ਪੰਜਾਬ ਵਿੱਚ ਨਸ਼ਿਆਂ ਦੇ ਵਿਰੁੱਧ ਜੰਗ ਹੋਵੇਗੀ ਹੋਰ ਤੇਜ਼, ਭਗਵੰਤ ਮਾਨ ਸਰਕਾਰ ਦੀ ਉੱਚ ਪੱਧਰੀ ਮੀਟਿੰਗ ਵਿੱਚ ਬਣੇਗੀ ਨਵੀਂ ਰਣਨੀਤੀ-ਬਲਤੇਜ ਪੰਨੂ

ਨਸ਼ਿਆਂ ਵਿਰੁੱਧ ਫ਼ੈਸਲਾਕੁੰਨ ਕਾਰਵਾਈ ਲਈ ਪਹਿਲੀ ਵਾਰ ਇੱਕ ਮੰਚ ‘ਤੇ ਆਉਣਗੇ ਪੰਜਾਬ ਦੇ ਸਾਰੇ ਐੱਸਐੱਸਪੀ, ਡੀਸੀ, ਡੀਐਸਪੀ ਅਤੇ ਐੱਸਡੀਐਮ: ਬਲਤੇਜ ਪੰਨੂ

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ ਲਾਪਰਵਾਹੀ ਬਰਦਾਸ਼ਤ ਨਹੀਂ, ਮੈਡੀਕਲ ਨਸ਼ਿਆਂ ਦੀ ਦੁਰਵਰਤੋਂ ‘ਤੇ ਵੀ ਹੋਵੇਗੀ ਸਖ਼ਤੀ: ਬਲਤੇਜ ਪੰਨੂ

ਨਸ਼ਾ ਤਸਕਰਾਂ ਦੇ ਨੈਟਵਰਕ ‘ਤੇ ਸ਼ਿਕੰਜਾ ਕੱਸਣ ਲਈ ਪ੍ਰਸ਼ਾਸਨ ਅਤੇ ਪੁਲਿਸ ਦੀ ਜਵਾਬਦੇਹੀ ਹੋਵੇਗੀ ਤੈਅ: ਬਲਤੇਜ ਪੰਨੂ

ਨਸ਼ਿਆਂ ਵਿਰੁੱਧ ਕਾਰਵਾਈ ਵਿੱਚ ਨਹੀਂ ਹੋਵੇਗੀ ਕੋਈ ਢਿੱਲ, ਪੰਜਾਬ ਪੁਲਿਸ ਅਤੇ ਪ੍ਰਸ਼ਾਸਨਿਕ ਪ੍ਰਣਾਲੀ ਦੀ ਕਮਜ਼ੋਰੀਆਂ ਨੂੰ ਦੂਰ ਕਰਕੇ ਕੀਤਾ ਜਾਵੇਗਾ ਹੋਰ ਮਜ਼ਬੂਤ ​: ਬਲਤੇਜ ਪੰਨੂ

ਚੰਡੀਗੜ੍ਹ 15 ਅਕਤੂਬਰ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਜ਼ਿਆਦਾ ਤੇਜ਼ ਅਤੇ ਫ਼ੈਸਲਾਕੁੰਨ ਮੋੜ ਦੇਣ ਲਈ ਕੱਲ੍ਹ ਇੱਕ ਉੱਚ ਪੱਧਰੀ ਅਹਿਮ ਮੀਟਿੰਗ ਸੱਦੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੁਝ ਦਿਨ ਪਹਿਲਾਂ ਫਿਲੌਰ ਵਿਖੇ ਸਾਰੇ ਐਸਐਚਓ ਨਾਲ ਮੀਟਿੰਗ ਕੀਤੀ ਗਈ ਸੀ ਅਤੇ ਹੁਣ ਇਸੇ ਲੜੀ ਤਹਿਤ ਇੱਕ ਵਿਆਪਕ ਅਤੇ ਇਤਿਹਾਸਕ ਮੀਟਿੰਗ ਹੋਣ ਜਾ ਰਹੀ ਹੈ।

