ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵਿਧਾਇਕ ਪੂਰੀ ਜ਼ਿੰਮੇਵਾਰੀ ਲੈਣ ਅਤੇ ਹਰ ਪਿੰਡ ਦੀ ਰੋਜ਼ਾਨਾ ਜਵਾਬਦੇਹੀ ਯਕੀਨੀ ਬਣਾਉਣ-ਮਨੀਸ਼ ਸਿਸੋਦੀਆ

ਇਹ ਇੱਕ ਦਿਨ ਦੀ ਲੜਾਈ ਨਹੀਂ, ਇਹ ‘ਨਸ਼ਿਆਂ ਵਿਰੁੱਧ ਯੁੱਧ’ ਹੈ; ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਸਾਨੂੰ ਹਰ ਪਿੰਡ ਵਿੱਚੋਂ ਨਸ਼ਾ ਖਤਮ ਕਰਨਾ ਹੋਵੇਗਾ: ਮਨੀਸ਼ ਸਿਸੋਦੀਆ

ਜੇਕਰ ਕਿਸੇ ਇਲਾਕੇ ਵਿੱਚ ਨਸ਼ਾ ਵਿਕ ਰਿਹਾ ਹੈ ਅਤੇ ਉੱਥੋਂ ਦਾ ਵਿਧਾਇਕ ਜਾਂ ਆਗੂ ਚੈਨ ਦੀ ਨੀਂਦ ਸੌਂ ਰਿਹਾ ਹੈ, ਤਾਂ ਉਹ ਆਪਣੀ ਜ਼ਿੰਮੇਵਾਰੀ ਵਿੱਚ ਫੇਲ੍ਹ ਹੈ: ਮਨੀਸ਼ ਸਿਸੋਦੀਆ

ਜੇਕਰ ਤੁਸੀਂ ਨਸ਼ਾ ਮਾਫੀਆ ਵਿਰੁੱਧ ਖੜ੍ਹੇ ਨਹੀਂ ਹੋ ਸਕਦੇ, ਤਾਂ ‘ਆਪ’ ਦਾ ਹਿੱਸਾ ਨਾ ਬਣੋ, ਇਹ ਪਾਰਟੀ ਲੜਨ ਲਈ ਬਣੀ ਹੈ: ਮਨੀਸ਼ ਸਿਸੋਦੀਆ

ਆਮ ਆਦਮੀ ਪਾਰਟੀ ਡਰਾਇੰਗ ਰੂਮਾਂ ਵਿੱਚ ਨਹੀਂ, ਸਗੋਂ ਜੰਤਰ-ਮੰਤਰ ‘ਤੇ 14 ਦਿਨਾਂ ਦੀ ਭੁੱਖ ਹੜਤਾਲ ਵਿੱਚੋਂ ਪੈਦਾ ਹੋਈ ਹੈ, ਅਸੀਂ ਕਿਸੇ ਵੀ ਲੜਾਈ ਤੋਂ ਪਿੱਛੇ ਨਹੀਂ ਹਟਾਂਗੇ: ਮਨੀਸ਼ ਸਿਸੋਦੀਆ

ਕੇਂਦਰ ਵੱਲੋਂ ਸ਼ਕਤੀਆਂ ਖੋਹਣ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਨੇ ਸਕੂਲ, ਹਸਪਤਾਲ, ਬਿਜਲੀ ਅਤੇ ਪਾਣੀ ਦੇ ਸੁਧਾਰ ਕਰਕੇ ਦਿਖਾਏ; 2020 ਵਿੱਚ ਇੱਕ ਵਾਰ ਫਿਰ ਇਮਾਨਦਾਰੀ ਦੀ ਜਿੱਤ ਹੋਈ: ਮਨੀਸ਼ ਸਿਸੋਦੀਆ

