ਕੀਮਤੀ ਜਿੰਦਗੀਆਂ ਬਚਾਉਣ ਲਈ ਸਾਨੂੰ ਖੂਨਦਾਨ ਕਰਨਾ ਚਾਹੀਦਾ : ਡਾ. ਬਬਿਤਾ
· ਜਿਲ੍ਹਾ ਫਾਜ਼ਿਲਕਾ ਵਿੱਚ ਮਰੀਜ਼ਾਂ ਨੂੰ ਖੂਨਦਾਨ ਦਾ ਮਹੱਤਵ ਸਮਝਾ ਕੇ ਖੂਨਦਾਨ ਲਈ ਕੀਤਾ ਪ੍ਰੇਰਿਤ
ਫਾਜ਼ਿਲਕਾ 14 ਜੂਨ :
‘ਖੂਨਦਾਨ ਮਹਾਦਾਨ ਹੈ’ ਇਸ ਗੱਲ ਦੀ ਅਹਮਿਅਤ ਸਮਝਾਉਣ ਅਤੇ ਵੱਧ ਤੋਂ ਵੱਧ ਖੂਨਦਾਨ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਮਕਸਦ ਨਾਲ ਬੁੱਧਵਾਰ ਨੂੰ ਜਿਲ੍ਹਾ ਫਾਜ਼ਿਲਕਾ ਵਿੱਚ ਵਿਸ਼ਵ ਖੂਨਦਾਨ ਦਿਵਸ ਸਬੰਧੀ ਪੋਸਟਰ ਜਾਰੀ ਕੀਤਾ ਗਿਆ ਤੇ ਲੋਕਾਂ ਨੂੰ ਖੂਨਦਾਨ ਸਬੰਧੀ ਪ੍ਰੇਰਿਤ ਕੀਤਾ ਗਿਆ।
ਆਪਣੇ ਸੰਬੋਧਨ ਵਿੱਚ ਸਹਾਇਕ ਸਿਵਲ ਸਰਜਨ (ਵਾਧੂ ਚਾਰਜ ਸਿਵਲ ਸਰਜਨ) ਡਾ. ਬਬਿਤਾ ਨੇ ਲੋਕਾਂ ਨੂੰ ਖੂਨਦਾਨ ਦੇ ਲਾਭ ਅਤੇ ਖੂਨਦਾਨ ਕਰਨ ਦੇ ਸਮੇਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਵਿਸ਼ਵ ਪੱਧਰ ‘ਤੇ ਮਨਾਇਆ ਜਾਣ ਵਾਲਾ ਇਹ ਦਿਹਾੜਾ ਅਸਲ ਵਿੱਚ ਉਨ੍ਹਾਂ ਲੋਕਾਂ ਨੂੰ ਸਮਰਪਿਤ ਹੈ, ਜੋ ਲਗਾਤਾਰ ਖੂਨਦਾਨ ਕਰਕੇ ਹਜ਼ਾਰਾਂ-ਲੱਖਾਂ ਜ਼ਿੰਦਗੀਆਂ ਬਚਾ ਚੁੱਕੇ ਹਨ। ਇਹ ਉਨ੍ਹਾਂ ਦਾ ਧੰਨਵਾਦ ਕਰਨ ਅਤੇ ਵੱਧ ਤੋਂ ਵੱਧ ਖੂਨਦਾਨ ਲਈ ਪ੍ਰੇਰਿਤ ਕਰਨ ‘ਤੇ ਕੇਂਦਰਤ ਹੈ। ਇਸ ਸਾਲ ਇਹ ‘ਖੂਨ ਦਿਓ, ਪਲਾਜ਼ਮਾ ਦਿਓ, ਜ਼ਿੰਦਗੀ ਵੰਡੋ, ਵਾਰ-ਵਾਰ ਵੰਡੋ’ ‘ਤੇ ਅਧਾਰਤ ਹੈ।
ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਦਾ ਫੈਸਲਾ ਇੱਕ ਜਾਂ ਕਈ ਜ਼ਿੰਦਗੀਆਂ ਬਚਾ ਸਕਦਾ ਹੈ ਕਿਉਂਕਿ ਇਸਨੂੰ ਲਾਲ ਸੈੱਲਾਂ, ਪਲੇਟਲੈਟਾਂ ਅਤੇ ਪਲਾਜ਼ਮਾਂ ਵਿੱਚ ਵੱਖ-ਵੱਖ ਕੀਤਾ ਜਾਂਦਾ ਹੈ ਅਤੇ ਮਰੀਜਾਂ ਨੂੰ ਉਨ੍ਹਾਂ ਦੀ ਲੋੜ ਮੁਤਾਬਿਕ ਦਿੱਤੇ ਜਾ ਸਕਦੇ ਹਨ। ਖੂਨਦਾਨ ਕਰਨ ਵਾਲੇ ਨੂੰ ਵੀ ਇਸਦੇ ਬਹੁਤ ਫਾਇਦੇ ਹੁੰਦੇ ਹਨ। ਖੂਨਦਾਨ ਨਾਲ ਦਿਲ ਦਾ ਦੌਰਾ ਅਤੇ ਸਟ੍ਰੋਕ ਅਟੈਕ ਹੋਣ ਦੀ ਸੰਭਾਵਨਾ ਵੀ ਘੱਟਦੀ ਹੈ। ਖੂਨਦਾਨ ਤੋਂ ਬਾਅਦ ਸਰੀਰ ਨਵੇਂ ਪਲਾਜ਼ਮਾ ਅਤੇ ਸੈੱਲ ਬਣਾਉਂਦਾ ਹੈ, ਜਿਸ ਨਾਲ ਸਾਡਾ ਸਰੀਰ ਵਧੇਰੇ ਸਿਹਤਮੰਦ ਹੁੰਦਾ ਹੈ। ਸਰੀਰ ‘ਚ ਖੂਨ ਦਾ ਪ੍ਰਵਾਹ ਵਧੀਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੇ ਬੀਮਾਰੀ ਤੋਂ ਬਚਾਅ ਲਈ ਟੀਕਾ ਲਗਵਾਇਆ ਹੈ, ਜੇਕਰ ਉਹ ਬਹੁਤ ਸ਼ਰਾਬ ਪੀਂਦਾ ਜਾਂ ਸਮੋਕਿੰਗ ਕਰਦਾ ਹੈ, ਖੂਨ ਪਤਲਾ ਕਰਨ ਵਾਲੀ ਦਵਾਈ ਖਾਂਦਾ ਹੈ, ਐਂਟੀਬਾਇਓਟਿਕ ਖਾਂਦਾ ਹੈ ਜਾਂ ਹਾਲ ਹੀ ਵਿੱਚ ਆਪਣੇ ਸਰੀਰ ‘ਤੇ ਟੈਟੂ ਬਣਵਾਇਆ ਹੈ, ਤਾਂ ਉਸ ਵਿਅਕਤੀ ਨੂੰ ਖੂਨਦਾਨ ਨਹੀਂ ਕਰਨਾ ਚਾਹੀਦਾ। ਨਾਲ ਹੀ ਖੂਨਦਾਨ ਤੋਂ ਪਹਿਲਾਂ ਅਤੇ ਬਾਅਦ ‘ਚ ਤਣਾਅਮੁਕਤ ਰਹਿਣਾ, ਖੂਨਦਾਨ ਤੋਂ ਬਾਅਦ ਜੂਸ ਜਾਂ ਪਾਣੀ ਜ਼ਰੂਰ ਪੀਣਾ, ਤੁਰੰਤ ਬਾਅਦ ਭਾਰੀ ਚੀਜ ਚੁੱਕਣ ਜਾਂ ਜਿੰਮ ਆਦਿ ਜਾਣ ਤੋਂ ਪਰਹੇਜ਼ ਕਰਨਾ, ਕਮਜ਼ੋਰੀ ਮਹਿਸੂਸ ਹੋਣ ‘ਤੇ ਆਰਾਮ ਕਰਨਾ ਵਰਗੀਆਂ ਗੱਲਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਇਸ ਮੌਕੇ ਏਐਮਓ ਡਾ. ਅਸ਼ੀਸ਼ ਗਰੋਵਰ, ਬੀਈਈ ਦਿਵੇਸ਼ ਕੁਮਾਰ, ਹਰਮੀਤ ਸਿੰਘ ਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।