ਪਾਰਟੀ ਨਾਲ ਗਦਾਰੀ ਕਰਨ ਵਾਲਿਆਂ ਖਿਲਾਫ ਵੱਖ-ਵੱਖ ਥਾਵਾਂ ਤੇ ਪੁਤਲਾ ਫੂਕ ਕੇ ਕੀਤਾ ਗਿਆ ਪ੍ਰਦਰਸ਼ਨ
-ਪਾਰਟੀ ਛੱਡ ਵਿਰੋਧੀ ਧਿਰ ਨਾਲ ਰਲੇ ਐਮ.ਪੀ ਲੋਕਤੰਤਰ ਦੇ ਕਾਤਿਲ ਹਨ- ਸਪੀਕਰ ਸੰਧਵਾਂ
-ਇਕੱਲਾ ਪਾਰਟੀ ਨਾਲ ਨਹੀਂ ਸਗੋਂ ਪੰਜਾਬ ਦੇ ਲੋਕਾਂ ਨਾਲ ਵੀ ਕੀਤੀ ਗੱਦਾਰੀ- ਸੇਖੋਂ
ਫ਼ਰੀਦਕੋਟ 26 ਅਪ੍ਰੈਲ
ਪੰਜਾਬੀਆਂ ਨੇ ਪੰਜਾਬ ‘ਤੇ ਮਾੜੀ ਅੱਖ ਰੱਖਣ ਵਾਲ਼ੇ ਨੂੰ ਹਮੇਸ਼ਾ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਕੁਰਸੀ ਲਈ ਪੰਜਾਬ ਨਾਲ਼ ਗਦਾਰੀ ਕਰਨ ਵਾਲ਼ਿਆਂ ਨੂੰ ਖ਼ਰੀਦ ਕੇ ਜੇ ਭਾਜਪਾ ਸਮਝਦੀ ਹੈ ਕਿ ਉਹ ਪੰਜਾਬ ‘ਤੇ ਕਬਜ਼ਾ ਕਰ ਲਵੇਗੀ ਤਾਂ ਇਹ ਭਾਜਪਾ ਦਾ ਬਹੁਤ ਵੱਡਾ ਵਹਿਮ ਹੈ। ਇਹ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ.ਕੁਲਤਾਰ ਸਿੰਘ ਸੰਧਵਾਂ ਨੇ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਤੋਂ ਚੁਣੇ ਗਏ ਰਾਜ ਸਭਾ ਮੈਂਬਰਾਂ ਵੱਲੋ ਪੰਜਾਬ ਨਾਲ ਕੀਤੇ ਵਿਸ਼ਵਾਸ਼ਘਾਤ ਕਾਰਨ ਰਾਜ ਸਭਾ ਮੈਂਬਰਾਂ ਦਾ ਕੋਟਕਪੂਰਾ ਵਿਖੇ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਜੋ ਐਮਪੀ ਪਾਰਟੀ ਛੱਡ ਕੇ ਵਿਰੋਧੀ ਧਿਰ ਨਾਲ ਮਿਲ ਗਏ ਹਨ ਉਹ ਲੋਕਤੰਤਰ ਦੇ ਕਾਤਿਲ ਹਨ।
ਇਸ ਤੋਂ ਇਲਾਵਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਰਕਰਾਂ ਵੱਲੋਂ ਘੰਟਾ ਘਰ ਚੌਂਕ ਫਰੀਦਕੋਟ ਵਿਖੇ ਵੀ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਵੱਲੋਂ ਬਹੁਤ ਵਿਸ਼ਵਾਸ ਕਰਕੇ ਆਮ ਆਦਮੀ ਪਾਰਟੀ ਦੀ ਚੋਣ ਕੀਤੀ ਗਈ ਸੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਚੁਣੇ ਗਏ ਇਨ੍ਹਾਂ ਨੁਮਾਇੰਦਿਆਂ ਨੂੰ ਪੰਜਾਬ ਦੀ ਨੁਮਾਇੰਦਗੀ ਲਈ ਰਾਜਸਭਾ ਵਿੱਚ ਭੇਜਿਆ ਗਿਆ ਸੀ ਪਰੰਤੂ ਇਹ ਵਿਰੋਧੀ ਪਾਰਟੀ ਨਾਲ ਜਾ ਰਲੇ ਹਨ ਜਿਸ ਨਾਲ ਪੰਜਾਬ ਦੇ ਲੋਕਾਂ ਦੇ ਹਿੱਤਾਂ ਦਾ ਘਾਣ ਹੋਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਇਕੱਲਾ ਆਮ ਆਦਮੀ ਪਾਰਟੀ ਨਾਲ ਨਹੀਂ ਸਗੋਂ ਪੰਜਾਬ ਦੇ ਲੋਕਾਂ ਨਾਲ ਵੀ ਗਦਾਰੀ ਕੀਤੀ ਹੈ।
ਚੇਅਰਮੈਨ ਪਲਾਨਿੰਗ ਬੋਰਡ ਗੁਰਤੇਜ ਸਿੰਘ ਖੋਸਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵੋਟ ਅਤੇ ਮਾਣ ਸਤਿਕਾਰ ਦੇ ਕੇ ਇਨ੍ਹਾਂ ਨੂੰ ਇਸ ਅਹੁਦੇ ਤੱਕ ਪਹੁੰਚਾਇਆ ਸੀ ਪ੍ਰੰਤੂ ਇਨ੍ਹਾਂ ਨੇ ਲੋਕਾਂ ਦਾ ਹਿੱਤ ਨਾ ਸੋਚ ਕੇ ਆਪਣਾ ਹਿੱਤ ਸੋਚਿਆ ਹੈ ਇਸ ਲਈ ਇਹ ਪੰਜਾਬ ਦੇ ਗੱਦਾਰ ਹਨ।
ਇਸੇ ਤਰ੍ਹਾਂ ਚੇਅਰਮੈਨ ਮਾਰਕੀਟ ਕਮੇਟੀ ਲਛਮਣ ਸਿੰਘ ਭਗਤੂਆਣਾ, ਚੇਅਰਮੈਨ ਗੋਬਿੰਦਰ ਸਿੰਘ ਆਹਲੂਵਾਲੀਆ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਵੀ ਜੈਤੋ ਵਿਖੇ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਵਿਸ਼ਵਾਸ ਘਾਤ ਕਰਕੇ ਇਹ ਐਮਪੀ ਵਿਰੋਧੀ ਧਿਰ ਵਿੱਚ ਸ਼ਾਮਿਲ ਹੋਏ ਹਨ ਜਿਸ ਕਰਕੇ ਪਾਰਟੀ ਦੇ ਨਾਲ ਨਾਲ ਲੋਕਾਂ ਵਿੱਚ ਵੀ ਇਹਨਾਂ ਪ੍ਰਤੀ ਰੋਸ ਹੈ।