ਚੰਡੀਗੜ੍ਹ 20 ਮਾਰਚ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਭਾਰੀ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੰਮ੍ਰਿਤਸਰ ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪਾਰਟੀ ਆਗੂਆਂ, ਵਿਧਾਇਕਾਂ, ਬਲਾਕ ਇੰਚਾਰਜਾਂ ਅਤੇ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵਿਧਾਇਕਾਂ ਨੂੰ ਪੂਰੀ ਜ਼ਿੰਮੇਵਾਰੀ ਲੈਣੀ ਪਵੇਗੀ ਅਤੇ ਹਰ ਪਿੰਡ ਦੀ ਰੋਜ਼ਾਨਾ ਜਵਾਬਦੇਹੀ ਯਕੀਨੀ ਬਣਾਉਣੀ ਪਵੇਗੀ। ਉਨ੍ਹਾਂ ਨੇ ਪੂਰੇ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਇੱਕ ਅਟੱਲ ਅਤੇ ਮਿਸ਼ਨ-ਮੋਡ ਲੜਾਈ ਦਾ ਸੱਦਾ ਦਿੰਦਿਆਂ ਜ਼ੋਰ ਦਿੱਤਾ ਕਿ ‘ਆਪ’ ਦੀ ਬੁਨਿਆਦ ਸੰਘਰਸ਼ ਅਤੇ ਕੁਰਬਾਨੀ ਵਿੱਚ ਹੈ, ਨਾ ਕਿ ਸੱਤਾ ਜਾਂ ਸਹੂਲਤਾਂ ਵਿੱਚ।

ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸੀਨੀਅਰ ‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਕਿਹਾ, “ਆਮ ਆਦਮੀ ਪਾਰਟੀ ਜੰਤਰ-ਮੰਤਰ ‘ਤੇ ਅਰਵਿੰਦ ਕੇਜਰੀਵਾਲ ਜੀ, ਸਾਡੇ ਸਾਰਿਆਂ ਅਤੇ ਤੁਹਾਡੇ ਵਿੱਚੋਂ ਕਈਆਂ ਦੇ ਸਹਿਯੋਗ ਨਾਲ 14 ਦਿਨਾਂ ਦੀ ਭੁੱਖ ਹੜਤਾਲ ਵਿੱਚੋਂ ਨਿਕਲੀ ਹੈ। ਇਹ ਪਾਰਟੀ ਸੱਤਾ ਦਾ ਅਨੰਦ ਲੈਣ ਜਾਂ ਵਿਧਾਇਕ-ਮੰਤਰੀ ਬਣਨ ਲਈ ਡਰਾਇੰਗ ਰੂਮਾਂ ਵਿੱਚ ਨਹੀਂ ਬਣੀ। ਇਹ ਸੰਘਰਸ਼ ਵਿੱਚੋਂ ਪੈਦਾ ਹੋਈ ਪਾਰਟੀ ਹੈ ਅਤੇ ਅਸੀਂ ਕਦੇ ਹਿੰਮਤ ਨਹੀਂ ਹਾਰੀ।”

ਦਿੱਲੀ ਸਰਕਾਰ ਨੂੰ ਦਰਪੇਸ਼ ਚੁਣੌਤੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ, “ਦਿੱਲੀ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਪਹਿਲਾ ਹਮਲਾ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ। ਜਦੋਂ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਬਣੇ ਤਾਂ ਅਸੀਂ ਤਹਿਸੀਲਦਾਰਾਂ ਤੋਂ ਲੈ ਕੇ ਐਸ.ਡੀ.ਐਮਜ਼ ਤੱਕ ਹਰ ਪੱਧਰ ‘ਤੇ ਭ੍ਰਿਸ਼ਟਾਚਾਰ ਵਿਰੁੱਧ ‘ਜ਼ੀਰੋ ਟੋਲਰੈਂਸ’ ਦੀ ਨੀਤੀ ਅਪਣਾਈ। ਕੇਂਦਰ ਨੇ ਖਤਰਾ ਮਹਿਸੂਸ ਕੀਤਾ ਅਤੇ ਦਿੱਲੀ ਸਰਕਾਰ ਤੋਂ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ (ਏਸੀਬੀ) ਖੋਹ ਲਈ। ਬਾਅਦ ਵਿੱਚ ਆਈ.ਏ.ਐਸ ਅਫਸਰਾਂ ਤੋਂ ਲੈ ਕੇ ਅਧਿਆਪਕਾਂ ਅਤੇ ਸੇਵਾਦਾਰਾਂ ਤੱਕ ਦੀ ਬਦਲੀ ਦੀ ਸ਼ਕਤੀ ਵੀ ਖੋਹ ਲਈ ਗਈ। ਸਾਰੀਆਂ ਤਾਕਤਾਂ ਖੋਹੇ ਜਾਣ ਦੇ ਬਾਵਜੂਦ ਅਸੀਂ ਕੰਮ ਜਾਰੀ ਰੱਖਿਆ ਅਤੇ ਨਤੀਜੇ ਦਿੱਤੇ।”

