ਪਾਣੀ ਦੇ ਬਕਾਇਆ ਮੁੱਦੇ ‘ਤੇ ਸਪੀਕਰ ਸੰਧਵਾਂ ਵੱਲੋਂ ਰਾਜਸਥਾਨ ਸਰਕਾਰ ਨੂੰ ਅਪੀਲ
ਕੋਟਕਪੂਰਾ, 20 ਮਾਰਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪਾਣੀ ਦੇ ਮੁੱਦੇ ‘ਤੇ ਗੱਲ ਕਰਦਿਆਂ ਰਾਜਸਥਾਨ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਪਾਣੀ ਦੀ ਵਰਤੋਂ ਦੇ ਬਦਲੇ ਪਿਛਲੇ 66 ਸਾਲਾਂ ਤੋਂ ਬਕਾਇਆ ਬਣਦੇ ਲਗਭਗ 1 ਲੱਖ 44 ਹਜ਼ਾਰ ਕਰੋੜ ਰੁਪਏ ਪੰਜਾਬ ਸਰਕਾਰ ਨੂੰ ਅਦਾ ਕਰੇ।
ਉਨ੍ਹਾਂ ਕਿਹਾ ਕਿ ਜਿਵੇਂ ਪੰਜਾਬ ਰਾਜਸਥਾਨ ਤੋਂ ਪੱਥਰ ਖਰੀਦਦਾ ਹੈ ਅਤੇ ਉਸਦਾ ਮੁੱਲ ਅਦਾ ਕਰਦਾ ਹੈ, ਠੀਕ ਉਸੇ ਤਰ੍ਹਾਂ ਪਾਣੀ ਵੀ ਇੱਕ ਕੀਮਤੀ ਕੁਦਰਤੀ ਸਾਧਨ ਹੈ, ਜਿਸਦਾ ਮੁੱਲ ਦੇਣਾ ਬਣਦਾ ਹੈ। ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਪਾਣੀ ਪੰਜਾਬ ਦਾ ਹੈ ਅਤੇ ਇਸ ਦੀ ਵਰਤੋਂ ਕਰਨ ਵਾਲੀ ਰਾਜਸਥਾਨ ਸਰਕਾਰ ਨੂੰ ਇਸ ਦੀ ਯੋਗ ਅਦਾਇਗੀ ਕਰਨੀ ਚਾਹੀਦੀ ਹੈ।
ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਦੇ ਹੱਕਾਂ ਦੀ ਰੱਖਿਆ ਲਈ ਇਹ ਮਸਲਾ ਬਹੁਤ ਮਹੱਤਵਪੂਰਨ ਹੈ ਅਤੇ ਇਸ ਸਬੰਧੀ ਕੇਂਦਰ ਸਰਕਾਰ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਸੂਬੇ ਨਾਲ ਨਿਆਂ ਹੋ ਸਕੇ।

CATEGORIES ਮਾਲਵਾ


