ਸਪੀਕਰ ਸ. ਸੰਧਵਾਂ ਨੇ 12.56 ਕਰੋੜ ਦੀ ਲਾਗਤ ਨਾਲ ਜੈਤੋ ਰੋਡ ਕੋਟਕਪੂਰਾ ਵਿਖੇ ਰਜਬਾਹੇ ਦੀ ਕੰਕਰੀਟ ਲਾਈਨਿੰਗ ਦਾ ਨੀਂਹ ਪੱਥਰ ਰੱਖਿਆ

ਕੋਟਕਪੂਰਾ 25 ਫਰਵਰੀ-ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਜੈਤੋ ਰੋਡ, ਕੋਟਕਪੂਰਾ ਰਜਬਾਹੇ ਦੀ ਕੰਕਰੀਟ ਲਾਈਨਿੰਗ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰੋਜੈਕਟ ‘ਤੇ 12.56 ਕਰੋੜ ਰੁਪਏ ਦੀ ਲਾਗਤ ਆਵੇਗੀ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਦੇ ਹਰ ਖੇਤਰ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਵਿਕਾਸ ਕਾਰਜਾਂ ਵਿੱਚ ਗੁਣਵੱਤਾ ਅਤੇ ਪਾਰਦਰਸ਼ਤਾ ਨੂੰ ਪਹਿਲ ਦਿੱਤੀ ਜਾ ਰਹੀ ਹੈ, ਤਾਂ ਜੋ ਲੋਕਾਂ ਨੂੰ ਲੰਮੇ ਸਮੇਂ ਤੱਕ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਇਸ ਰਜਬਾਹੇ ਦੀ ਕੰਕਰੀਟ ਦਾ ਕੰਮ ਅਤੇ ਨਾਲ ਜਾਂਦੀ ਸੜਕ ਦਾ ਕੰਮ 31 ਮਾਰਚ ਤੱਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਕਰੀਬ 1800 ਏਕੜ ਜਿਸ ਵਿੱਚ ਪਿੰਡ ਢਿੱਲਵਾਂ ਕਲਾਂ ਤੋਂ ਹਰੀ ਕਲਾ ਤੱਕ ਆਉਦੇ ਸਾਰੇ ਪਿੰਡਾਂ ਵਿੱਚ ਪਾਣੀ ਦੀ ਸਪਲਾਈ ਬਿਹਤਰ ਹੋਵੇਗੀ ਅਤੇ ਬਾਰ ਬਾਰ ਰਜਬਾਹੇ ਦੇ ਟੁੱਟਣ ਕਾਰਨ ਆਉਂਦੀ ਸਮੱਸਿਆਂ ਦਾ ਵੀ ਪੱਕਾ ਹੱਲ ਹੋ ਜਾਵੇਗਾ।

ਇਸ ਉਪਰੰਤ ਸਪੀਕਰ ਸੰਧਵਾਂ ਨੇ ਹਲਕਾ ਨਿਵਾਸੀਆਂ ਨਾਲ ਰੂਬਰੂ ਹੋ ਕੇ ਪਾਣੀ ਦੀ ਸਪਲਾਈ, ਨਿਕਾਸੀ ਪ੍ਰਬੰਧ ਅਤੇ ਖਾਲਿਆਂ ਨਾਲ ਸਬੰਧਤ ਸਮੱਸਿਆਵਾਂ ਸੁਣੀਆਂ। ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਮੁੱਦਿਆਂ ਦਾ ਤੁਰੰਤ ਸਰਵੇ ਕਰਕੇ ਯੋਗ ਯੋਜਨਾ ਤਿਆਰ ਕੀਤੀ ਜਾਵੇ ਅਤੇ ਸਮੇਂ-ਬੱਧ ਹੱਲ ਯਕੀਨੀ ਬਣਾਇਆ ਜਾਵੇ।

ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨਾ ਸਰਕਾਰ ਦੀ ਪਹਿਲ ਹੈ ਅਤੇ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਤਰਜੀਹੀ ਅਧਾਰ ‘ਤੇ ਨਿਪਟਾਰਾ ਕੀਤਾ ਜਾਵੇਗਾ।

ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ ਸ. ਗੁਰਮੀਤ ਸਿੰਘ ਆਰੇਵਾਲਾ, ਸਮੂਹ ਆਪ ਵਰਕਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ, ਪੰਚਾਇਤੀ ਨੁਮਾਇੰਦੇ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।

CATEGORIES
Share This

COMMENTS

Wordpress (0)
Disqus ( )
Translate