OSD ਰਾਜਬੀਰ ਸਿੰਘ ਘੁੰਮਣ ਨੇ ਬਿਕਰਮ ਮਜੀਠੀਆ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ

ਰਾਜਬੀਰ ਸਿੰਘ ਘੁੰਮਣ ਨੇ ਬਿਕਰਮ ਮਜੀਠੀਆ ਦੁਆਰਾ ਲਗਾਏ ਦੋਸ਼ਾਂ ਨੂੰ ਝੂਠੇ ਅਤੇ ਮਾਣਹਾਨੀਯੋਗ ਕਰਾਰ ਦਿੱਤਾ

ਸਾਰੀਆਂ ਸਬੰਧਤ ਪੋਸਟਾਂ, ਵੀਡੀਓਜ਼ ਅਤੇ ਸਮੱਗਰੀ ਨੂੰ 24 ਘੰਟਿਆਂ ਦੇ ਅੰਦਰ ਹਟਾਉਣ ਦੀ ਕੀਤੀ ਮੰਗ

ਝੂਠੇ ਬਿਆਨਾਂ ਲਈ ਬਿਕਰਮ ਮਜੀਠੀਆ ਤੋਂ ਜਨਤਕ ਮਾਫ਼ੀ ਦੀ ਮੰਗ ਕੀਤੀ

ਭਵਿੱਖ ਵਿੱਚ ਅਜਿਹੇ ਦੋਸ਼ ਨਾ ਦੁਹਰਾਉਣ ਲਈ ਬਿਕਰਮ ਮਜੀਠੀਆ ਤੋਂ ਲਿਖਤੀ ਵਚਨਬੱਧਤਾ ਦੀ ਮੰਗ ਕੀਤੀ

ਰਾਜਬੀਰ ਸਿੰਘ ਘੁੰਮਣ ਨੇ ਮਾਫ਼ੀ ਨਾ ਮੰਗਣ ‘ਤੇ ਬਿਕਰਮ ਮਜੀਠੀਆ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਦਿੱਤੀ ਚੇਤਾਵਨੀ

ਕਿਹਾ- ਹਰੇਕ ਅਗਲੀ ਪਬਲੀਕੇਸ਼ਨ, ਵੀਊ, ਸ਼ੇਅਰ ਅਤੇ ਰੀਪੋਸਟ ਨਾਲ ਨੁਕਸਾਨ ਲਗਾਤਾਰ ਵੱਧ ਰਿਹਾ ਹੈ

ਅਗਲੀ ਕਾਰਵਾਈ ਬਿਕਰਮ ਮਜੀਠੀਆ ਦੇ “ਨਿੱਜੀ ਜੋਖਮ, ਖਰਚੇ ਅਤੇ ਨਤੀਜਿਆਂ” ‘ਤੇ ਹੋਵੇਗੀ

ਚੰਡੀਗੜ੍ਹ 21 ਅਗਸਤ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐਸਡੀ (ਅਫ਼ਸਰ ਆਨ ਸਪੈਸ਼ਲ ਡਿਊਟੀ) ਰਾਜਬੀਰ ਸਿੰਘ ਘੁੰਮਣ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਲਾਏ ਦੋਸ਼ਾਂ ‘ਤੇ ਮਾਣਹਾਨੀ ਦਾ ਨੋਟਿਸ ਭੇਜਦਿਆਂ ਉਨ੍ਹਾਂ ਦੇ ਬਿਆਨਾਂ ਨੂੰ ਝੂਠੇ ਅਤੇ ਮਾਣਹਾਨੀਯੋਗ ਕਰਾਰ ਦਿੱਤਾ ਹੈ। ਨੋਟਿਸ ਵਿੱਚ ਮੰਗ ਕੀਤੀ ਗਈ ਹੈ ਕਿ ਸੋਸ਼ਲ ਮੀਡੀਆ ਤੋਂ ਸਬੰਧਤ ਸਾਰੀਆਂ ਪੋਸਟਾਂ, ਵੀਡੀਓਜ਼ ਅਤੇ ਹੋਰ ਸਮੱਗਰੀ 24 ਘੰਟਿਆਂ ਦੇ ਅੰਦਰ ਹਟਾਈ ਜਾਵੇ, ਇਸ ਤੋਂ ਇਲਾਵਾ ਬਿਕਰਮ ਮਜੀਠੀਆ ਤੋਂ ਜਨਤਕ ਮਾਫ਼ੀ ਅਤੇ ਲਿਖਤੀ ਵਚਨਬੱਧਤਾ ਦੀ ਮੰਗ ਕੀਤੀ ਗਈ ਹੈ ਕਿ ਭਵਿੱਖ ਵਿੱਚ ਅਜਿਹੇ ਦੋਸ਼ ਨਹੀਂ ਦੁਹਰਾਏ ਜਾਣਗੇ।

