ਸਪੀਕਰ ਸੰਧਵਾਂ ਨੇ ਲੋਕਾਂ ਨੂੰ ਵਿਸ਼ਵਕਰਮਾ ਦਿਵਸ ਦੀਆਂ ਦਿੱਤੀਆਂ ਵਧਾਈਆਂ
ਵੱਖ-ਵੱਖ ਸਮਾਗਮਾਂ ਵਿੱਚ ਕੀਤੀ ਸ਼ਿਰਕਤ
– ਰਾਜ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਵਿੱਚ ਕਿਰਤੀਆਂ ਦਾ ਅਹਿਮ ਯੋਗਦਾਨ
ਕੋਟਕਪੂਰਾ 09 ਨਵੰਬਰ
ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਵਿਸ਼ਵਕਰਮਾ ਦਿਵਸ ਦੇ ਪਾਵਨ ਦਿਹਾੜੇ ਤੇ ਅੱਜ ਪਿੰਡ ਵਾਂਦਰ ਜਟਾਣਾ, ਪਿੰਡ ਸੰਧਵਾ, ਵਿਸ਼ਵਕਰਮਾ ਧਰਮਸ਼ਾਲਾ ਜਟਾਣਾ ਪੱਤੀ, ਵਿਸ਼ਵਕਰਮਾ ਭਵਨ ਸਰਕੂਲਰ ਰੋਡ ਫਰੀਦਕੋਟ, ਪਿੰਡ ਟਹਿਣਾ ਅਤੇ ਗੁਰਦੁਆਰਾ ਰਾਮਗੜੀਆ ਕੋਟਕਪੂਰਾ ਵਿਖੇ ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ ਕਰਕੇ ਕਿਰਤੀ ਭਾਈਚਾਰੇ ਨੂੰ ਵਧਾਈ ਦਿੱਤੀ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ।
ਸਪੀਕਰ ਸ.ਸੰਧਵਾਂ ਨੇ ਕਿਰਤੀ ਕਾਮਿਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਨੂੰ ਬ੍ਰਹਿਮੰਡ ਦਾ ਪਹਿਲਾ ਸ਼ਿਲਪਕਾਰ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਬ੍ਰਹਿਮੰਡ ਦੇ ਪਹਿਲੇ ਇੰਜੀਨੀਅਰ ਵਜੋਂ ਸਤਿਕਾਰਿਆ ਜਾਂਦਾ ਹੈ। ਭਗਵਾਨ ਵਿਸ਼ਵਕਰਮਾ ਵੱਲੋਂ ਕੀਤੀ ਗਈ ਰਚਨਾ ਨੇ ਭਾਰਤੀ ਦਸਤਕਾਰਾਂ, ਕਾਰੀਗਰਾਂ ਅਤੇ ਕਿਰਤੀ ,ਕਾਮਿਆਂ ਵਿੱਚ ਸੱਚੀ ਤੇ ਸੁੱਚੀ ਕਿਰਤ ਕਰਨ ਦੀ ਭਾਵਨਾ ਪੈਦਾ ਕੀਤੀ। ਬਾਬਾ ਵਿਸ਼ਵਕਰਮਾ ਦੀ ਹਥਿਆਰਾਂ, ਔਜ਼ਾਰਾਂ, ਮਸ਼ੀਨਾਂ ਆਦਿ ਦੀ ਬਣਤਰ ਕਲਾ ਵਿਚ ਵੱਡੀ ਦੇਣ ਹੈ।
ਉਨ੍ਹਾਂ ਕਿਹਾ ਕਿ ਵਿਸ਼ਵਕਰਮਾ ਦਿਵਸ ਮਿਹਨਤ, ਕਲਾ ਤੇ ਕਾਰੀਗਰੀ ਦਾ ਪ੍ਰਤੀਕ ਹੈ ਅਤੇ ਇਸ ਤਰ੍ਹਾਂ ਦੇ ਸਮਾਗਮ ਸਮਾਜ ਨੂੰ ਏਕਤਾ, ਸ਼ਰਧਾ ਤੇ ਸੇਵਾ ਦੇ ਰਾਹ ਤੇ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਮਨੁੱਖਤਾ ਲਈ ਮਿਹਨਤ, ਇਮਾਨਦਾਰੀ ਅਤੇ ਸਿਰਜਣਾ ਦੇ ਪ੍ਰਤੀਕ ਹਨ ਤੇ ਸਾਨੂੰ ਸਾਰਿਆਂ ਨੂੰ ਉਨ੍ਹਾਂ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਜ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਵਿੱਚ ਕਿਰਤੀਆਂ ਦਾ ਅਹਿਮ ਯੋਗਦਾਨ ਹੈ। ਉਨ੍ਹਾ ਬੱਚਿਆਂ ਅਤੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਟੈਕਨਾਲਜੀ ਦੇ ਗੁਲਾਮ ਬਣਕੇ ਨਹੀਂ ਰਹਿਣਾ, ਟੈਕਨਾਲਜੀ ਨੂੰ ਵਰਤਣਾ ਸਿੱਖੋ, ਉਸ ਦੇ ਲਈ ਪੰਜਾਬ ਸਰਕਾਰ ਸਾਰਿਆਂ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ।



