ਨੌਵੇਂ ਪਾਤਸ਼ਾਹ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਹਾਨ ਇਸਤਰੀ ਗੁਰਮਤਿ ਸੰਮੇਲਨ


ਮਾਤਾ ਗੁਜਰ ਕੌਰ ਜੀ ਦਾ ਜੀਵਨ ਅੱਜ ਦੀਆਂ ਬੀਬੀਆਂ ਲਈ ਚਾਨਣ-ਮੁਨਾਰਾ-ਸਰੋਤ: ਜਥੇਦਾਰ ਗੜਗੱਜ
ਸੰਸਾਰ ਵਿਚ ਇਸਤਰੀ ਨੂੰ ਜੋ ਅਧਿਕਾਰ ਅੱਜ ਮਿਲ ਰਹੇ, ਗੁਰੂ ਸਾਹਿਬਾਨ ਨੇ ਸਦੀਆਂ ਪਹਿਲਾਂ ਦੇ ਦਿੱਤੇ ਸਨ: ਬੀਬੀ ਹਰਜਿੰਦਰ ਕੌਰ ਚੰਡੀਗੜ੍ਹ

ਸ੍ਰੀ ਅਨੰਦਪੁਰ ਸਾਹਿਬ, 26 ਨਵੰਬਰ ( )
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਗੁਰਦੁਆਰਾ ਸੀਸਗੰਜ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚੱਲ ਰਹੇ ਗੁਰਮਤਿ ਸਮਾਗਮਾਂ ਤਹਿਤ ਅੱਜ ਮਹਾਨ ਇਸਤਰੀ ਗੁਰਮਤਿ ਸੰਮੇਲਨ ਹੋਇਆ। ਇਸ ਦੌਰਾਨ ਜਿਥੇ ਬੀਬੀਆਂ ਦੇ ਵੱਖ-ਵੱਖ ਜਥਿਆਂ ਨੇ ਰਾਗ ਆਧਾਰਿਤ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ, ਉੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਸਿੱਖ ਧਰਮ ਵਿਚ ਇਸਤਰੀ ਦੇ ਸਤਿਕਾਰ ਅਤੇ ਭੂਮਿਕਾ ਬਾਰੇ ਵਿਚਾਰ ਸਾਂਝੇ ਕੀਤੇ।
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮਾਤਾ ਤ੍ਰਿਪਤਾ ਜੀ, ਬੇਬੇ ਨਾਨਕੀ ਜੀ, ਬੀਬੀ ਖੀਵੀ ਜੀ, ਮਾਤਾ ਗੁਜਰੀ, ਮਾਤਾ ਸਾਹਿਬ ਕੌਰ ਜੀ ਤੇ ਮਾਈ ਭਾਗੋ ਜੀ ਦਾ ਜ਼ਿਕਰ ਕਰਦਿਆਂ ਸਿੱਖ ਇਤਿਹਾਸ ਅਤੇ ਸ਼ਾਨਾਮੱਤੇ ਸਿੱਖ ਵਿਰਸੇ ਨੂੰ ਸੰਭਾਲਣ ਵਾਸਤੇ ਔਰਤਾਂ ਨੂੰ ਵਿਸ਼ੇਸ਼ ਯੋਗਦਾਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਬੀਬੀਆਂ ਨੂੰ ਜੋ ਮਾਣ-ਸਨਮਾਨ ਅਤੇ ਬਰਾਬਰੀ ਦੇ ਅਧਿਕਾਰ ਸਿੱਖ ਧਰਮ ਨੇ ਦਿੱਤੇ, ਉਹ ਹੋਰ ਕਿਤੇ ਵੀ ਨਹੀਂ ਮਿਲਦੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਜੀਵਨ ਦੌਰਾਨ ਅਤੇ ਸ਼ਹਾਦਤ ਤੋਂ ਬਾਅਦ ਗੁਰੂ ਸਾਹਿਬ ਦੇ ਮਹਿਲ ਮਾਤਾ ਗੁਜਰ ਕੌਰ ਜੀ ਦੀ ਪਤੀਬ੍ਰਤਾ, ਸਿੱਦਕ, ਦ੍ਰਿੜ੍ਹਤਾ ਅਤੇ ਧਰਮ ਵਿਚ ਪ੍ਰਪੱਕਤਾ ਅੱਜ ਦੀਆਂ ਇਸਤਰੀਆਂ ਲਈ ਚਾਨਣ-ਮੁਨਾਰਾ ਹੈ। ਉਨ੍ਹਾਂ ਕਿਹਾ ਕਿ ਭਾਈ ਜੈਤਾ ਜੀ ਵਲੋਂ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਿਆਂਦੇ ਗਏ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਕੱਟੇ ਹੋਏ ਪਾਵਨ ਸੀਸ ਦੇ ਦਰਸ਼ਨ ਕਰਨ ਵੇਲੇ ਮਾਤਾ ਗੁਜਰ ਕੌਰ ਜੀ ਨੇ ਡੋਲਣ ਜਾਂ ਘਬਰਾਉਣ ਦੀ ਬਜਾਇ ਬੜੇ ਧੀਰਜ ਅਤੇ ਦ੍ਰਿੜ੍ਹਤਾ ਨਾਲ ਅਰਦਾਸ ਕੀਤੀ ਸੀ ਕਿ ਤੁਹਾਡੀ ਨਿਭ ਆਈ, ਕਿਰਪਾ ਕਰੋ ਮੇਰੀ ਵੀ ਨਿਭ ਜਾਵੇ। ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਦੀਆਂ ਬੀਬੀਆਂ ਨੂੰ ਸਿੱਖੀ ਵਿਚ ਪ੍ਰਪੱਕ ਹੋ ਕੇ ਆਉਣ ਵਾਲੀਆਂ ਪੀੜ੍ਹੀਆਂ ਵਿਚ ਸਿੱਖੀ ਸੰਸਕਾਰਾਂ ਦਾ ਸੰਚਾਰ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਚੰਡੀਗੜ੍ਹ ਨੇ ਸੰਬੋਧਨ ਕਰਦਿਆਂ ਦਸ ਗੁਰੂ ਸਾਹਿਬਾਨ ਦੁਆਰਾ ਔਰਤ ਵਰਗ ਲਈ ਕੀਤੇ ਪਰਉਪਕਾਰਾਂ ਦੀ ਗੱਲ ਕਰਦਿਆਂ ਆਖਿਆ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਕੋਟ ਕਹਿਲੂਰ ਦੇ ਰਾਜੇ ਕੋਲੋਂ ਸ੍ਰੀ ਅਨੰਦਪੁਰ ਸਾਹਿਬ ਨਗਰ ਵਸਾਉਣ ਲਈ ਮੁੱਲ ਜ਼ਮੀਨ ਖ਼ਰੀਦ ਕੇ ਆਪਣੀ ਪੂਜਨੀਕ ਮਾਤਾ ਜੀ ਦੇ ਨਾਮ ‘ਤੇ ‘ਚੱਕ ਮਾਤਾ ਨਾਨਕੀ’ ਨਗਰ ਦਾ ਨਾਮ ਰੱਖ ਕੇ ਸਦੀਆਂ ਪਹਿਲਾਂ ਹੀ ਸਮੁੱਚੇ ਇਸਤਰੀ ਵਰਗ ਨੂੰ ਜਾਇਦਾਦ ਦੇ ਮਾਲਕੀ ਹੱਕਾਂ ਦੀ ਵਾਰਿਸ ਬਣਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸੰਸਾਰ ਵਿਚ ਇਸਤਰੀਆਂ ਨੂੰ ਜੋ ਅਧਿਕਾਰ ਤੇ ਸੁਤੰਤਰਤਾ ਅੱਜ ਮਿਲ ਰਹੀ ਹੈ, ਗੁਰੂ ਸਾਹਿਬਾਨ ਨੇ ਇਹ ਸਾਰੇ ਹੱਕ-ਹਕੂਕ ਸਿੱਖ ਇਸਤਰੀਆਂ ਨੂੰ ਸਦੀਆਂ ਪਹਿਲਾਂ ਹੀ ਦੇ ਦਿੱਤੇ ਸਨ।
ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਦੀ ਪ੍ਰਿੰਸੀਪਲ ਬੀਬੀ ਮਨਜੀਤ ਕੌਰ ਨੇ ਸੰਗਤ ਨੂੰ ਪ੍ਰੇਰਦਿਆਂ ਕਿਹਾ ਕਿ ਔਰਤ ਨੂੰ ਸਹਿਜ, ਸੰਤੋਖ ਦੀ ਧਾਰਨੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਸਮਾਜ ਦੇ ਹਰ ਖੇਤਰ ਵਿਚ ਬੀਬੀਆਂ ਨੇ ਮੀਲ-ਪੱਥਰ ਸਥਾਪਿਤ ਕੀਤੇ ਹਨ। ਇਸ ਦੌਰਾਨ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ, ਗੁਰੂ ਕਾਂਸ਼ੀ ਗੁਰਮਤਿ ਇੰਸਟੀਚਿਊਟ ਤਲਵੰਡੀ ਸਾਬੋ, ਪਦਮ ਸ੍ਰੀ ਪ੍ਰੋ. ਕਰਤਾਰ ਸਿੰਘ ਜੀ ਗੁਰਮਤਿ ਸੰਗੀਤ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ, ਗਾਵਨੀ ਇਸਤਰੀ ਸਤਿਸੰਗ ਸੰਮੇਲਨ ਅਤੇ ਮਾਤਾ ਗੁਜਰੀ ਜੀ ਵੈੱਲਫੇਅਰ ਸੁਸਾਇਟੀ ਸ੍ਰੀ ਅਨੰਦਪੁਰ ਸਾਹਿਬ ਦੇ ਬੀਬੀਆਂ ਦੇ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ।
ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਬੀਬੀ ਅਮਰਜੀਤ ਕੌਰ ਇੰਚਾਰਜ ਵਿਦਿਆ, ਮੀਤ ਸਕੱਤਰ ਸ. ਜਸਵਿੰਦਰ ਸਿੰਘ ਜੱਸੀ, ਸ. ਸੁਖਬੀਰ ਸਿੰਘ, ਮੁੱਖ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ, ਪ੍ਰਿੰਸੀਪਲ ਜਤਿੰਦਰ ਸਿੰਘ, ਭਾਈ ਜਗਦੇਵ ਸਿੰਘ, ਸਤਪਾਲ ਸਿੰਘ ਅਮਰੀਕਾ ਸਮੇਤ ਵੱਡੀ ਗਿਣਤੀ ਵਿਚ ਸੰਗਤ ਵੀ ਮੌਜੂਦ ਸੀ।

CATEGORIES
TAGS
Share This

COMMENTS

Wordpress (0)
Disqus ( )
Translate