ਉਨ੍ਹਾਂ ਅੱਗੇ ਕਿਹਾ, “ਤਾਕਤਾਂ ਗੁਆਉਣ ਤੋਂ ਬਾਅਦ ਵੀ ਅਸੀਂ ਅਜਿਹੇ ਸਕੂਲ ਅਤੇ ਹਸਪਤਾਲ ਬਣਾਏ ਜੋ ਭਾਰਤ ਵਿੱਚ ਪਹਿਲਾਂ ਕਦੇ ਨਹੀਂ ਦੇਖੇ ਗਏ ਸਨ। ਅਸੀਂ ਬਿਜਲੀ ਅਤੇ ਪਾਣੀ ਦੀਆਂ ਅਜਿਹੀਆਂ ਨੀਤੀਆਂ ਲਾਗੂ ਕੀਤੀਆਂ ਜੋ ਮਿਸਾਲ ਬਣੀਆਂ। ਅਰਵਿੰਦ ਕੇਜਰੀਵਾਲ ਕਹਿ ਸਕਦੇ ਸਨ ਕਿ ਉਹ ਸ਼ਕਤੀਆਂ ਤੋਂ ਬਿਨਾਂ ਕੰਮ ਨਹੀਂ ਕਰ ਸਕਦੇ, ਪਰ ਉਨ੍ਹਾਂ ਨੇ ਕਰਕੇ ਦਿਖਾਇਆ। ਇਹੀ ਕਾਰਨ ਹੈ ਕਿ ਦਿੱਲੀ ਦੇ ਲੋਕਾਂ ਨੇ 2020 ਵਿੱਚ ਉਨ੍ਹਾਂ ਨੂੰ 70 ਵਿੱਚੋਂ 62 ਸੀਟਾਂ ਦਿੱਤੀਆਂ।”

‘ਆਪ’ ਆਗੂਆਂ ਨੂੰ ਸਿਆਸੀ ਤੌਰ ‘ਤੇ ਨਿਸ਼ਾਨਾ ਬਣਾਉਣ ਬਾਰੇ ਮਨੀਸ਼ ਸਿਸੋਦੀਆ ਨੇ ਕਿਹਾ, “ਇਮਾਨਦਾਰੀ ਦੇ ਇਸ ਅਕਸ ਨੂੰ ਤੋੜਨ ਲਈ ਨਰਿੰਦਰ ਮੋਦੀ ਜੀ ਨੇ ਅਰਵਿੰਦ ਕੇਜਰੀਵਾਲ ਨੂੰ ਭ੍ਰਿਸ਼ਟ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਸਤੇਂਦਰ ਜੈਨ ਨੂੰ ਝੂਠੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ। ਮੇਰੇ ‘ਤੇ ਵੀ ਕਥਿਤ ਸ਼ਰਾਬ ਘੁਟਾਲੇ ਦਾ ਦੋਸ਼ ਲਾਇਆ ਗਿਆ। ਪਹਿਲਾਂ ਉਨ੍ਹਾਂ ਨੇ 10,000 ਕਰੋੜ, ਫਿਰ 1,000 ਕਰੋੜ, ਫਿਰ 100 ਕਰੋੜ ਕਿਹਾ ਅਤੇ ਅਦਾਲਤ ਵਿੱਚ ਇਹ ਜ਼ੀਰੋ ਹੋ ਗਿਆ। ਅਦਾਲਤ ਨੇ ਕਿਹਾ ਕਿ ਕੋਈ ਕੇਸ ਹੀ ਨਹੀਂ ਹੈ।”

