ਅਨੁਰਾਗ ਵਰਮਾ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ


1993 ਬੈਚ ਦੇ ਆਈ.ਏ.ਐਸ. ਅਧਿਕਾਰੀ ਅਨੁਰਾਗ ਵਰਮਾ ਪਹਿਲੀ ਜੁਲਾਈ ਨੂੰ ਸੰਭਾਲਣਗੇ ਮੁੱਖ ਸਕੱਤਰ ਦਾ ਅਹੁਦਾ
ਪਟਿਆਲਾ ਵਿਖੇ ਅਧਿਆਪਕ ਪਰਿਵਾਰ ਵਿੱਚ ਜਨਮੇ ਇੰਜੀਨਅਰਿੰਗ ਦੇ ਗੋਲਡ ਮੈਡਲਿਸਟ ਹਨ ਅਨੁਰਾਗ ਵਰਮਾ
* 30 ਸਾਲ ਦੀ ਸ਼ਾਨਦਾਰ ਸੇਵਾ ਦੌਰਾਨ ਫੀਲਡ ਅਤੇ ਹੈਡਕੁਆਟਰ ਵਿਖੇ ਅਹਿਮ ਅਹੁਦਿਆਂ ’ਤੇ ਰਹਿੰਦਿਆਂ ਲਾਗੂ ਕੀਤੀਆਂ ਨਿਵਕੇਲੀਆਂ ਪਹਿਲਕਦਮੀਆਂ*
ਸਿਹਤ, ਸਿੱਖਿਆ ਦੇ ਨਾਲ ਸਰਵਪੱਖੀ ਵਿਕਾਸ ਤੇ ਪਾਰਦਰਸ਼ੀ ਲੋਕ ਪੱਖੀ ਪ੍ਰਸ਼ਾਸਨਿਕ ਸੇਵਾਵਾਂ ਪ੍ਰਭਾਵਸ਼ਾਲੀ ਢੰਗ ਨਾਲ ਮੁਹੱਈਆ ਕਰਵਾਉਣਾ ਹੋਵੇਗਾ ਪ੍ਰਮੁੱਖ ਤਰਜੀਹ
ਚੰਡੀਗੜ੍ਹ, 26 ਜੂਨ
ਪੰਜਾਬ ਸਰਕਾਰ ਵੱਲੋਂ ਅੱਜ ਜਾਰੀ ਕੀਤੇ ਹੁਕਮਾਂ ਤਹਿਤ 1993 ਬੈਚ ਦੇ ਆਈ.ਏ.ਐਸ. ਅਧਿਕਾਰੀ ਸ੍ਰੀ ਅਨੁਰਾਗ ਵਰਮਾ ਸੂਬੇ ਦੇ ਨਵੇਂ ਮੁੱਖ ਸਕੱਤਰ ਹੋਣਗੇ। ਉਹ ਪਹਿਲੀ ਜੁਲਾਈ, 2023 ਨੂੰ ਸੂਬੇ ਦੇ 42ਵੇਂ ਮੁੱਖ ਸਕੱਤਰ ਵਜੋਂ ਕਾਰਜਭਾਰ ਸੰਭਾਲਣਗੇ। ਸ੍ਰੀ ਵਰਮਾ ਮੌਜੂਦਾ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਦੀ ਥਾਂ ਲੈਣਗੇ ਜੋ 30 ਜੂਨ 2023 ਨੂੰ ਸੇਵਾ ਮੁਕਤ ਹੋ ਰਹੇ ਹਨ।
ਸ੍ਰੀ ਅਨੁਰਾਗ ਵਰਮਾ ਮੌਜੂਦਾ ਸਮੇਂ ਵਧੀਕ ਮੁੱਖ ਸਕੱਤਰ ਗ੍ਰਹਿ, ਉਦਯੋਗ ਤੇ ਕਾਮਰਸ,  ਕਾਨੂੰਨੀ ਤੇ ਵਿਧਾਨਕ ਮਾਮਲੇ, ਸੂਚਨਾ ਤਕਨਾਲੋਜੀ ਅਤੇ ਨਿਵੇਸ਼ ਪ੍ਰੋਤਸਾਹਨ ਹਨ। ਨਵੇਂ ਆਦੇਸ਼ਾਂ ਮੁਤਾਬਕ ਸ੍ਰੀ ਵਰਮਾ ਕੋਲ ਮੁੱਖ ਸਕੱਤਰ ਤੋਂ ਇਲਾਵਾ ਪ੍ਰਮੁੱਖ ਸਕੱਤਰ ਪ੍ਰਸੋਨਲ ਤੇ ਵਿਜੀਲੈਂਸ ਦਾ ਵਾਧੂ ਚਾਰਜ ਰਹੇਗਾ।