ਨੋਟਿਸ ਵਿੱਚ ਮੰਗ ਕੀਤੀ ਗਈ ਹੈ ਕਿ ਬਿਕਰਮ ਮਜੀਠੀਆ 24 ਘੰਟਿਆਂ ਦੇ ਅੰਦਰ ਸਾਰੀਆਂ ਵਿਵਾਦਿਤ ਪਬਲੀਕੇਸ਼ਨਾਂ ਨੂੰ ਹਟਾਉਣ, ਬਿਨਾਂ ਸ਼ਰਤ ਲਿਖਤੀ ਅਤੇ ਵੀਡੀਓ ਮਾਫ਼ੀ ਪ੍ਰਕਾਸ਼ਿਤ ਕਰਨ, ਇੱਕ ਸਪੱਸ਼ਟ ਖੰਡਨ ਅਤੇ ਸੁਧਾਰ ਜਾਰੀ ਕਰਨ, ਅਤੇ ਅਜਿਹੇ ਦੋਸ਼ਾਂ ਨੂੰ ਨਾ ਦੁਹਰਾਉਣ ਲਈ ਲਿਖਤੀ ਵਚਨਬੱਧਤਾ ਦੇਣ। ਨੋਟਿਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਨੁਕਸਾਨ ਫਿਲਹਾਲ ਅਣਗਿਣਤ ਹੈ ਅਤੇ ਹਰ ਅਗਲੀ ਪਬਲੀਕੇਸ਼ਨ, ਵੀਊ, ਸ਼ੇਅਰ, ਸਿਫ਼ਾਰਸ਼ ਜਾਂ ਰੀਪੋਸਟ ਨਾਲ ਵਧਦਾ ਰਹੇਗਾ, ਜਦੋਂ ਕਿ ਚੇਤਾਵਨੀ ਦਿੱਤੀ ਗਈ ਹੈ ਕਿ ਇਸ ਸਮੱਗਰੀ ਦੇ ਲਗਾਤਾਰ ਪ੍ਰਸਾਰ ਨੂੰ ਵਧੇਰੇ ਨੁਕਸਾਨਪੂਰਨ ਮੰਨਦੇ ਹੋਏ ਅਦਾਲਤ ਵਿੱਚ ਕਾਨੂੰਨੀ ਰਾਹਤ ਲਈ ਵਰਤਿਆ ਜਾਵੇਗਾ।

ਇਹ ਨੋਟਿਸ ਰਾਜਬੀਰ ਸਿੰਘ ਘੁੰਮਣ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਆਪਣੇ ਦੋਸ਼ਾਂ ਦੇ ਹੱਕ ਵਿੱਚ ਸਬੂਤ ਪੇਸ਼ ਕਰਨ ਜਾਂ ਜਨਤਕ ਤੌਰ ‘ਤੇ ਮਾਫ਼ੀ ਮੰਗਣ ਦੀ ਦਿੱਤੀ ਖੁੱਲ੍ਹੀ ਚੁਣੌਤੀ ਦੇ ਦੋ ਦਿਨ ਬਾਅਦ ਆਇਆ ਹੈ। 19 ਅਗਸਤ ਨੂੰ ਘੁੰਮਣ ਨੇ ਕਿਹਾ ਸੀ ਕਿ ਜੇਕਰ ਮਜੀਠੀਆ ਕੋਲ ਉਨ੍ਹਾਂ ਵੱਲੋਂ ਕਿਸੇ ਤੋਂ ਪੈਸੇ ਮੰਗਣ ਦੀ ਕੋਈ ਵੀ ਚੈਟ ਜਾਂ ਸਬੂਤ ਹੈ ਤਾਂ ਉਹ ਇਸ ਨੂੰ ਜਨਤਕ ਕਰਨ, ਨਹੀਂ ਤਾਂ ਮਾਫ਼ੀ ਮੰਗਣ ਜਾਂ ਮਾਣਹਾਨੀ ਦੇ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।

ਸੋਸ਼ਲ ਮੀਡੀਆ ਪੋਸਟ ਰਾਹੀਂ ਬਿਕਰਮ ਮਜੀਠੀਆ ਨੂੰ ਸੰਬੋਧਨ ਕਰਦਿਆਂ ਰਾਜਬੀਰ ਸਿੰਘ ਘੁੰਮਣ ਨੇ ਕਿਹਾ, “ਮੈਂ ਬਿਕਰਮ ਸਿੰਘ ਮਜੀਠੀਆ, ਜਿਸ ਨੇ ਆਪਣੇ ਆਪ ਨੂੰ ਈ.ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਦਾ ਬੁਲਾਰਾ ਨਿਯੁਕਤ ਕੀਤਾ ਹੈ, ਨੂੰ ਖੁੱਲ੍ਹੀ ਚੁਣੌਤੀ ਦਿੰਦਾ ਹਾਂ ਕਿ ਜੇਕਰ ਉਸ ਕੋਲ ਮੇਰੀ ਇੱਕ ਵੀ ਚੈਟ ਜਾਂ ਮੇਰੇ ਵੱਲੋਂ ਕਿਸੇ ਤੋਂ ਪੈਸੇ ਮੰਗਣ ਦਾ ਕੋਈ ਸਬੂਤ ਹੈ, ਤਾਂ ਉਹ ਇਸ ਨੂੰ ਜਨਤਕ ਕਰੇ। ਜਾਂ ਤਾਂ ਲੋਕਾਂ ਸਾਹਮਣੇ ਸਬੂਤ ਲਿਆਵੇ ਜਾਂ ਜਨਤਕ ਤੌਰ ‘ਤੇ ਮਾਫ਼ੀ ਮੰਗੇ। ਨਹੀਂ ਤਾਂ ਮਾਣਹਾਨੀ ਦੇ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹੇ।”