ਹਿੰਮਤ ਬਣਾਈ ਰੱਖਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ, “ਤੁਹਾਡੇ ਵਿੱਚ ਹਿੰਮਤ ਹੋਣੀ ਚਾਹੀਦੀ ਹੈ। ਇਹ ਇੱਕ ਦਿਨ ਦੀ ਲੜਾਈ ਨਹੀਂ ਹੈ। ਇਹ ਲੰਬੀ ਜੰਗ ਹੈ। ਤੁਸੀਂ ਗੁਰੂਆਂ ਅਤੇ ਸ਼ਹੀਦਾਂ ਦੀ ਧਰਤੀ ‘ਤੇ ਪੈਦਾ ਹੋਏ ਹੋ। ਤੁਹਾਨੂੰ ਉੱਥੋਂ ਤਾਕਤ ਲੈਣੀ ਚਾਹੀਦੀ ਹੈ। ਅੱਜ ਅਸੀਂ ਆਪਣੇ ਲਈ ਨਹੀਂ ਸਗੋਂ ਆਪਣੇ ਬੱਚਿਆਂ ਲਈ ਲੜ ਰਹੇ ਹਾਂ। ਕੀ ਤੁਸੀਂ ਗਾਰੰਟੀ ਦੇ ਸਕਦੇ ਹੋ ਕਿ 10 ਸਾਲਾਂ ਬਾਅਦ ਤੁਹਾਡਾ ਬੱਚਾ ਨਸ਼ਿਆਂ ਵਿੱਚ ਨਹੀਂ ਫਸੇਗਾ? ਇਕੋ-ਇਕ ਗਾਰੰਟੀ ਇਹ ਹੈ ਕਿ ਅਸੀਂ ਮਿਲ ਕੇ ਪੰਜਾਬ ਨੂੰ ਨਸ਼ਾ ਮੁਕਤ ਕਰੀਏ।”

ਵਿਧਾਇਕਾਂ ਅਤੇ ਸਥਾਨਕ ਲੀਡਰਸ਼ਿਪ ਨੂੰ ਸਿੱਧਾ ਸੰਬੋਧਨ ਕਰਦਿਆਂ ਪੰਜਾਬ ‘ਆਪ’ ਪ੍ਰਭਾਰੀ ਨੇ ਕਿਹਾ, “ਜੇਕਰ ਇੱਕ ਵੀ ਪਿੰਡ ਜਾਂ ਇੱਕ ਵਾਰਡ ਵਿੱਚ ਨਸ਼ਾ ਵਿਕ ਰਿਹਾ ਹੈ, ਤਾਂ ਤੁਹਾਨੂੰ ਨੀਂਦ ਨਹੀਂ ਆਉਣੀ ਚਾਹੀਦੀ। ਇੱਕ ਵਿਧਾਇਕ ਆਪਣੇ ਬਲਾਕ ਇੰਚਾਰਜ ਨੂੰ ਫੋਨ ਕਰਕੇ ਕਿਉਂ ਨਹੀਂ ਪੁੱਛਦਾ ਕਿ ਕੀ ਹੋ ਰਿਹਾ ਹੈ? ਵਿਧਾਇਕ ਖੁਦ ਪਿੰਡ ਕਿਉਂ ਨਹੀਂ ਜਾਂਦਾ? ਜ਼ਿੰਮੇਵਾਰੀ ਤੋਂ ਬਚਿਆ ਨਹੀਂ ਜਾ ਸਕਦਾ।”

ਉਨ੍ਹਾਂ ਜਵਾਬਦੇਹੀ ਅਤੇ ਤਾਲਮੇਲ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕਿਹਾ, “24 ਮਾਰਚ ਤੋਂ 31 ਮਾਰਚ ਤੱਕ ਸਾਰੇ ਬਲਾਕਾਂ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ। ਹਰ ਵੀਡੀਸੀ ਰਿਪੋਰਟ ਕਰੇਗੀ ਕਿ ਉਨ੍ਹਾਂ ਦਾ ਪਿੰਡ ਨਸ਼ਾ ਮੁਕਤ ਹੈ ਜਾਂ ਨਹੀਂ, ਅਤੇ ਕਿਸ ਹੱਦ ਤੱਕ ਨਸ਼ਾ ਬਾਕੀ ਹੈ। ਜੇਕਰ ਨਸ਼ਾ ਵਿਕ ਰਿਹਾ ਹੈ, ਤਾਂ ਜ਼ਿੰਮੇਵਾਰ ਵਿਅਕਤੀ ਦੀ ਪਛਾਣ ਹੋਣੀ ਚਾਹੀਦੀ ਹੈ। ਵਿਧਾਇਕ ਅਤੇ ਹਲਕਾ ਇੰਚਾਰਜ ਬਲਾਕ ਇੰਚਾਰਜਾਂ ਦਾ ਪੂਰਾ ਸਾਥ ਦੇਣ।”