ਪਟਿਆਲਾ ਵਿਖੇ ਅਧਿਆਪਕ ਪਰਿਵਾਰ ਵਿੱਚ ਜਨਮੇ ਸ੍ਰੀ ਅਨੁਰਾਗ ਵਰਮਾ ਦੇ ਪਿਤਾ ਕੈਮਿਸਟਰੀ ਦੇ ਪ੍ਰੋਫੈਸਰ ਅਤੇ ਮਾਤਾ ਅੰਗਰੇਜ਼ੀ ਅਧਿਆਪਕਾ ਰਹੇ ਹਨ। ਉਨ੍ਹਾਂ ਦਾ ਜੱਦੀ ਪਿੰਡ ਪਟਿਆਲਾ ਜ਼ਿਲੇ ਵਿੱਚ ਚਲੈਲਾ ਹੈ। ਥਾਪਰ ਕਾਲਜ ਪਟਿਆਲਾ ਤੋਂ ਇਲੈਕਟ੍ਰਾਨਿਕਸ ਤੇ ਕਮਿਊਨੀਕੇਸ਼ਨ ਦੀ ਇੰਜੀਨਅਰਿੰਗ ਦੀ ਡਿਗਰੀ ਦੇ ਗੋਲਡ ਮੈਡਲਿਸਟ ਸ੍ਰੀ ਵਰਮਾ 1993 ਵਿੱਚ ਭਾਰਤੀ ਪ੍ਰਸ਼ਾਸਿਨਕ ਸੇਵਾਵਾਂ (ਆਈ.ਏ.ਐਸ.) ਦੀ ਪ੍ਰੀਖਿਆ ਵਿੱਚ ਦੇਸ਼ ਭਰ ਵਿੱਚੋਂ ਸੱਤਵੇਂ ਸਥਾਨ ਉਤੇ ਆਏ ਸਨ।
ਫੀਲਡ ਪੋਸਟਿੰਗ ਦੌਰਾਨ ਬਠਿੰਡਾ, ਲੁਧਿਆਣਾ ਤੇ ਜਲੰਧਰ ਜ਼ਿਲਿਆਂ ਦੇ ਡਿਪਟੀ ਕਮਿਸ਼ਨਰ ਵਜੋਂ ਬਿਹਤਰ ਤੇ ਕੁਸ਼ਲ ਭਰਪੂਰ ਸੇਵਾਵਾਂ ਨਿਭਾਉਣ ਉਪਰੰਤ ਸ੍ਰੀ ਵਰਮਾ ਨੇ ਹੈਡਕੁਆਟਰ ਵਿਖੇ ਵੱਖ-ਵੱਖ ਵਿਭਾਗਾਂ ਵਿੱਚ ਲਾਮਿਸਾਲ ਸੇਵਾਵਾਂ ਨਿਭਾਈਆਂ। ਵਿਸ਼ੇਸ਼ ਸਕੱਤਰ ਮਾਲ ਵਜੋਂ ਸੂਬੇ ਵਿੱਚ ਮਾਲ ਰਿਕਾਰਡ ਦੇ ਕੰਪਿਊਟਰੀਕਰਨ ਅਤੇ ਫਰਦ ਕੇਂਦਰਾਂ ਦੀ ਸ਼ੁਰੂਆਤ ਦੀ ਨਿਵੇਕਲੀ ਪਹਿਲ ਕੀਤੀ। ਆਬਕਾਰੀ ਤੇ ਕਰ ਕਮਿਸ਼ਨਰ ਦੇ ਅਹੁਦੇ ਉਤੇ ਰਹਿੰਦਿਆਂ ਆਪਣੀ ਕਾਰਜ ਕੁਸ਼ਲਤਾ ਸਦਕਾ ਮਾਲੀਆ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਲੋਕਾਂ ਲਈ ਕਰ ਭਰਨ ਦੀ ਗੁੰਝਲਦਾਰ ਪ੍ਰਕਿਰਿਆ ਨੂੰ ਸੁਖਾਲਾ ਤੇ ਪਾਰਦਰਸ਼ੀ ਬਣਾਇਆ। ਵਿੱਤ ਕਮਿਸ਼ਨਰ ਪੇਂਡੂ ਵਿਕਾਸ ਤੇ ਪੰਚਾਇਤ ਰਹਿੰਦਿਆਂ ਜਿੱਥੇ ਮਗਨਰੇਗਾ ਸਕੀਮ ਨੂੰ ਜ਼ਮੀਨੀ ਪੱਧਰ ਉਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕੀਤਾ ਉਥੇ ਸੂਬੇ ਦੇ 1000 ਤੋਂ ਵੱਧ ਪਿੰਡਾਂ ਵਿੱਚ ਖੇਡ ਮੈਦਾਨ ਤੇ ਖੇਡ ਪਾਰਕ ਉਸਾਰ ਕੇ ਸਿਹਤਮੰਦ ਮਾਹੌਲ ਸਿਰਜਿਆ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੌਂਪੀ ਗਈ ਨਵੀਂ ਜ਼ਿੰਮੇਵਾਰੀ ਨੂੰ ਆਪਣੀ ਲਗਨ, ਮਿਹਨਤ ਅਤੇ ਦ੍ਰਿੜਤਾ ਨਾਲ ਨਿਭਾਉਣ ਦਾ ਵਿਸ਼ਵਾਸ ਦਿਵਾਉਂਦਿਆਂ ਸ੍ਰੀ ਅਨੁਰਾਗ ਵਰਮਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਨੂੰ ਹੇਠਲੇ ਪੱਧਰ ਉਤੇ ਲਾਗੂ ਕਰਨਾ ਪ੍ਰਮੁੱਖ ਤਰਜੀਹ ਹੋਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਿਹਤ, ਸਿੱਖਿਆ ਖੇਤਰ ਵਿੱਚ ਕੀਤੇ ਜਾ ਰਹੇ ਬਿਹਤਰ ਕੰਮਾਂ ਦੇ ਨਾਲ ਸੂਬਾ ਵਾਸੀਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਪਾਰਦਰਸ਼ੀ ਤੇ ਬਿਹਤਰ ਨਾਗਰਿਕ ਸੇਵਾਵਾਂ ਨੂੰ ਹੋਰ ਵੀ ਪ੍ਰਭਾਵਸ਼ਾਲੀ ਤਰੀਕੇ ਨਾਲ ਜਾਰੀ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਸੂਬਾ ਸਰਕਾਰ ਦੇ ਸਰਵਪੱਖੀ ਵਿਕਾਸ ਦੇ ਏਜੰਡੇ ਨੂੰ ਲਾਗੂ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਆਦੇਸ਼ਾਂ ਉਤੇ ਲੋਕਾਂ ਦੀਆਂ ਰੋਜ਼ਮਰਾਂ ਦੀਆਂ ਸ਼ਿਕਾਇਤਾਂ ਦੇ ਫੌਰੀ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਢੁੱਕਵੀਂ ਵਿਵਸਥਾ ਹੋਰ ਵੀ ਕਾਰਗਾਰ ਢੰਗ ਨਾਲ ਲਾਗੂ ਕੀਤੀ ਜਾਵੇਗੀ।

CATEGORIES
TAGS
Share This

COMMENTS

Wordpress (0)
Disqus (2 )
Translate