PAU ਨੇ ਬੌਧਿਕ ਸੰਪਤੀ ਦੇ ਅਧਿਕਾਰ ਬਾਰੇ ਨੌਜਵਾਨ ਅਧਿਆਪਕਾਂ ਲਈ ਵਰਕਸ਼ਾਪ ਆਯੋਜਿਤ ਕੀਤੀ
ਲੁਧਿਆਣਾ 24 ਮਾਰਚ। ਪੀ.ਏ.ਯੂ. ਦੇ ਤਕਨਾਲੋਜੀ ਵਪਾਰੀਕਰਨ ਸੈੱਲ ਵੱਲੋਂ ਨੌਜਵਾਨ ਅਧਿਆਪਕਾਂ ਨੂੰ ਬੌਧਿਕ ਸੰਪਤੀ ਦੇ ਅਧਿਕਾਰ ਤੋਂ ਜਾਣੂੰ ਕਰਵਾਉਣ ਲਈ ਇਕ ਵਰਕਸ਼ਾਪ ਦਾ ਆਯੋਜਨ ਕੀਤਾ| ਇਹ ਵਰਕਸ਼ਾਪ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ ਚੰਡੀਗੜ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਤਕਨਾਲੋਜੀ ਵਪਾਰੀਕਰਨ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਦੇ ਦੱਸਿਆ ਕਿ ਇਸ ਵਰਕਸ਼ਾਪ ਨੂੰ ਆਯੋਜਿਤ ਕੀਤੇ ਜਾਣ ਦਾ ਮੰਤਵ ਮੌਜੂਦਾ ਸਮੇਂ ਵਿਚ ਤਕਨਾਲੋਜੀ ਦੇ ਮੱਦੇਨਜ਼ਰ ਖੋਜ ਅਤੇ ਪਸਾਰ ਰਾਹੀਂ ਨਿਰਮਿਤ ਕੀਤੀ ਬੌਧਿਕ ਸੰਪਤੀ ਬਾਰੇ ਅਧਿਕਾਰਾਂ ਲਈ ਜਾਗਰੂਕਤਾ ਫੈਲਾਉਣਾ ਸੀ। ਖੇਤੀ ਇੰਜਨੀਅਰਿੰਗ ਬਾਰੇ ਵਧੀਕ ਨਿਰਦੇਸ਼ਕ ਖੋਜ ਡਾ. ਮਹੇਸ਼ ਕੁਮਾਰ ਇਸ ਵਰਕਸ਼ਾਪ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਉਹਨਾਂ ਆਪਣੀ ਟਿੱਪਣੀ ਵਿਚ ਕਿਸੇ ਹੋਰ ਸੰਸਥਾਨ ਦੀ ਮਜ਼ਬੂਤੀ ਲਈ ਖੋਜ ਲੱਭਤਾਂ ਦੀ ਬੌਧਿਕ ਸੰਪਤੀ ਵਜੋਂ ਸੁਰੱਖਿਆ ਦੇ ਮਹੱਤਵ ਉੱਪਰ ਜ਼ੋਰ ਦਿੱਤਾ| ਇਸ ਦੌਰਾਨ ਉਹਨਾਂ ਨੇ ਪੀ.ਏ.ਯੂ. ਦੀਆਂ ਤਕਨਾਲੋਜੀਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ।
ਮੋਹਾਲੀ ਤੋਂ ਆਏ ਡਾ.ਰੁਚੀ ਸਿੰਗਲਾ ਅਤੇ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ ਦੇ ਵਿਗਿਆਨੀ ਡਾ. ਦਿਵਿਆ ਕੌਸ਼ਿਕ ਮੁੱਖ ਬੁਲਾਰਿਆਂ ਵਜੋਂ ਸ਼ਾਮਿਲ ਹੋਏ। ਦੋਵਾਂ ਬੁਲਾਰਿਆਂ ਨੇ ਮੌਜੂਦਾ ਤਕਨਾਲੋਜੀ ਪ੍ਰਬੰਧਾਂ ਵਿਚ ਬੌਧਿਕ ਸੰਪਤੀ ਦੀ ਸਫਲਤਾ ਪੂਰਵਕ ਸੁਰੱਖਿਆ ਅਤੇ ਭਾਰਤ ਵਿਚ ਨੌਜਵਾਨ ਵਿਗਿਆਨੀਆਂ ਦੇ ਪੇਟੈਂਟ ਸੰਬੰਧੀ ਮੁੱਲਵਾਨ ਜਾਣਕਾਰੀ ਸਾਂਝੀ ਕੀਤੀ।
ਨਿਰਦੇਸ਼ਕ ਖੋਜ ਡਾ.ਅਜਮੇਰ ਸਿੰਘ ਢੱਟ ਨੇ ਇਸ ਵਰਕਸ਼ਾਪ ਨੂੰ ਆਯੋਜਿਤ ਕੀਤੇ ਜਾਣ ਦੀ ਸਲਾਹੁਤਾ ਕੀਤੀ। ਉਨਾਂ ਦੱਸਿਆ ਕਿ ਪੀ.ਏ.ਯੂ. ਨੇ ਹੁਣ ਤੱਕ ਵੱਖ-ਵੱਖ ਧਿਰਾਂ ਨਾਲ 422 ਤੋਂ ਵਧੇਰੇ ਸਮਝੌਤੇ ਕਰਕੇ ਤਕਨਾਲੋਜੀ ਦੇ ਸੁਰੱਖਿਅਤ ਵਪਾਰੀਕਰਨ ਵੱਲ ਕਦਮ ਵਧਾਇਆ ਹੈ। ਇਸ ਮੌਕੇ ਡਾ. ਨੀਨਾ ਸਿੰਗਲਾ, ਡਾ. ਗੌਰਵ ਤੱਗੜ, ਡਾ. ਦੀਪਿਕਾ ਵਿੱਗ, ਡਾ. ਗੁਰਨਾਜ਼ ਗਿੱਲ ਅਤੇ ਡਾ. ਰਜਿੰਦਰ ਸਿੰਘ ਵੀ ਮੌਜੂਦ ਸਨ।