ਇਸ ਮੀਟਿੰਗ ਵਿੱਚ ਪੂਰੇ ਪੰਜਾਬ ਵਿੱਚੋਂ ਸਮੂਹ ਐਸਐਸਪੀ, ਡੀਸੀ, ਡੀਐਸਪੀ ਅਤੇ ਐਸਡੀਐਮ ਇੱਕੋ ਸਮੇਂ ਸ਼ਾਮਲ ਹੋਣਗੇ। ਬਲਤੇਜ ਪੰਨੂ ਨੇ ਸਪੱਸ਼ਟ ਕੀਤਾ ਕਿ ਹਾਲਾਂਕਿ ਜ਼ਿਲ੍ਹਾ ਪੱਧਰ ‘ਤੇ ਐਸਐਸਪੀ
ਦੀਆਂ ਮੀਟਿੰਗਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਹਨ, ਪਰ ਐਸਐਸਪੀ, ਡੀਸੀ, ਡੀਐਸਪੀ ਅਤੇ ਐਸਡੀਐਮ ਦੀ ਸਾਂਝੇ ਤੌਰ ‘ਤੇ ਸਾਰੇ ਜ਼ਿਲ੍ਹਿਆਂ ਦੀ ਇਹ ਪਹਿਲੀ ਅਜਿਹੀ ਮੀਟਿੰਗ ਹੈ, ਜੋ ਆਪਣੇ ਆਪ ਵਿੱਚ ਬੇਹੱਦ ਮਹੱਤਵਪੂਰਨ ਹੈ। ਇਸ ਮੀਟਿੰਗ ਵਿੱਚ ਹੁਣ ਤੱਕ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਦੇ ਨਾਲ-ਨਾਲ ਭਵਿੱਖ ਦੀ ਰਣਨੀਤੀ ਅਤੇ ਐਕਸ਼ਨ ਪਲਾਨ ਬਾਰੇ ਵਿਸਤਾਰ ਨਾਲ ਚਰਚਾ ਕੀਤੀ ਜਾਵੇਗੀ।

ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਕਰੀਬ ਡੇਢ ਸਾਲ ਤੋਂ ਨਸ਼ਿਆਂ ਵਿਰੁੱਧ ਇਸ ਲੜਾਈ ਨੂੰ ਸਰਕਾਰ ਇੱਕ ਜੰਗ ਵਜੋਂ ਲੜ ਰਹੀ ਹੈ ਅਤੇ ਹੁਣ ਇਸ ਮੁਹਿੰਮ ਨੂੰ ਹੋਰ ਵੀ ਜ਼ਿਆਦਾ ਤੇਜ਼ ਕੀਤਾ ਜਾਵੇਗਾ।

ਬਲਤੇਜ ਪੰਨੂ ਨੇ ਇੱਕ ਦੁਖਦ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਸਮਾਜ ਲਈ ਬੇਹੱਦ ਪੀੜਾਦਾਇਕ ਹੁੰਦੀਆਂ ਹਨ। ਸਮਾਜ ਵਿੱਚ ਹਮੇਸ਼ਾ ਅਜਿਹੇ ਲੋਕ ਰਹੇ ਹਨ ਜੋ ਦੂਜਿਆਂ ਦੀ ਭਲਾਈ ਲਈ ਅੱਗੇ ਆਉਂਦੇ ਹਨ। ਜੇਕਰ ਕਿਸੇ ਸਥਾਨ ‘ਤੇ ਅਜਿਹੀ ਕੋਈ ਸਮੱਸਿਆ ਜਾਂ ਕਮੀ ਸਾਹਮਣੇ ਆਉਂਦੀ ਹੈ, ਤਾਂ ਉਸ ਨੂੰ ਦੂਰ ਕਰਨ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਨੂੰ ਪੂਰੀ ਗੰਭੀਰਤਾ ਨਾਲ ਕੰਮ ਕਰਨਾ ਪਵੇਗਾ।

