ਮਾਲ ਮੰਤਰੀ ਮੁੰਡੀਆਂ ਨੇ ਮੁੱਖ ਮੰਤਰੀ ਨੂੰ ਕਪੂਰਥਲਾ ਜ਼ਿਲ੍ਹੇ ਵਿਚ ਰਾਹਤ ਕਾਰਜਾਂ ਬਾਰੇ ਜਾਣੂੰ ਕਰਵਾਇਆ

ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਕਾਰਜ ਜੰਗੀ ਪੱਧਰ ਤੇ ਜਾਰੀ

300 ਦੇ ਕਰੀਬ ਲੋਕਾਂ ਨੂੰ ਹੜ੍ਹਾਂ ਵਿਚੋਂ ਕੱਢਕੇ ਸੁਰੱਖਿਅਤ ਥਾਵਾਂ ਉੇਪਰ ਲਿਆਂਦਾ

ਕਪੂਰਥਲ਼ਾ,29 ਅਗਸਤ :ਪੰਜਾਬ ਦੇ ਮਾਲ ਮੰਤਰੀ ਸ.ਹਰਦੀਪ ਸਿੰਘ ਮੁੰਡੀਆਂ ਨੇ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਨੂੰ ਵੀਡੀਓ ਕਾਨਫਰੰਸ ਰਾਹੀਂ ਕਪੂਰਥਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਚੱਲ ਰਹੇ ਰਾਹਤ ਕਾਰਜਾਂ ਬਾਰੇ ਵਿਸਾਥਾਰ ਵਿਚ ਜਾਣਕਾਰੀ ਦਿੱਤੀ ਹੈ ।

ਪੰਜਾਬ ਸਰਕਾਰ ਵਲੋਂ ਕਪੂਰਥਲਾ ਜ਼ਿਲ੍ਹੇ ਦੇ ਹੜ੍ਹ ਮਾਰੇ ਖੇਤਰਾਂ ਵਿਚ ਰਾਹਤ ਕਾਰਜਾਂ ਦੀ ਸੁਚੱਜੀ ਨਿਗਰਾਨੀ ਲਈ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੂੰ ਇੰਚਾਰਜ ਲਗਾਇਆ ਗਿਆ ਹੈ।

ਉਨ੍ਹਾਂ ਕਪੂਰਥਲਾ ਜ਼ਿਲ੍ਹੇ ਦੇ ਲਗਾਤਾਰ ਤੀਜੇ ਦੌਰੇ ਦੌਰਾਨ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਐਸ.ਐਸ.ਪੀ ਗੌਰਵ ਤੂਰਾ ਤੇ ਹੋਰਨਾਂ ਅਧਿਕਾਰੀਆਂ ਸਮੇਤ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨਾਲ ਹੋਈ ਵੀਡੀਓ ਕਾਨਫਰੰਸ ਵਿਚ ਭਾਗ ਲਿਆ।

ਉਨ੍ਹਾਂ ਮੁੱਖ ਮੰਤਰੀ ਨੂੰ ਦੱਸਿਆ ਕਿ ਕਪੂਰਥਲਾ ਦੇ ਪ੍ਰਭਾਵਿਤ ਖੇਤਰਾਂ ਸੁਲਤਾਨਪੁਰ ਲੋਧੀ ਅਤੇ ਢਿਲਵਾਂ ਵਿਚ ਰਾਹਤ ਕਾਰਜ ਜੰਗੀ ਪੱਧਰ ਤੇ ਚੱਲ ਰਹੇ ਹਨ।

ਉਨ੍ਹਾਂ ਦੱਸਿਆ ਕਿ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਦੇ ਮੱਦੇਨਜ਼ਰ ਪ੍ਰਭਾਵਿਤ ਖੇਤਰਾਂ ਵਿਚੋਂ ਐਸ.ਡੀ.ਆਰ.ਐਫ. ਅਤੇ ਆਰਮੀ ਦੀ ਸਹਾਇਤਾ ਨਾਲ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾ ਦਿੱਤਾ ਗਿਆ ਹੈ ਅਤੇ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਉਨ੍ਹਾਂ ਦੱਸਿਆ ਕਿ 240 ਪਰਿਵਾਰਾਂ ਅਤੇ ਉਨ੍ਹਾਂ ਦੇ ਜ਼ਰੂਰੀ ਸਾਮਾਨ ਨੂੰ ਸੁਰੱਖਿਅਤ ਬਾਹਰ ਲਿਆਂਦਾ ਗਿਆ।

ਵਰਤਮਾਨ ਸਮੇਂ ਰਾਹਤ ਕਾਰਜਾਂ ਲਈ ਐਸ.ਡੀ.ਆਰ.ਐਫ ਦੀਆਂ 2 ਟੀਮਾਂ ਅਤੇ ਆਰਮੀ ਦੀਆਂ ਟੀਮਾਂ ਵੀ ਤਾਇਨਾਤ ਹਨ, ਜਿਸ ਵਿੱਚ 40 ਜਵਾਨ ਤਾਇਨਾਤ ਹਨ ।
ਇਨ੍ਹਾਂ ਟੀਮਾਂ ਵਲੋਂ ਕੁੱਲ 15 ਕਿਸ਼ਤੀਆਂ ਦੀ ਮਦਦ ਨਾਲ ਲੋੜਵੰਦਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਵਿਚ ਲੱਖ ਵਰਿਆਂਹ, ਆਹਲੀਕਲਾਂ, ਤਲਵੰਡੀ ਕੂਕਾ ਤੇ ਫਜਲਾਬਾਦ ਵਿਖੇ ਰਾਹਤ ਕੇਂਦਰ ਚੱਲ ਰਹੇ ਹਨ, ਜਿਨ੍ਹਾਂ ਵਿਚ 110 ਦੇ ਕਰੀਬ ਲੋਕ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰਾਹਤ ਕੇਂਦਰਾਂ ਵਿਚ ਲੋਕਾਂ ਲਈ ਰਿਹਾਇਸ਼, ਰਾਸ਼ਨ ਤੇ ਦਵਾਈਆਂ ਆਦਿ ਦੀ ਵਿਵਸਥਾ ਕੀਤੀ ਗਈ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਮੁਢਲੇ ਅੰਦਾਜੇ ਅਨੁਸਾਰ ਕਪੂਰਥਲਾ, ਸੁਲਤਾਨਪੁਰ ਲੋਧੀ ਤੇ ਭੁਲੱਥ ਤਹਿਸੀਲਾਂ ਵਿਚ ਲਗਭਗ 28 ਹਜ਼ਾਰ ਏਕੜ ਰਕਬੇ ਵਿਚ ਫਸਲ ਪ੍ਰਭਾਵਿਤ ਹੋਈ ਹੈ,ਜਿਸਦਾ ਮੁਆਵਜ਼ਾ ਸਪੈਸ਼ਲ ਗਿਰਦਾਵਰੀ ਕਰਕੇ ਦੇਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 1250 ਰਾਸ਼ਨ ਦੇ ਪੈਕੇਟ ਵੰਡੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਲੋਕਾਂ ਦੀ ਸਿਹਤ ਸੰਭਾਲ ਲਈ 8 ਮੈਡੀਕਲ ਟੀਮਾਂ ਤਾਇਨਾਤ ਹਨ। ਇਸ ਤੋਂ ਇਲਾਵਾ ਲੋਕਾਂ ਨੂੰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਕਲੋਰੀਨ ਤੇ ਓ.ਆਰ.ਐਸ. ਦੇ ਘੋਲ ਵੀ ਦਿੱਤੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਪਸ਼ੂ ਧਨ ਦੀ ਸਿਹਤ ਸੰਭਾਲ ਲਈ ਵੈਟਰਨਰੀ ਡਾਕਟਰਾਂ ਦੀਆਂ 6 ਟੀਮਾਂ ਲੱਗੀਆਂ ਹਨ। ਇਨ੍ਹਾਂ ਟੀਮਾਂ ਵਲੋਂ 442 ਪਸ਼ੂਆਂ ਦਾ ਇਲਾਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ 100 ਤੋਂ ਵੱਧ ਪਸ਼ੂਆਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਤੋਂ ਸੁਰੱਖਿਅਤ ਥਾਵਾਂ ‘ਤੇ ਲਿਆਂਦਾ ਗਿਆ ਹੈ।

ਕੈਪਸ਼ਨ- ਕਪੂਰਥਲ਼ਾ ਵਿਖੇ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਨਾਲ ਹੋਈ ਵੀਡੀਓ ਕਾਨਫਰੰਸ ਵਿਚ ਭਾਗ ਲੈਂਦੇ ਹੋਏ ਮਾਲ ਮੰਤਰੀ ਸ. ਹਰਦੀਪ ਸਿੰਘ ਮੁੰਡੀਆ। ਨਾਲ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਤੇ ਵਧੀਕ ਡਿਪਟੀ ਕਮਿਸ਼ਨਰ ਨਵਨੀਤ ਕੌਰ ਬੱਲ ।

CATEGORIES
Share This

COMMENTS

Wordpress (0)
Disqus ( )
Translate