ਮੁਹਿੰਮ ਦੇ ਸਮੂਹਿਕ ਸਰੂਪ ਬਾਰੇ ਉਨ੍ਹਾਂ ਕਿਹਾ, “ਪੰਜਾਬ ਵਿੱਚ ਪਹਿਲੀ ਵਾਰ ਸਰਕਾਰ, ਪੁਲਿਸ ਅਤੇ ਲੋਕ ‘ਨਸ਼ਿਆਂ ਵਿਰੁੱਧ ਯੁੱਧ’ ਵਰਗੀ ਮੁਹਿੰਮ ਵਿੱਚ ਇਮਾਨਦਾਰੀ ਨਾਲ ਮਿਲ ਕੇ ਕੰਮ ਕਰ ਰਹੇ ਹਨ। ਪਹਿਲਾਂ ਅਜਿਹਾ ਸਮਾਂ ਸੀ ਜਦੋਂ ਮੰਤਰੀ ਵੀ ਨਸ਼ਾ ਤਸਕਰੀ ਵਿੱਚ ਸ਼ਾਮਲ ਹੁੰਦੇ ਸਨ ਅਤੇ ਮਾਫੀਆ ਦੀ ਬਜਾਏ ਇਮਾਨਦਾਰ ਅਫਸਰਾਂ ਵਿਰੁੱਧ ਕਾਰਵਾਈ ਕੀਤੀ ਜਾਂਦੀ ਸੀ। ਅੱਜ ਅਰਵਿੰਦ ਕੇਜਰੀਵਾਲ ਜੀ ਅਤੇ ਸੀਐਮ ਭਗਵੰਤ ਸਿੰਘ ਮਾਨ ਦੀਆਂ ਸਪੱਸ਼ਟ ਹਦਾਇਤਾਂ ਹਨ ਕਿ ਨਸ਼ਿਆਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।”

ਉਨ੍ਹਾਂ ‘ਆਪ’ ਦੀ ‘ਜ਼ੀਰੋ ਟੋਲਰੈਂਸ’ ਨੀਤੀ ਨੂੰ ਦੁਹਰਾਉਂਦੇ ਹੋਏ ਕਿਹਾ, “ਜੇਕਰ ‘ਆਪ’ ਦਾ ਕੋਈ ਦੂਰ ਦਾ ਵਰਕਰ ਵੀ ਨਸ਼ਾ ਤਸਕਰੀ ਨਾਲ ਜੁੜਿਆ ਪਾਇਆ ਜਾਂਦਾ ਹੈ ਜਾਂ ਨਸ਼ਾ ਤਸਕਰਾਂ ਨਾਲ ਸਬੰਧ ਰੱਖਦਾ ਹੈ, ਤਾਂ ਉਸ ਨੂੰ ਜੇਲ੍ਹ ਭੇਜਿਆ ਜਾਣਾ ਚਾਹੀਦਾ ਹੈ। ਪਾਰਟੀ ਅਤੇ ਸ਼ਾਸਨ ਦੋਵਾਂ ਵਿੱਚ ਜ਼ੀਰੋ ਟੋਲਰੈਂਸ ਲਾਗੂ ਹੋਣੀ ਚਾਹੀਦੀ ਹੈ।”

