ਪੰਜ ਸਾਲਾ ਜੱਫਨਤ ਕੌਰ ਖੱਟੜਾ ਨੇ ਰਚਿਆ ਇਤਿਹਾਸ, 38ਵੀਂ ਪੰਜਾਬ ਗੋਲਡ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਦੋ ਸੋਨੇ ਦੇ ਤਗਮੇ ਜਿੱਤ ਕੇ ਬਣੀ ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਸਟੇਟ ਗੋਲਡ ਮੈਡਲਿਸਟ

ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਕੋਚਾਂ ਦੀ ਬਿਹਤਰੀਨ ਟ੍ਰੇਨਿੰਗ ਸਦਕਾ ਪੰਜ ਸਾਲ ਦੀ ਉਮਰ ਵਿੱਚ 17 ਤਗਮੇ ਜਿੱਤ ਕੇ ਬਣੀ ਉਭਰਦੀ ਖੇਡ ਸਿਤਾਰਾ

ਚੰਡੀਗੜ੍ਹ, 12 ਨਵੰਬਰ

ਸਿਰਫ਼ ਪੰਜ ਸਾਲ ਦੀ ਨਿੱਕੀ ਉਮਰ ਵਿੱਚ ਜੱਫਨਤ ਕੌਰ ਖੱਟੜਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 38ਵੀਂ ਪੰਜਾਬ ਗੋਲਡ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਦੋ ਸੋਨੇ ਦੇ ਤਗਮੇ ਜਿੱਤ ਕੇ ਪੰਜਾਬ ਦੇ ਖੇਡ ਇਤਿਹਾਸ ਵਿੱਚ ਆਪਣਾ ਨਾਮ ਸੁਨਹਿਰੀ ਅੱਖਰਾਂ ਵਿੱਚ ਦਰਜ ਕਰਵਾ ਲਿਆ ਹੈ। ਇਸ ਸ਼ਾਨਦਾਰ ਪ੍ਰਾਪਤੀ ਨਾਲ ਉਹ ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਸਟੇਟ ਗੋਲਡ ਮੈਡਲਿਸਟ ਬਣ ਗਈ ਹੈ।

ਨਾਭਾ ਦੇ ਪਿੰਡ ਰੋਹਟੀ ਮੌੜਾਂ ਵਿੱਚ ਜਨਮੀ ਜੱਫਨਤ ਕੌਰ ਖੱਟੜਾ ਇਸ ਸਮੇਂ ਯਾਦਵਿੰਦਰਾ ਪਬਲਿਕ ਸਕੂਲ, ਮੋਹਾਲੀ ਵਿੱਚ ਸਿੱਖਿਆ ਹਾਸਲ ਕਰ ਰਹੀ ਹੈ। ਮਾਤਾ-ਪਿਤਾ ਦੇ ਚੰਡੀਗੜ੍ਹ ਵਿਖੇ ਸਰਕਾਰੀ ਨੌਕਰੀ ਕਰਨ ਕਰਕੇ ਉਸ ਨੇ ਪੜ੍ਹਾਈ ਦੇ ਨਾਲ-ਨਾਲ ਅਰਥਲਿੰਗਜ਼ ਸਕੇਟਿੰਗ ਅਕੈਡਮੀ, ਮੋਹਾਲੀ ਤੋਂ ਸਕੇਟਿੰਗ ਦੀ ਸਿਖਲਾਈ ਸ਼ੁਰੂ ਕੀਤੀ। ਕੋਚਾਂ ਦੀ ਮਾਹਿਰ ਅਗਵਾਈ, ਲਗਾਤਾਰ ਅਭਿਆਸ ਅਤੇ ਅਥਾਹ ਮਿਹਨਤ ਨੇ ਉਸ ਨੂੰ ਛੋਟੀ ਉਮਰ ਵਿੱਚ ਹੀ ਵੱਡੀਆਂ ਉਪਲਬਧੀਆਂ ਹਾਸਲ ਕਰਨ ਦੇ ਯੋਗ ਬਣਾਇਆ।

ਮਹਿਜ਼ ਪੰਜ ਸਾਲ ਦੀ ਉਮਰ ਵਿੱਚ ਜਫਨਤ ਕੌਰ ਹੁਣ ਤੱਕ ਵੱਖ-ਵੱਖ ਸਕੇਟਿੰਗ ਮੁਕਾਬਲਿਆਂ ਵਿੱਚ 17 ਤਗਮੇ ਆਪਣੇ ਨਾਮ ਕਰ ਚੁੱਕੀ ਹੈ, ਜਿਨ੍ਹਾਂ ਵਿੱਚ 12 ਸੋਨੇ, 3 ਚਾਂਦੀ ਅਤੇ 2 ਕਾਂਸੀ ਦੇ ਤਗਮੇ ਸ਼ਾਮਲ ਹਨ। ਉਸ ਦੀਆਂ ਇਹ ਪ੍ਰਾਪਤੀਆਂ ਉਸ ਦੀ ਲਗਨ, ਮਿਹਨਤ ਅਤੇ ਖੇਡ ਪ੍ਰਤੀ ਸਮਰਪਣ ਦੀ ਮਿਸਾਲ ਹਨ।

ਜੱਫਨਤ ਕੌਰ ਖੱਟੜਾ ਦੀ ਇਹ ਇਤਿਹਾਸਕ ਸਫਲਤਾ ਨਾ ਸਿਰਫ਼ ਉਸ ਦੇ ਪਰਿਵਾਰ, ਸਕੂਲ ਅਤੇ ਅਕੈਡਮੀ ਲਈ ਮਾਣ ਵਾਲੀ ਗੱਲ ਹੈ, ਸਗੋਂ ਪੰਜਾਬ ਦੇ ਹਜ਼ਾਰਾਂ ਨੌਜਵਾਨ ਖਿਡਾਰੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਹੈ। ਉਸ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਛੋਟੀ ਉਮਰ ਤੋਂ ਹੀ ਪ੍ਰਤਿਭਾ ਨੂੰ ਸਹੀ ਮਾਰਗਦਰਸ਼ਨ, ਸਖ਼ਤ ਮਿਹਨਤ ਅਤੇ ਨਿਰੰਤਰ ਅਭਿਆਸ ਮਿਲੇ ਤਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਸਫਲਤਾਵਾਂ ਦਾ ਰਾਹ ਵੀ ਖੁੱਲ੍ਹ ਜਾਂਦਾ ਹੈ।


CATEGORIES
Share This

COMMENTS

Wordpress (0)
Disqus ( )
Translate