ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਸਵੇਰੇ ਸਵੇਰੇ ਵਾਪਰਿਆ ਹਾਦਸਾ,8 ਦੀ ਮੌਤ,ਕਈ ਜਖਮੀ
ਫਿਰੋਜ਼ਪੁਰ 6 ਜੂਨ। ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਜੰਗਾਵਾਲਾ ਮੋੜ ਨੇੜੇ ਅੱਜ ਸਵੇਰੇ ਟਰੱਕ ਨਾਲ ਪਿਕ ਅੱਪ ਗੱਡੀ ਦੀ ਟੱਕਰ ਹੋਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਇੱਕੋ ਪਰਿਵਾਰ ਦੇ ਕਰੀਬ 25 ਵਿਅਕਤੀ ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਸ਼ਾਮਲ ਸਨ, ਜਲਾਲਾਬਾਦ ਤੋਂ ਬਿਆਸ ਵੱਲ ਆਪਣੇ ਇੱਕ ਰਿਸ਼ਤੇਦਾਰ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਜਾ ਰਹੇ ਸਨ,ਜਦੋਂ ਉਨ੍ਹਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ।ਉਨ੍ਹਾਂ ਵਿੱਚੋਂ ਕਈਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਗੰਭੀਰ ਰੂਪ ਵਿੱਚ ਜ਼ਖਮੀਆਂ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਜੋ ਲੋਕ ਗੰਭੀਰ ਹਾਲਤ ਵਿੱਚ ਸਨ,ਉਨ੍ਹਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਸਰਕਾਰੀ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਐੱਸਐੱਸਪੀ ਭੁਪਿੰਦਰ ਸਿੰਘ ਹੋਰ ਅਧਿਕਾਰੀਆਂ ਨਾਲ ਮੌਕੇ ‘ਤੇ ਪਹੁੰਚੇ। ਉਨਾਂ ਕਿਹਾ ਕਿ ਪੁਲਿਸ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ।ਮੌਕੇ ’ਤੇ ਮੌਜੂਦ ਇੱਕ ਵਿਅਕਤੀ ਅਨੁਸਾਰ ਪਿਕਅੱਪ ਗੱਡੀ ਆਪਣੀ ਸਾਈਡ ਜਾ ਰਹੀ ਅਤੇ ਸਾਹਮਣੇ ਤੋਂ ਆ ਰਹੇ ਇੱਕ ਟਰਾਲੇ ਨਾਲ ਟਕਰਾਉਣ ਕਾਰਨ ਖੇਤਾਂ ਵੱਲ ਪਲਟ ਗਈ।ਜਿਸ ਕਾਰਨ ਕਈ ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ।