ਉਨ੍ਹਾਂ ਇਹ ਵੀ ਕਿਹਾ ਸੀ, “ਚੋਰਾਂ ਨੂੰ ਸਾਰੇ ਚੋਰ ਹੀ ਨਜ਼ਰ ਆਉਂਦੇ ਹਨ। ਦੋਸ਼ ਲਗਾਉਣਾ ਸੌਖਾ ਹੈ, ਪਰ ਸਬੂਤ ਦੇਣਾ ਔਖਾ ਹੈ।”

ਰਾਜਬੀਰ ਸਿੰਘ ਘੁੰਮਣ ਨੇ ਅੱਗੇ ਕਿਹਾ ਸੀ, “ਬਿਕਰਮ ਮਜੀਠੀਆ ਅਸਲ ਵਿੱਚ ਇਸ ਗੱਲ ਤੋਂ ਪ੍ਰੇਸ਼ਾਨ ਹਨ ਕਿ ਸਾਧਾਰਨ ਪਰਿਵਾਰਾਂ ਦੇ ਨੌਜਵਾਨ ਅੱਗੇ ਕਿਵੇਂ ਆ ਗਏ ਹਨ ਅਤੇ ਉਨ੍ਹਾਂ ਦੀਆਂ ਸਰਕਾਰਾਂ ਬਣਾਉਣ ਦੀਆਂ ਵਾਰੀਆਂ ਕਿਵੇਂ ਟੁੱਟ ਗਈਆਂ ਹਨ। ਜਦੋਂ ਉਹ ਸਾਡੇ ਕੰਮਾਂ ‘ਤੇ ਸਾਨੂੰ ਚੁਣੌਤੀ ਨਹੀਂ ਦੇ ਸਕਦੇ, ਤਾਂ ਹੁਣ ਉਹ ਭੱਦੇ ਝੂਠ ਅਤੇ ਚਰਿੱਤਰ ਹੱਤਿਆ ‘ਤੇ ਉੱਤਰ ਆਏ ਹਨ।”

ਰਾਜਬੀਰ ਸਿੰਘ ਘੁੰਮਣ ਨੇ ਦਾਅਵਾ ਕੀਤਾ ਸੀ ਕਿ ਭਗਵੰਤ ਮਾਨ ਸਰਕਾਰ ਪੰਜਾਬ ਲਈ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਅਤੇ ਕਰਦੀ ਰਹੇਗੀ। ਉਨ੍ਹਾਂ ਕਿਹਾ ਸੀ, “ਅਸੀਂ ਪੰਜਾਬ ਲਈ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਅਤੇ ਕਰਦੇ ਰਹਾਂਗੇ। ਜੇਕਰ ਉਨ੍ਹਾਂ ਵਿੱਚ ਹਿੰਮਤ ਹੈ ਤਾਂ ਉਹ ਸਾਡੇ ਕੰਮਾਂ ਬਾਰੇ ਗੱਲ ਕਰਨ, ਝੂਠੇ ਦੋਸ਼ਾਂ ਬਾਰੇ ਨਹੀਂ।”

ਹੁਣ ਰਸਮੀ ਮਾਣਹਾਨੀ ਨੋਟਿਸ ਭੇਜੇ ਜਾਣ ਨਾਲ ਰਾਜਬੀਰ ਸਿੰਘ ਘੁੰਮਣ ਨੇ ਆਪਣੀ ਮੰਗ ਨੂੰ ਦੁਹਰਾਇਆ ਹੈ ਕਿ ਬਿਕਰਮ ਮਜੀਠੀਆ ਆਪਣੇ ਬਿਆਨ ਵਾਪਸ ਲੈਣ, ਸਬੰਧਤ ਸਮੱਗਰੀ ਹਟਾਉਣ ਅਤੇ ਜਨਤਕ ਮਾਫ਼ੀ ਮੰਗਣ। ਨੋਟਿਸ ਵਿੱਚ ਲਿਖਤੀ ਭਰੋਸੇ ਦੀ ਵੀ ਮੰਗ ਕੀਤੀ ਗਈ ਹੈ ਕਿ ਭਵਿੱਖ ਵਿੱਚ ਅਜਿਹੇ ਦੋਸ਼ ਨਹੀਂ ਦੁਹਰਾਏ ਜਾਣਗੇ, ਅਜਿਹਾ ਨਾ ਕਰਨ ‘ਤੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

CATEGORIES
Share This

COMMENTS

Wordpress (0)
Disqus ( )
Translate