ਆਮ ਆਦਮੀ ਪਾਰਟੀ ਦੇ ਭ੍ਰਿਸ਼ਟਾਚਾਰ ਤੋਂ ਹਰ ਵਰਗ ਦੁਖੀ-ਸੀਐਮ ਨਾਇਬ ਸਿੰਘ ਸੈਣੀ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪੰਜਾਬ ਵਿੱਚ ਭਾਜਪਾ ਸਰਕਾਰ ਬਣਨ ‘ਤੇ ਹਰਿਆਣਾ ਦੀ ਤਰਜ਼ ‘ਤੇ ਲਾਗੂ ਹੋਣਗੀਆਂ ਭਲਾਈਕਾਰੀ ਸਕੀਮਾਂ – ਮੁੱਖ ਮੰਤਰੀ
ਪੰਜਾਬ ਦੇ ਲਹਿਰਾਗਾਗਾ ਦੇ ਪਿੰਡ ਬਨਾਰਸੀ ਵਿੱਚ ਆਯੋਜਿਤ ਜਨਸਭਾ ਵਿੱਚ ਪੰਜਾਬ ਦੀ ਆਮ ਆਦਮੀ ਸਰਕਾਰ ‘ਤੇ ਵਰ੍ਹੇ ਹਰਿਆਣਾ ਦੇ ਮੁੱਖ ਮੰਤਰੀ
ਮੁੱਖ ਮੰਤਰੀ ਨੇ ਪੰਜਾਬ ਦੇ ਅਧਿਕਾਰੀ ਦੀ ਖੁਦਕੁਸ਼ੀ ਨੂੰ ਦਸਿਆ ਨਿੰਦਣਯੋਗ ਦੱਸਿਆ
ਕਿਹਾ: ਕੇਜਰੀਵਾਲ ਦਿੱਲੀ ਲੈ ਜਾਂਦਾ ਹੈ ਪੰਜਾਬ ਦਾ ਮਾਲ
ਚੰਡੀਗੜ੍ਹ, 21 ਮਾਰਚ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪੰਜਾਬ ਵਿੱਚ ਭਾਜਪਾ ਸਰਕਾਰ ਬਣਨ ਤੋਂ ਬਾਅਦ ਹਰਿਆਣਾ ਦੀ ਤਰਜ਼ ‘ਤੇ ਔਰਤਾਂ, ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਸਮੇਤ ਸਾਰੇ ਵਰਗਾਂ ਦੇ ਹਿੱਤਾਂ ਲਈ ਸਕੀਮਾਂ ਲਾਗੂ ਕੀਤੀਆਂ ਜਾਣਗੀਆਂ। ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਵਿੱਚ ਡੁੱਬੀ ਹੋਈ ਹੈ ਅਤੇ ਪੰਜਾਬ ਨੂੰ ਵਿਕਾਸ ਦੇ ਮਾਮਲੇ ਵਿੱਚ ਪਿੱਛੇ ਧੱਕ ਦਿੱਤਾ ਹੈ। ਅਜਿਹੀ ਵਿਵਸਥਾ ਤੋਂ ਤੰਗ ਆ ਕੇ ਅਧਿਕਾਰੀ ਵੀ ਆਪਣੀ ਜਾਨ ਦੇਣ ਲਈ ਮਜਬੂਰ ਹਨ, ਜੋ ਕਿ ਨਿੰਦਣਯੋਗ ਹੈ।
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸ਼ਨੀਵਾਰ ਨੂੰ ਪੰਜਾਬ ਦੇ ਲਹਿਰਾਗਾਗਾ ਦੇ ਪਿੰਡ ਬਨਾਰਸੀ ਵਿੱਚ ਨੌਜਵਾਨ ਨੇਤਾ ਰਾਕੇਸ਼ ਸਿੰਘ ਗਿੱਲ ਵੱਲੋਂ ਆਯੋਜਿਤ ਜਨਸਭਾ ਨੂੰ ਸੰਬੋਧਿਤ ਕਰ ਰਹੇ ਸਨ। ਇਸ ਜਨਸਭਾ ਵਿੱਚ ਰਾਕੇਸ਼ ਸਿੰਘ ਗਿੱਲ ਨੇ ਆਪਣੇ ਸਮਰਥਕਾਂ ਸਮੇਤ ਮੁੱਖ ਮੰਤਰੀ ਦੀ ਮੌਜੂਦਗੀ ਵਿੱਚ ਭਾਜਪਾ ਦਾ ਪੱਲਾ ਫੜਿਆ।
ਜਨਸਭਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਦਾ ਇਹ ਇਲਾਕਾ ਆਪਣੀਆਂ ਅਨਾਜ ਮੰਡੀਆਂ ਅਤੇ ਵਪਾਰਕ ਗਤੀਵਿਧੀਆਂ ਲਈ ਪੂਰੇ ਖੇਤਰ ਵਿੱਚ ਪ੍ਰਸਿੱਧ ਸੀ। ਇਹ ਉਹ ਧਰਤੀ ਹੈ ਜਿਸ ਨੇ ਹਮੇਸ਼ਾ ਬੇਇਨਸਾਫ਼ੀ ਵਿਰੁੱਧ ਆਵਾਜ਼ ਉਠਾਈ ਹੈ, ਪਰ ਅੱਜ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਸ ਧਰਤੀ ਨੇ ਪੰਜਾਬ ਨੂੰ ਆਰਥਿਕ ਮਜ਼ਬੂਤੀ ਦਿੱਤੀ, ਅੱਜ ਉਹੀ ਸਰਕਾਰ ਦੀ ਅਣਦੇਖੀ ਕਾਰਨ ਆਪਣੀ ਪਛਾਣ ਖੋ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ, ਪਰ ਜੋ ਸਰਕਾਰ ਜਨਤਾ ਦੀਆਂ ਬੁਨਿਆਦੀ ਲੋੜਾਂ ਨੂੰ ਭੁੱਲ ਕੇ ਸਿਰਫ਼ ਇਸ਼ਤਿਹਾਰਾਂ ਦੀ ਚਮਕ ਵਿੱਚ ਗੁਆਚ ਜਾਵੇ, ਉਸ ਨੂੰ ਸੱਤਾ ਵਿੱਚ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।
ਮੁੱਖ ਮੰਤਰੀ ਨੇ ਲਹਿਰਾਗਾਗਾ ਦੀਆਂ ਮਾੜੀਆਂ ਸਿਹਤ ਸੇਵਾਵਾਂ, ਮਾੜੀ ਸਿੱਖਿਆ ਪ੍ਰਣਾਲੀ, ਟੁੱਟੀਆਂ ਗਲੀਆਂ ਅਤੇ ਬੰਦ ਹੋ ਰਹੇ ਉਦਯੋਗਾਂ ਦੀ ਸਮੱਸਿਆ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਬਦਲਾਅ ਦਾ ਨਾਅਰਾ ਦੇ ਕੇ ਇਸ ਖੇਤਰ ਨੂੰ ਸਿਰਫ਼ ਹਨੇਰੇ ਵਿੱਚ ਧੱਕਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਮੁਹੱਲਾ ਕਲੀਨਿਕ ਖੋਲ੍ਹ ਕੇ ਕ੍ਰਾਂਤੀ ਲਿਆਵਾਂਗੇ, ਪਰ ਸੱਚ ਇਹ ਹੈ ਕਿ ਅੱਜ ਵੀ ਗੰਭੀਰ ਬਿਮਾਰੀ ਦੀ ਹਾਲਤ ਵਿੱਚ ਇੱਥੋਂ ਦੇ ਲੋਕਾਂ ਨੂੰ ਪਟਿਆਲਾ, ਲੁਧਿਆਣਾ ਜਾਂ ਹਰਿਆਣਾ ਦੇ ਹਸਪਤਾਲਾਂ ਵਿੱਚ ਜਾਣਾ ਪੈਂਦਾ ਹੈ। ਸੱਭ ਤੋਂ ਚਿੰਤਾਜਨਕ ਵਿਸ਼ਾ ਪੰਜਾਬ ਦੀ ਨੋਜੁਆਨ ਸ਼ਕਤੀ ਦਾ ਨਸ਼ੇ ਦੀ ਚਪੇਟ ਵਿੱਚ ਆਉਣ ਦਾ ਹੈ। ਪਾਜਾਬ ਦੇ ਬਦਹਾਲ ਕਾਨੂੰਨ ਵਿਵਸਥਾ ਕਾਰਨ ਨਿਵੇਸ਼ ਨਹੀਂ ਆ ਰਿਹਾ, ਜਿਸ ਦੇ ਚਲਦੇ ਲਗਾਤਾਰ ਪੰਜਾਬ ਪਿਛੜਦਾ ਜਾ ਰਿਹਾ ਹੈ
