23 ਮਈ 2026 ਨੂੰ ਖੁੱਲਣਗੇ ਸ਼੍ਰੀ ਹੇਮਕੁੰਟ ਸਾਹਿਬ ਜੀ ਦੇ ਕਪਾਟ
ਸ਼੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨਾਂ ਨੂੰ ਲੈ ਕੇ ਸੰਗਤਾਂ ਵਿੱਚ ਹਮੇਸ਼ਾ ਹੀ ਉਤਸ਼ਾਹ ਰਹਿੰਦਾ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਪ੍ਰਬੰਧਕੀ ਟਰਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਨੇ ਉੱਤਰਾਖੰਡ ਦੇ ਮੁੱਖ ਸਕੱਤਰ ਨਾਲ ਆਉਣ ਵਾਲੇ ਸਮੇਂ ਵਿੱਚ ਸ਼੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਦੀਆਂ ਤਿਆਰੀਆਂ ਬਾਰੇ ਬੈਠਕ ਕੀਤੀ ਤੇ ਬੈਠਕ ਤੋਂ ਬਾਅਦ ਫੈਸਲਾ ਹੋਇਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਸ਼ਨੀਵਾਰ 23 ਮਈ 2026 ਨੂੰ ਖੁੱਲ੍ਹਣਗੇ।
ਜਾਣਕਾਰੀ ਅਨੁਸਾਰ ਪਿਛਲੇ ਸਾਲਾਂ ਨਾਲੋਂ ਇਸ ਸਾਲ ਬਰਫ਼ ਵੀ ਘੱਟ ਪਈ ਹੈ ਜਿਸ ਕਰਕੇ ਮੌਸਮ ਦੇ ਹਾਲਾਤਾਂ ਅਨੁਸਾਰ ਯਾਤਰਾ ਨੂੰ ਜਲਦੀ ਸ਼ੁਰੂ ਕੀਤਾ ਜਾ ਸਕਦਾ ਹੈ। ਉਧਰ ਉੱਤਰਾਖੰਡ ਸਰਕਾਰ ਦੇ ਮੁੱਖ ਸਕੱਤਰ ਵੱਲੋਂ ਪੂਰਾ ਸਹਿਯੋਗ ਦੇਣ ਦਾ ਟਰਸਟ ਨੂੰ ਭਰੋਸਾ ਦਿੱਤਾ ਗਿਆ। ਹਿਮਾਲਿਆਂ ਦੀਆਂ ਪਹਾੜੀਆਂ ਦੇ ਵਿਚਕਾਰ ਲਗਭਗ 15 ਹਜਾਰ ਫੁੱਟ ਤੋਂ ਵੱਧ ਉਚਾਈ ਤੇ ਸਥਿਤ ਇਹ ਗੁਰਦੁਆਰਾ ਸਾਹਿਬ ਸ਼ਾਂਤੀ ਚਿੰਤਨ ਅਤੇ ਆਤਮਿਕ ਅਨੁਭਵ ਦੀ ਖੋਜ ਕਰਨ ਵਾਲੇ ਸ਼ਰਧਾਲੂਆਂ ਨੂੰ ਵਧੀਆ ਸ਼ਾਂਤਮਈ ਮਾਹੌਲ ਪ੍ਰਦਾਨ ਕਰਦਾ ਹੈ। ਹਰ ਸਾਲ ਦੁਨੀਆਂ ਭਰ ਤੋਂ ਹਜ਼ਾਰਾਂ ਸ਼ਰਧਾਲੂ ਇਸ ਜਗ੍ਹਾ ਤੇ ਦਰਸ਼ਨ ਕਰਨ ਲਈ ਆਉਂਦੇ ਹਨ। ਟਰਸਟ ਦੇ ਪ੍ਰਧਾਨ ਨੇ ਦੱਸਿਆ ਕਿ ਯਾਤਰਾ ਨੂੰ ਲੈ ਕੇ ਰਜਿਸਟਰੇਸ਼ਨ ਸੜਕਾਂ ਦੀ ਸਥਿਤੀ ਤੇ ਹੋਰ ਜਾਣਕਾਰੀ ਸਮੇਂ ਸਮੇਂ ਤੇ ਜਾਰੀ ਕੀਤੀ ਜਾਵੇਗੀ। ਉਹ ਉਧਰ ਸ਼੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਯਾਤਰੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।