ਮਨੀਸ਼ ਸਿਸੋਦੀਆ ਨੇ ਸ਼ਿਕਾਇਤਾਂ ਲਈ ਗੁਪਤ ਰਿਪੋਰਟਿੰਗ ਪ੍ਰਣਾਲੀ ਬਾਰੇ ਦੱਸਦਿਆਂ ਕਿਹਾ, “ਸ਼ਿਕਾਇਤਾਂ ਲਈ ਤਿਆਰ ਕੀਤੀ ਗਈ ਐਪ ਪੂਰੀ ਤਰ੍ਹਾਂ ਗੁਪਤਤਾ ਯਕੀਨੀ ਬਣਾਉਂਦੀ ਹੈ। ਇੱਥੋਂ ਤੱਕ ਕਿ ਮੰਤਰੀ, ਕਮਿਸ਼ਨਰ ਜਾਂ ਮੁੱਖ ਮੰਤਰੀ ਨੂੰ ਵੀ ਇਹ ਪਤਾ ਨਹੀਂ ਲੱਗ ਸਕਦਾ ਕਿ ਜਾਣਕਾਰੀ ਕਿਸ ਨੇ ਦਿੱਤੀ ਹੈ। ਸਿਰਫ਼ ਕੀਤੀ ਗਈ ਕਾਰਵਾਈ ਨੂੰ ਹੀ ਟ੍ਰੈਕ ਕੀਤਾ ਜਾ ਸਕਦਾ ਹੈ। ਇਸ ਲਈ ਲੋਕ ਨਿਡਰ ਹੋ ਕੇ ਰਿਪੋਰਟ ਕਰਨ।”

ਭਾਵੁਕ ਅਪੀਲ ਕਰਦਿਆਂ ਉਨ੍ਹਾਂ ਕਿਹਾ, “ਜੇਕਰ ਅਸੀਂ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਨੂੰ ਨਸ਼ਾ ਮੁਕਤ ਨਹੀਂ ਕਰ ਸਕਦੇ, ਤਾਂ ਸਾਡਾ ਰਾਜਨੀਤੀ ਵਿੱਚ ਹੋਣਾ ਬੇਮਾਅਨਾ ਹੈ। ਅਰਵਿੰਦ ਕੇਜਰੀਵਾਲ ਇਸ ਬਾਰੇ ਬਹੁਤ ਗੰਭੀਰ ਹਨ ਅਤੇ ਕਹਿੰਦੇ ਹਨ ਕਿ ਜੇਕਰ ਅਸੀਂ ਅਸਫਲ ਰਹੇ ਤਾਂ ਸਾਨੂੰ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ।”

ਉਨ੍ਹਾਂ ਪੰਜਾਬ ਦੀ ਅਧਿਆਤਮਿਕ ਅਤੇ ਕ੍ਰਾਂਤੀਕਾਰੀ ਵਿਰਾਸਤ ਦਾ ਹਵਾਲਾ ਦਿੰਦਿਆਂ ਕਿਹਾ, “ਇਹ ਗੁਰੂ ਸਾਹਿਬਾਨ ਦੀ, ਸੇਵਾ ਅਤੇ ਹਿੰਮਤ ਦੀ ਧਰਤੀ ਹੈ। ਇਹ ਸ਼ਹੀਦ-ਏ-ਆਜ਼ਮ ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਮਦਨ ਲਾਲ ਢੀਂਗਰਾ ਦੀ ਧਰਤੀ ਹੈ। ਉਨ੍ਹਾਂ ਤੋਂ ਪ੍ਰੇਰਨਾ ਲਓ। ਜੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਹਿਚਕਿਚਾਉਂਦੇ ਤਾਂ ਅੱਜ ਅਸੀਂ ਕਿੱਥੇ ਹੁੰਦੇ? ਜੇਕਰ ਲੋੜ ਪਵੇ ਤਾਂ ਨਸ਼ਾ ਤਸਕਰਾਂ ਨੂੰ 40 ਵਾਰ ਜੇਲ੍ਹ ਭੇਜੋ, ਪਰ ਰੁਕੋ ਨਾ।”

ਪਾਰਟੀ ਆਗੂਆਂ ਨੂੰ ਸਖ਼ਤ ਸੁਨੇਹਾ ਦਿੰਦਿਆਂ ਉਨ੍ਹਾਂ ਕਿਹਾ, “ਜੇਕਰ ਤੁਹਾਡੇ ਵਿੱਚ ਨਸ਼ਾ ਮਾਫੀਆ ਨਾਲ ਟੱਕਰ ਲੈਣ ਦੀ ਹਿੰਮਤ ਨਹੀਂ ਹੈ, ਤਾਂ ਅਰਵਿੰਦ ਕੇਜਰੀਵਾਲ ਨੂੰ ਸ਼ਰਮਿੰਦਾ ਨਾ ਕਰੋ। ਪਾਰਟੀ ਛੱਡ ਦਿਓ। ਇਹ ਪਾਰਟੀ ਲੜਨ ਲਈ ਬਣੀ ਹੈ।”

