ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਵੱਡੇ ਕਾਫਲੇ ਦੇ ਰੂਪ ਵਿੱਚ ਦੇਰ ਰਾਤ ਪਿੰਡ ਬਾਦਲ ਵਿਖੇ ਪਹੁੰਚੀ
_ ਉਹਨਾਂ ਦੇ ਅੰਤਿਮ ਦਰਸ਼ਨਾਂ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਥਾਂ- ਥਾਂ ਤੇ ਲੋਕ ਹੋਏ ਇਕੱਤਰ
_ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਸਮੁੱਚੀ ਟੀਮ ਨੇ ਕੀਤੇ ਅੰਤਿਮ ਸੰਸਕਾਰ ਦੇ ਇੰਤਜ਼ਾਮ
ਸ੍ਰੀ ਮੁਕਤਸਰ ਸਾਹਿਬ 27 ਅਪ੍ਰੈਲ:
ਪੰਥਕ ਅਤੇ ਅਕਾਲੀ ਰਾਜਨੀਤੀ ਦੇ ਜਾਣੇ ਜਾਂਦੇ ਬਾਬਾ ਬੋਹੜ ਸਵਰਗੀ ਸ. ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਦਾ ਮ੍ਰਿਤਕ ਸਰੀਰ ਜੱਦੀ ਪਿੰਡ ਬਾਦਲ ਪਹੁੰਚਣ ਤੇ ਜਿ਼ਲ੍ਹਾ ਪ੍ਰਸ਼ਾਸਨ,ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਇਲਾਕੇ ਦੀਆਂ ਪ੍ਰਮੁੱਖ ਸਖਸੀਅਤਾਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ ਅਤੇ ਦੁੱਖੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਸ. ਪ੍ਰਕਾਸ਼ ਸਿੰਘ ਬਾਦਲ ਨੇ 8 ਦਸੰਬਰ, 1927 ਨੂੰ ਨਾਨਕੇ ਪਿੰਡ ਅਬੁਲ ਖੁਰਾਣਾ ਵਿਚ ਪਿਤਾ ਰਘੂਰਾਜ ਸਿੰਘ ਦੇ ਘਰ ਮਾਤਾ ਜਸਵੰਤ ਕੌਰ ਦੀ ਕੁੱਖੋਂ ਜਨਮ ਲਿਆ। ਉਨ੍ਹਾਂ ਐਫ਼.ਏ. ਤੱਕ ਪੜ੍ਹਾਈ ਐਫ.ਸੀ ਕਾਲਜ ਲਾਹੌਰ ਤੋਂ ਕੀਤੀ। ਸ.ਬਾਦਲ ਸਰਕਾਰੀ ਅਫਸਰ ਲੱਗਣਾ ਚਾਹੁੰਦੇ ਸਨ, ਪਰੰਤੂ ਗਿਆਨੀ ਕਰਤਾਰ ਸਿੰਘ ਦੀ ਪ੍ਰੇਰਣਾ ਸਦਕਾ ਪੰਚਾਇਤ ਸੰਮਤੀ ਲੰਬੀ ਦੇ ਚੇਅਰਮੈਨ ਚੁਣੇ ਗਏ। ਸ.ਬਾਦਲ ਦਾ ਵਿਆਹ ਸਰਦਾਰਨੀ ਸੁਰਿੰਦਰ ਕੌਰ ਵਾਸੀ ਪਿੰਡ ਚੱਕ ਫਤਹਿ ਸਿੰਘ ਵਾਲਾ ( ਬਠਿੰਡਾ ) ਨਾਲ ਹੋਇਆ।
ਜਿਕਰਯੋਗ ਹੈ ਕਿ ਸਵਰਗੀ ਸ. ਬਾਦਲ ਪੰਜਾਬ ਨੇੇ ਪੰਜ ਵਾਰ ਮੁੱਖ ਮੰਤਰੀ ਅਤੇ ਇੱਕ ਵਾਰ ਕੇਂਦਰੀ ਮੰਤਰੀ ਰਹਿ ਕੇ ਪੰਜਾਬੀਆਂ ਦੀ ਸੇਵਾ ਕੀਤੀ।ਸ.ਬਾਦਲ ਮਲੋਟ,ਗਿੱਦੜਬਾਹਾ ਅਤੇ ਲੰਬੀ ਤੋਂ ਗਿਆਰਾਂ ਵਾਰ ਵਿਧਾਇਕ ਵੀ ਚੁਣੇ ਗਏ। ਉਹ 1957 ਵਿੱਚ ਪਹਿਲੀ ਵਾਰ ਮਲੋਟ ਹਲਕੇ ਤੋਂ ਵਿਧਾਨ ਸਭਾ ਦੇ ਮੈਂਬਰ ਬਣੇ।
ਉਹ 1970 ਵਿੱਚ ਉਸ ਸਮੇਂ ਦੇ ਸਭ ਤੋਂ ਛੋਟੀ ਉਮਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣੇ।
ਜਿਕਰਯੋਗ ਹੈ ਕਿ ਸ. ਬਾਦਲ ਨੇ ਕਾਫੀ ਸਮਾਂ ਪੰਜਾਬੀ ਹੱਕਾਂ ਲਈ ਆਪਣਾ ਜੀਵਨ ਜੇਲ੍ਹ ਵਿੱਚ ਬਤੀਤ ਕੀਤਾ । ਸ.ਬਾਦਲ 25 ਅਪ੍ਰੈਲ 2023 ਨੂੰ ਨਿੱਜੀ ਹਸਪਤਾਲ ਮੋਹਾਲੀ ਵਿਖੇ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ।
ਇਸ ਮੌਕੇ ਆਖਰੀ ਰਸਮਾਂ ਦੀਆਂ ਤਿਆਰੀਆਂ ਸਬੰਧੀ ਸ੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ,ਸ੍ਰੀ ਹਰਮਨਬੀਰ ਸਿੰਘ ਗਿੱਲ ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਹੋਰ ਵੀ ਸੀਨੀਅਰ ਅਧਿਕਾਰੀ ਮੌਜੂਦ ਸਨ।


