ਰੂਪਨਗਰ ਵਿਖੇ 12ਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਦੀ ਸ਼ਾਨਦਾਰ ਸ਼ੁਰੂਆਤ

ਸੰਤ ਅਵਤਾਰ ਸਿੰਘ ਟਿੱਬੀ ਸਾਹਿਬ ਨੇ ਨੌਜਵਾਨਾਂ ਨੂੰ ਸਿੱਖੀ ਸਰੂਪ ਨਾਲ ਜੁੜੇ ਰਹਿਣ ਲਈ ਪ੍ਰੇਰਿਆ

ਰੂਪਨਗਰ 18 ਅਪ੍ਰੈਲ, 2026 :
ਗੱਤਕਾ ਐਸੋਸੀਏਸ਼ਨ ਆਫ ਪੰਜਾਬ ਦੀ ਅਗਵਾਈ ਹੇਠ ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਵੱਲੋਂ ਆਯੋਜਿਤ 12ਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਦਾ ਅੱਜ ਸ਼ਾਨਦਾਰ ਆਗਾਜ਼ ਹੋਇਆ। ਗੁਰੂ ਨਾਨਕ ਮਾਡਲ ਸਕੂਲ ਲੌਧੀਪੁਰ ਵਿਖੇ ਚੱਲ ਰਹੀ ਇਸ ਦੋ ਰੋਜ਼ਾ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ 15 ਜ਼ਿਲ੍ਹਿਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ ਜਿਸ ਨਾਲ ਖਾਲਸਾਈ ਖੇਡ ਦਾ ਮਾਹੌਲ ਪੂਰੀ ਚਰਮ ਸੀਮਾ ‘ਤੇ ਹੈ।
ਅੱਜ ਟੂਰਨਾਮੈਂਟ ਦਾ ਉਦਘਾਟਨ ਤੇ ਮੁਕਾਬਲਿਆਂ ਦੀ ਸ਼ੁਰੂਆਤ ਸੰਤ ਬਾਬਾ ਅਵਤਾਰ ਸਿੰਘ ਜੀ ਟਿੱਬੀ ਸਾਹਿਬ ਵਾਲਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਪਰਮਜੀਤ ਸਿੰਘ ਲੱਖੋਵਾਲ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਸਰਦਾਰ ਹਰਜੀਤ ਸਿੰਘ ਗਰੇਵਾਲ ਐਡਵੋਕੇਟ ਅਤੇ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਦੀ ਪ੍ਰਧਾਨ ਬੀਬੀ ਮਨਜੀਤ ਕੌਰ ਦੀ ਹਾਜ਼ਰੀ ਵਿੱਚ ਕੀਤੀ। ਇਸ ਮੌਕੇ ਬੋਲਦਿਆਂ ਉਨ੍ਹਾਂ ਨੇ ਗੱਤਕਾ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਗੱਤਕਾ ਐਸੋਸੀਏਸ਼ਨ ਪੰਜਾਬ ਵੱਲੋਂ ਗੱਤਕੇ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਨਾਲ ਹੀ ਉਨ੍ਹਾਂ ਗੱਤਕੇ ਦੇ ਵਿਆਪਕ ਪ੍ਰਚਾਰ-ਪਸਾਰ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਲੱਖੋਵਾਲ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਰੂਪਨਗਰ ਗੱਤਕੇ ਦੇ ਖੇਤਰ ਵਿੱਚ ਬਹੁਤ ਅੱਗੇ ਹੈ ਅਤੇ ਪਿਛਲੇ ਸਾਲ ਵੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੌਰਾਨ ਇਥੋਂ ਦੇ ਖਿਡਾਰੀਆਂ ਨੇ ਪੰਜਾਬ ਟੀਮ ਦੀ ਅਗਵਾਈ ਕਰਦਿਆਂ ਕਈ ਮੈਡਲ ਜਿੱਤੇ ਸਨ। ਉਨ੍ਹਾਂ ਨੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਗਰੇਵਾਲ ਵੱਲੋਂ ਗੱਤਕੇ ਦੀ ਤਰੱਕੀ ਲਈ ਜਾਰੀ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ।
ਇਸ ਮੌਕੇ ਕੌਮੀ ਪ੍ਰਧਾਨ ਐਡਵੋਕੇਟ ਹਰਜੀਤ ਸਿੰਘ ਗਰੇਵਾਲ ਨੇ ਖਿਡਾਰੀਆਂ ਨੂੰ ਮਿਹਨਤ ਅਤੇ ਅਨੁਸ਼ਾਸਨ ਨਾਲ ਅੱਗੇ ਵੱਧਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਦੱਸਿਆ ਕਿ ਗੱਤਕੇ ਦੀ ਖੇਡ ਲਗਾਤਾਰ ਨਵੇਂ ਮੀਲ ਪੱਥਰ ਸਥਾਪਿਤ ਕਰ ਰਹੀ ਹੈ ਅਤੇ ਭਵਿੱਖ ਵਿੱਚ ਇਸ ਦੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਵੀ ਕਰਵਾਏ ਜਾਣਗੇ।
ਇਸ ਮੌਕੇ ਕਈ ਰਾਜਨੀਤਿਕ ਅਤੇ ਧਾਰਮਿਕ ਸ਼ਖਸੀਅਤਾਂ ਨੇ ਵੀ ਹਾਜ਼ਰੀ ਲਗਵਾਈ ਜਿਨ੍ਹਾਂ ਵਿੱਚ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਅਤੇ ਸਾਬਕਾ ਵਿਧਾਇਕ ਸਰਦਾਰ ਅਮਰਜੀਤ ਸਿੰਘ ਸੰਧੋਆ ਵੀ ਸ਼ਾਮਲ ਸਨ। ਇਲਾਕੇ ਦੀਆਂ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਇਸ ਟੂਰਨਾਮੈਂਟ ਨੂੰ ਭਰਪੂਰ ਸਮਰਥਨ ਮਿਲਿਆ।
ਜ਼ਿਲ੍ਹਾ ਪ੍ਰਧਾਨ ਬੀਬੀ ਮਨਜੀਤ ਕੌਰ ਨੇ ਦੱਸਿਆ ਕਿ ਐਤਵਾਰ 19 ਅਪ੍ਰੈਲ ਇਸ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਹੋਣਗੇ ਅਤੇ ਜੇਤੂ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰੂ ਨਾਨਕ ਮਾਡਲ ਸਕੂਲ ਦੇ ਚੇਅਰਮੈਨ ਸਰਦਾਰ ਗੁਰਬਚਨ ਸਿੰਘ, ਗੁਰਪ੍ਰੀਤ ਸਿੰਘ ਭਾਉਵਾਲ, ਗੁਰਵਿੰਦਰ ਸਿੰਘ ਘਨੌਲੀ, ਜਸਪ੍ਰੀਤ ਸਿੰਘ, ਪਰਵਿੰਦਰ ਸਿੰਘ ਰੂਪਨਗਰ, ਸਰਦਾਰ ਹਰਦੀਪ ਸਿੰਘ ਅਤੇ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ।

CATEGORIES
Share This

COMMENTS

Wordpress (0)
Disqus ( )
Translate