ਹਰਿਆਣਾ ਸਰਕਾਰ ਦੀਆਂ ਜਨਭਲਾਈਕਾਰੀ ਨੀਤੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਵਿੱਚ ਜੋ ਵਿਕਾਸ, ਵਿਸ਼ਵਾਸ ਅਤੇ ਫੈਸਲਾਕੁੰਨ ਸ਼ਾਸਨ ਦੀ ਪਰੰਪਰਾ ਬਣੀ ਹੈ, ਹਰਿਆਣਾ ਉਸ ਦੀ ਇੱਕ ਮਜ਼ਬੂਤ ਮਿਸਾਲ ਹੈ। ਹਰਿਆਣਾ ਨੇ ਇਹ ਸਿੱਧ ਕ ਦਿਖਾਇਆ ਹੈ ਕਿ ਜਦੋਂ ਕੇਂਦਰ ਅਤੇ ਰਾਜ ਵਿੱਚ ਇੱਕੋ ਸੋਚ ਵਾਲੀ ਸਰਕਾਰ ਹੁੰਦੀ ਹੈ, ਤਾਂ ਵਿਕਾਸ ਦੀ ਰਫ਼ਤਾਰ ਕਈ ਗੁਣਾ ਤੇਜ਼ ਹੋ ਜਾਂਦੀ ਹੈ।
ਮੁੱਖ ਮੰਤਰੀ ਨੇ ‘ਲਾਡੋ ਲਛਮੀ ਯੋਜਨਾ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਸਕੀਮ ਤਹਿਤ ਪੰਜ ਕਿਸ਼ਤਾਂ ਵਿੱਚ ਸਾਢੇ ਅੱਠ ਸੌ ਕਰੋੜ ਰੁਪਏ ਦਸ ਲੱਖ ਭੈਣਾਂ ਨੂੰ ਦਿੱਤੇ ਜਾ ਚੁੱਕੇ ਹਨ। ਅੱਜ ਹਰਿਆਣਾ ਵਿੱਚ 24 ਫ਼ਸਲਾਂ ਐਮਐਸਪੀ ‘ਤੇ ਖਰੀਦੀਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਅਦਾਇਗੀ ਕਿਸਾਨਾਂ ਨੂੰ 48 ਘੰਟਿਆਂ ਵਿੱਚ ਕੀਤੀ ਜਾ ਰਹੀ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਨੂੰ ਸੁਪਨੇ ਦਿਖਾਏ ਸਨ, ਪਰ ਪੰਜਾਬ ਦਾ ਕਿਸਾਨ ਅੱਜ ਠੱਗਿਆ ਮਹਿਸੂਸ ਕਰ ਰਿਹਾ ਹੈ।
ਪੰਜਾਬ ਦੀ ਆਮ ਆਦਮੀ ਸਰਕਾਰ ਨੂੰ ਘੇਰਦਿਆਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛਿਪਾਉਣ ਲਈ ਕੇਵਲ ਕੇਂਦਰ ਸਰਕਾਰ ‘ਤੇ ਦੋਸ਼ ਲਗਾ ਰਹੀ ਹੈ। ਜਦੋਂ ਕਿ ਕਿਸਾਨਾਂ ਲਈ ਖਾਦਾਂ ਅਤੇ ਦਵਾਈਆਂ ਦਾ ਪ੍ਰਬੰਧ ਕਰਨ ਵਿੱਚ ਨਾਕਾਮ ਰਹੀ, ਉੱਥੇ ਹੀ ਫ਼ਸਲ ਦੀ ਖਰੀਦ ਲਈ ਕੋਈ ਪੁਖਤਾ ਪ੍ਰਬੰਧ ਕਰਨ ਵਿੱਚ ਵੀ ਅਸਫ਼ਲ ਰਹੀ ਹੈ। ਇਸ ਦੇ ਨਾਲ ਹੀ ਪਰਾਲੀ ਪ੍ਰਬੰਧਨ ਲਈ ਵੀ ਕੋਈ ਕੰਮ ਨਹੀਂ ਕੀਤਾ ਗਿਆ, ਜਦਕਿ ਹਰਿਆਣਾ ਵਿੱਚ ਪਰਾਲੀ ਪ੍ਰਬੰਧਨ ‘ਤੇ ਕਿਸਾਨਾਂ ਨੂੰ ਆਰਥਕ ਸਹਾਇਤਾ ਦਿੱਤੀ ਜਾਂਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਮਨਰੇਗਾ ਦੇ ਲਾਗੂਕਰਨ ਵਿੱਚ ਪੰਜਾਬ ਵਿੱਚ ਵੱਡਾ ਭ੍ਰਿਸ਼ਟਾਚਾਰ ਹੋਇਆ ਹੈ, ਜਿਸ ਵਿੱਚ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਮਜ਼ਦੂਰਾਂ ਦੇ ਹਿੱਤ ਵਿੱਚ ਕਦਮ ਚੁੱਕਣ ਦੀ ਬਜਾਏ, ਵਿਧਾਨਸਭਾ ਵਿੱਚ 30 ਸਤੰਬਰ ਨੂੰ ਇੱਥੋਂ ਦੀ ਸਰਕਾਰ ਮਤਾ ਲੈ ਕੇ ਆਈ, ਜਿਸ ਵਿੱਚ ਨਾ ਕੋਈ ਅੰਕੜਾ ਸੀ, ਨਾ ਕੋਈ ਤੱਥ ਅਤੇ ਨਾ ਹੀ ਕੋਈ ਸੁਝਾਅ। ਇਹ ਸਰਾਸਰ ਮਜ਼ਦੂਰਾਂ ਦੇ ਹਿੱਤਾਂ ‘ਤੇ ਹਮਲਾ ਸੀ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਵਿੱਚ 44 ਲੱਖ ਲੋਕ ਸਮਾਜਿਕ ਸੁਰੱਖਿਆ ਪੈਨਸ਼ਨ ਦਾ ਲਾਭ ਲੈ ਰਹੇ ਹਨ। ਇਸ ਵਿੱਚ ਹਾਲ ਹੀ ਵਿੱਚ ਵਾਧਾ ਵੀ ਕੀਤਾ ਗਿਆ ਹੈ, ਪਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਥੇ ਵੀ ਸਬਜ਼ਬਾਗ ਦਿਖਾਉਂਦੇ ਹੋਏ ਆਖਰੀ ਬਜਟ ਵਿੱਚ ਬੁਢਾਪਾ ਪੈਨਸ਼ਨ ਵਿੱਚ ਵੀ ਕੋਈ ਵਾਧਾ ਨਹੀਂ ਕੀਤਾ।
ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਇੱਥੋਂ ਦਾ ਮਾਲ ਦਿੱਲੀ ਲੈ ਜਾਂਦੇ ਹਨ, ਜਦਕਿ ਪੰਜਾਬ ਦੇ ਲੋਕ ਵਿਕਾਸ ਨੂੰ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਸੂਬੇ ਨੂੰ ਪ੍ਰਯੋਗਸ਼ਾਲਾ ਨਹੀਂ, ਸਗੋਂ ਤਜਰਬੇਕਾਰ ਅਤੇ ਜ਼ਿੰਮੇਵਾਰ ਸ਼ਾਸਨ ਚਾਹੀਦਾ ਹੈ। ਗੁਰੂਆਂ ਦੀ ਇਹ ਧਰਤੀ ਸਾਨੂੰ ਸਿਖਾਉਂਦੀ ਹੈ ਕਿ ਬੇਇਨਸਾਫ਼ੀ ਵਿਰੁੱਧ ਖੜ੍ਹੇ ਹੋਣਾ ਹੀ ਸੱਚਾ ਧਰਮ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਆਮ ਲੋਕਾਂ ਲਈ ਉਨ੍ਹਾਂ ਦੇ ਘਰ ਦੇ ਦਰਵਾਜ਼ੇ 24 ਘੰਟੇ ਖੁੱਲ੍ਹੇ ਹਨ। ਉਹ ਕਦੇ ਵੀ ਆ ਕੇ ਉਨ੍ਹਾਂ ਨੂੰ ਮਿਲ ਸਕਦੇ ਹਨ। ਜਨਤਾ ਸੰਕਲਪ ਲਵੇ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਬਾਹਰ ਦਾ ਰਸਤਾ ਦਿਖਾਉਣਗੇ।
ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਤਰੁਣ ਭੰਡਾਰੀ ਸਮੇਤ ਸੰਗਰੂਰ ਭਾਜਪਾ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ, ਸਾਬਕਾ ਚੇਅਰਮੈਨ ਮਹਿੰਦਰ ਸਿੰਘ ਗਿੱਲ, ਜ਼ਿਲ੍ਹਾ ਪ੍ਰੀਸ਼ਦ ਦੀ ਉਪ ਪ੍ਰਧਾਨ ਰਾਜਰਾਣੀ ਗਿੱਲ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।