ਮੈਡੀਕਲ ਨਸ਼ਿਆਂ ਦੇ ਮੁੱਦੇ ‘ਤੇ ਬਲਤੇਜ ਪੰਨੂ ਨੇ ਕਿਹਾ ਕਿ ਨਸ਼ਾ ਕਿਸੇ ਵੀ ਕਿਸਮ ਦਾ ਹੋਵੇ, ਉਹ ਨੁਕਸਾਨਦਾਇਕ ਹੈ ਅਤੇ ਮੈਡੀਕਲ ਦਵਾਈਆਂ ਦੀ ਦੁਰਵਰਤੋਂ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ ਕੁਝ ਦਵਾਈਆਂ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸਿਜ਼ (ਐੱਨਡੀਪੀਐਸ) ਐਕਟ ਦੇ ਦਾਇਰੇ ਵਿੱਚ ਆਉਂਦੀਆਂ ਹਨ, ਜਦੋਂ ਕਿ ਕੁਝ ਦਵਾਈਆਂ ਇਸ ਦੇ ਤਹਿਤ ਨਹੀਂ ਆਉਂਦੀਆਂ। ਅਜਿਹੀਆਂ ਦਵਾਈਆਂ ਨੂੰ ਸਬੰਧਤ ਕਾਨੂੰਨੀ ਦਾਇਰੇ ਵਿੱਚ ਸ਼ਾਮਲ ਕਰਨ ਲਈ ਕੇਂਦਰ ਸਰਕਾਰ ਦੀ ਭੂਮਿਕਾ ਵੀ ਮਹੱਤਵਪੂਰਨ ਹੈ। ਹਾਲਾਂਕਿ, ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹੱਟ ਰਹੀ ਅਤੇ ਮੈਡੀਕਲ ਨਸ਼ਿਆਂ ਖਿਲਾਫ ਲਗਾਤਾਰ ਗੰਭੀਰਤਾ ਨਾਲ ਕੰਮ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਮੈਡੀਕਲ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਲਈ ਵਿਸ਼ੇਸ਼ ਚੌਕਸੀ ਵਰਤਣ ਦੀ ਲੋੜ ਹੈ। ਪੰਜਾਬ ਸਰਕਾਰ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕਰੇਗੀ। ਚਾਹੇ ਮਾਮਲਾ ਕਿਸੇ ਵੀ ਵਿਅਕਤੀ ਜਾਂ ਪੱਧਰ ਨਾਲ ਸਬੰਧਤ ਹੋਵੇ, ਨਸ਼ਿਆਂ ਵਿਰੁੱਧ ਕਾਰਵਾਈ ਵਿੱਚ ਢਿੱਲ ਨਹੀਂ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਬੰਧਤ ਮਾਮਲੇ ਨੂੰ ਲੈ ਕੇ ਉਨ੍ਹਾਂ ਦੀ ਸਵੇਰੇ ਵੀ ਗੱਲਬਾਤ ਹੋਈ ਹੈ ਅਤੇ ਤਜਵੀਜ਼ਸ਼ੁਦਾ ਮੀਟਿੰਗ ਤੋਂ ਬਾਅਦ ਇਸ ਦਿਸ਼ਾ ਵਿੱਚ ਜ਼ਰੂਰੀ ਕਦਮ ਚੁੱਕੇ ਜਾਣਗੇ।

ਬਲਤੇਜ ਪੰਨੂ ਨੇ ਕਿਹਾ ਕਿ ਜੇਕਰ ਕਿਸੇ ਖੇਤਰ ਵਿੱਚ ਨਸ਼ਿਆਂ ਦੀ ਰੋਕਥਾਮ ਜਾਂ ਕਾਰਵਾਈ ਦੇ ਪੱਧਰ ‘ਤੇ ਕੋਈ ਕਮੀ ਸਾਹਮਣੇ ਆਉਂਦੀ ਹੈ, ਤਾਂ ਉਸ ਨੂੰ ਦੂਰ ਕਰਨ ਲਈ ਪ੍ਰਸ਼ਾਸਕੀ ਅਤੇ ਪੁਲਿਸ ਵਿਵਸਥਾ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਸਰਕਾਰ ਦਾ ਉਦੇਸ਼ ਨਸ਼ਿਆਂ ਦੇ ਨੈੱਟਵਰਕ ‘ਤੇ ਪ੍ਰਭਾਵਸ਼ਾਲੀ ਰੋਕ ਲਗਾਉਣਾ ਅਤੇ ਇਸ ਮੁਹਿੰਮ ਨੂੰ ਵਧੇਰੇ ਨਤੀਜੇਮੁਖੀ ਬਣਾਉਣਾ ਹੈ।

ਐਸਆਈਟੀ ਨਾਲ ਸਬੰਧਤ ਸਵਾਲ ‘ਤੇ ਬਲਤੇਜ ਪੰਨੂ ਨੇ ਕਿਹਾ ਕਿ ਫਿਲਹਾਲ ਉਹ ਇਸ ਮਾਮਲੇ ਵਿੱਚ ਕੋਈ ਵਾਧੂ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ। ਉਨ੍ਹਾਂ ਸਪੱਸ਼ਟ ਕੀਤਾ ਕਿ ਮਾਮਲੇ ਵਿੱਚ ਪੁਲਿਸ ਅਤੇ ਏਡੀਜੀਪੀ ਦੇ ਨਿਰਦੇਸ਼ਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੂਰੀ ਪ੍ਰਕਿਰਿਆ ਸਬੰਧਤ ਅਧਿਕਾਰੀਆਂ ਦੀ ਦੇਖ-ਰੇਖ ਹੇਠ ਅੱਗੇ ਵਧ ਰਹੀ ਹੈ।

CATEGORIES
Share This

COMMENTS

Wordpress (0)
Disqus ( )
Translate