ਆਪਣਾ ਨਿੱਜੀ ਤਜ਼ਰਬਾ ਸਾਂਝਾ ਕਰਦਿਆਂ ਉਨ੍ਹਾਂ ਕਿਹਾ, “ਸੀਬੀਆਈ ਨੇ ਮੇਰੇ ਘਰ ਛਾਪਾ ਮਾਰਿਆ, ਅਲਮਾਰੀਆਂ ਫੋਲੀਆਂ, ਇੱਥੋਂ ਤੱਕ ਕਿ ਪੈਸਿਆਂ ਦੀ ਭਾਲ ਵਿੱਚ ਸਿਰਹਾਣੇ ਵੀ ਪਾੜ ਦਿੱਤੇ। ਮੈਂ ਤਿੰਨ ਸਾਲ ਝੂਠੇ ਦੋਸ਼ਾਂ ਦਾ ਬੋਝ ਚੁੱਕਿਆ। ਮੈਨੂੰ ਪਾਰਟੀ ਛੱਡਣ ਅਤੇ ਵਿਧਾਇਕਾਂ ਨੂੰ ਤੋੜਨ ਲਈ ਕਿਹਾ ਗਿਆ। ਪਰ ਅਰਵਿੰਦ ਕੇਜਰੀਵਾਲ ਨੂੰ ਛੱਡਣ ਦਾ ਮਤਲਬ ਇਮਾਨਦਾਰੀ ਅਤੇ ਸਿੱਖਿਆ ਰਾਹੀਂ ਰਾਸ਼ਟਰ ਨਿਰਮਾਣ ਦੇ ਸੁਪਨੇ ਨੂੰ ਛੱਡਣਾ ਹੈ। ਮੈਂ ਨਹੀਂ ਛੱਡਿਆ, ਅਤੇ ਤੁਹਾਨੂੰ ਵੀ ਨਹੀਂ ਛੱਡਣਾ ਚਾਹੀਦਾ।”

ਭਵਿੱਖ ਦੀ ਰਣਨੀਤੀ ਨਾਲ ਗੱਲ ਖਤਮ ਕਰਦਿਆਂ ਮਨੀਸ਼ ਸਿਸੋਦੀਆ ਨੇ ਕਿਹਾ ਕਿ।31 ਮਾਰਚ ਤੋਂ ਬਾਅਦ, ਮੈਂ ਪਿੰਡ-ਪਿੰਡ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਨਿੱਜੀ ਤੌਰ ‘ਤੇ ਬਲਾਕ ਇੰਚਾਰਜਾਂ ਅਤੇ ਵਿਧਾਇਕਾਂ ਨੂੰ ਮਿਲਾਂਗਾ। ਹਰ ਹਲਕੇ ਨੂੰ ਇਹ ਡਾਟਾ ਪੇਸ਼ ਕਰਨਾ ਹੋਵੇਗਾ ਕਿ ਕਿੰਨੇ ਪਿੰਡ ਨਸ਼ਾ ਮੁਕਤ ਹੋ ਗਏ ਹਨ ਅਤੇ ਨਸ਼ਿਆਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਸਮਾਂ-ਸੀਮਾ ਤੈਅ ਕਰਨੀ ਹੋਵੇਗੀ। ਇਹ ਲੜਾਈ ਸਿਰਫ਼ ਲੜਨੀ ਹੀ ਨਹੀਂ, ਸਗੋਂ ਜਿੱਤਣੀ ਵੀ ਹੈ।

ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਪੂਰੀ ਟੀਮ ਨਵੇਂ ਇਰਾਦੇ ਨਾਲ ਵਾਪਸ ਪਰਤੇਗੀ ਅਤੇ ਸਮੂਹਿਕ ਕੋਸ਼ਿਸ਼ਾਂ ਅਤੇ ਦ੍ਰਿੜ ਇਰਾਦੇ ਨਾਲ ਨਸ਼ਾ ਮੁਕਤ ਪੰਜਾਬ ਸਿਰਜੇਗੀ।

CATEGORIES
Share This

COMMENTS

Wordpress (0)
Disqus ( )
Translate