ ਜਾਂਦਾ ਹੈ। ਇਸੇ ਤਹਿਤ ਸਿਵਲ ਸਰਜਨ ਪਟਿਆਲਾ ਡਾ. ਸ਼ੈਲੀ ਜੇਤਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਬ੍ਰਿਜੇਸ਼ ਸਿੰਘ ਦੀ ਯੋਗ ਅਗਵਾਈ ਹੇਠ ਕਾਲੋਮਾਜਰਾ ਵਿਖੇ
“ਵਿਸ਼ਵ ਸ਼ੂਗਰ ਦਿਵਸ” ਮਨਾਇਆ ਗਿਆ। ਇਸ ਮੌਕੇ ਮੈਡੀਕਲ ਅਫ਼ਸਰ ਡਾ. ਅਖਿਲ ਸਚਦੇਵਾ ਅਤੇ ਮੈਡੀਕਲ ਅਫਸਰ ਡਾਕਟਰ ਹਰਤਾਜ ਸਿੰਘ ਵੱਲੋਂ ਹਸਪਤਾਲ ਵਿਖੇ ਆਏ ਮਰੀਜ਼ਾਂ ਦੀ ਸ਼ੂਗਰ ਜਾਂਚ ਕੀਤੀ ਗਈ।
ਇਸ ਦੌਰਾਨ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਬ੍ਰਿਜੇਸ਼ ਸਿੰਘ ਨੇ ਦੱਸਿਆ ਕਿ ਸ਼ੂਗਰ ਮੈਟਾਬੋਲਿਕ ਬਿਮਾਰੀਆਂ ਦਾ ਇਕ ਸਮੂਹ ਹੈ, ਜਿਸ ਨਾਲ ਖੂਨ ਵਿੱਚ ਗਲੂਕੋਜ਼ ਦਾ ਪੱਧਰ ਸਧਾਰਨ ਨਾਲੋਂ ਵੱਧ ਜਾਂਦਾ ਹੈ। ਇਹ ਬਿਮਾਰੀ ਸਰੀਰ ਦੇ ਕਿਸੇ ਵੀ ਅੰਗ ਨੂੰ ਪ੍ਰਭਾਵਿਤ ਕਰ ਸਕਦੀ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇ ਕਿਸੇ ਵਿਅਕਤੀ ਨੂੰ ਵਾਰ-ਵਾਰ ਪਿਸ਼ਾਬ ਆਉਣਾ, ਜਖਮ ਦੇਰੀ ਨਾਲ ਭਰਨਾ, ਅਚਾਨਕ ਵਜ਼ਨ ਘਟਣਾ, ਬਹੁਤ ਭੁੱਖ ਜਾਂ ਪਿਆਸ ਲੱਗਣਾ, ਹੱਥ-ਪੈਰ ਸੁੰਨ ਹੋਣਾ ਆਦਿ ਲੱਛਣ ਦਿਖਣ ਤਾਂ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 30 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਨੂੰ ਰੁਟੀਨ ਚੈਕਅੱਪ ਕਰਵਾਉਣਾ ਚਾਹੀਦਾ ਹੈ। ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮਰੀਜ਼ਾਂ ਦੀ ਸ਼ੂਗਰ ਜਾਂਚ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਸ਼ੂਗਰ ਦੇ ਮਰੀਜ਼ ਡਾਕਟਰੀ ਸਲਾਹ ਨਾਲ ਹੀ ਸਮੇਂ-ਸਮੇਂ ’ਤੇ ਆਪਣੀ ਸਿਹਤ ਜਾਂਚ ਜਰੂਰ ਕਰਵਾਉਂਦੇ ਰਹਿਣ।
ਇਸ ਮੌਕੇ ਮੈਡੀਕਲ ਅਫਸਰ ਡਾ. ਹਰਤਾਜ ਸਿੰਘ ਨੇ ਹਸਪਤਾਲ
ਵਿੱਚ ਆਏ ਮਰੀਜ਼ਾਂ ਅਤੇ ਲੋਕਾਂ ਨੂੰ ਸ਼ੂਗਰ ਤੋਂ ਬਚਾਅ ਲਈ ਹਰੀਆਂ ਸਬਜ਼ੀਆਂ, ਫਲ, ਸਲਾਦ ਦਾ ਵਧੇਰੇ ਸੇਵਨ ਕਰਨਾ, ਰੋਜ਼ਾਨਾ 30–40 ਮਿੰਟ ਦੀ ਸੈਰ, ਕਸਰਤ, ਯੋਗਾ ਤੇ ਮੈਡੀਟੇਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਹੋਰ ਦੱਸਿਆ ਕਿ ਸੰਤੁਲਿਤ ਭੋਜਨ, ਤੰਬਾਕੂ, ਸ਼ਰਾਬ ਅਤੇ ਜੰਕ ਫੂਡ ਤੋਂ ਪਰਹੇਜ਼ ਕਰਨਾ ਵੀ ਸ਼ੂਗਰ ਤੋਂ ਬਚਾਅ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਮਰੀਜ਼ਾਂ ਨੂੰ ਘਰ ਦਾ ਬਣਿਆ ਖਾਣਾ ਖਾਣ ਅਤੇ ਬਾਹਰੀ ਪਦਾਰਥਾਂ ਦਾ ਸੇਵਨ ਨਾ ਕਰਨ ਦੀ ਸਲਾਹ ਦਿੱਤੀ। ਇਸ ਮੌਕੇ ਮੋਨਿਕਾ ਬੀ.ਈ.ਈ ਨੇ ਸਮੂਹ ਆਸ਼ਾ ਵਰਕਰਾਂ ਰਾਹੀਂ ਪਿੰਡ ਪੱਧਰ ਤੇ ਆਮ ਲੋਕਾਂ ਨੂੰ ਸ਼ੂਗਰ ਦੇ ਲੱਛਣ ਅਤੇ ਯੋਗ ਇਲਾਜ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰ ਵਧੇਰੇ ਜਾਗਰੂਕਤਾ ਲਿਆਉਣ ਲਈ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਹੜੇ ਮਰੀਜ਼ ਰੋਜ਼ਾਨਾ ਸ਼ੂਗਰ ਦੀ ਦਵਾਈਆਂ ਖਾਂਦੇ ਹਨ ਉਨ੍ਹਾਂ ਨੂੰ ਬਿਨਾਂ ਛੱਡੇ ਸਮੇਂ ਸਿਰ ਡਾਕਟਰ ਦੀ ਲਿਖੀ ਦਵਾਈ ਖਾਣੀ ਚਾਹੀਦੀ ਹੈ ਤਾਂ ਜੋ ਸਰੀਰਕ ਸ਼ੂਗਰ ਦਾ ਪੱਧਰ ਸੰਤੁਲਿਤ ਰਹੇ।



