ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਦੌਰਾਨ ਪੰਜਾਬ ਦੇ ਰਾਜਪਾਲ, ਹਿਮਾਚਲ ਦੇ ਮੁੱਖ ਮੰਤਰੀ ਸਮੇਤ ਵੱਡੀ ਗਿਣਤੀ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ
ਨੌਵੇਂ ਪਾਤਸ਼ਾਹ ਦੀ ਸ਼ਹਾਦਤ ਧਰਮ ਦੀ ਰਖਵਾਲੀ ਲਈ ਦੁਨੀਆ ’ਚ ਵਿਲੱਖਣ- ਰਾਜਪਾਲ ਸ੍ਰੀ ਕਟਾਰੀਆ
ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੇ ਸਮਾਜ ਨੂੰ ਭਾਈਚਾਰਕ ਏਕਤਾ, ਮਾਨਵੀ ਪ੍ਰੇਮ ਅਤੇ ਸਮਾਜ ਨੂੰ ਇਕਸੁਰਤਾ ਦੀ ਪ੍ਰੇਰਨਾ ਦਿੱਤੀ- ਮੁੱਖ ਮੰਤਰੀ ਹਿਮਾਚਲ
ਸ੍ਰੀ ਅਨੰਦਪੁਰ ਸਾਹਿਬ, 23 ਨਵੰਬਰ-
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਸ਼ਹੀਦੀ ਸ਼ਤਾਬਦੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਤਾਗੱਦੀ ਦਿਵਸ ਸਮਾਗਮਾਂ ਦੌਰਾਨ ਅੱਜ ਗੁਰਦੁਆਰਾ ਸੀਸਗੰਜ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਦਸਵੇਂ ਪਾਤਸ਼ਾਹ ਜੀ ਦੇ ਗੁਰਿਆਈ ਅਸਥਾਨ ਗੁਰਦੁਆਰਾ ਦਮਦਮਾ ਸਾਹਿਬ, ਗੁਰੂ ਕੇ ਮਹਿਲ ਵਿਖੇ ਅਨੇਕਾਂ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਸਖਸ਼ੀਅਤਾਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਨਤਮਸਤਕ ਹੋ ਕੇ ਗੁਰੂ ਸਾਹਿਬ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕੀਤਾ। ਇਸ ਦੌਰਾਨ ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰੂ ਸਾਹਿਬ ਜੀ ਦੇ ਜੀਵਨ, ਇਤਿਹਾਸ ਬਾਰੇ ਤਿੰਨ ਪੁਸਤਕਾਂ ਅਤੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਸੋਵੀਨਾਰ ਵੀ ਜਾਰੀ ਕੀਤਾ ਗਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਗੁਰਦੁਆਰਾ ਗੁਰਿਆਈ ਅਸਥਾਨ ਵਿਖੇ ਦਸਵੇਂ ਪਾਤਸ਼ਾਹ ਜੀ ਦੇ ਗੁਰਤਾਗੱਦੀ ਦਿਵਸ ਦੀ 350 ਸਾਲਾ ਸ਼ਤਾਬਦੀ ਸਬੰਧੀ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਪ੍ਰਮੁੱਖ ਸਖਸ਼ੀਅਤਾਂ ਨੇ ਗੁਰੂ ਸਾਹਿਬ ਦੇ ਜੀਵਨ, ਸਿਧਾਂਤ ਤੇ ਸ਼ਹੀਦੀ ਬਾਰੇ ਵਿਚਾਰ ਸਾਂਝੇ ਕੀਤੇ।
ਸ਼੍ਰੋਮਣੀ ਕਮੇਟੀ ਵਲੋਂ ਅਯੋਜਿਤ ਸ਼ਤਾਬਦੀ ਸਮਾਗਮ ਦੌਰਾਨ ਪੁੱਜੀਆਂ ਪ੍ਰਮੁੱਖ ਸਖਸ਼ੀਅਤਾਂ ਵਿੱਚ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਸੁਖਵਿੰਦਰ ਸਿੰਘ ਸੁੱਖੂ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਧਨੌਲਾ, ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ, ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਬਾਬਾ ਨਿਹਾਲ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ ਦਲਜੀਤ ਸਿੰਘ ਚੀਮਾ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਬਾਬਾ ਮਹਿੰਦਰ ਸਿੰਘ ਯੂ.ਕੇ., ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ, ਅੰਤ੍ਰਿੰਗ ਮੈਂਬਰ ਸ. ਦਲਜੀਤ ਸਿੰਘ ਭਿੰਡਰ, ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਗੁਰਬਖਸ਼ ਸਿੰਘ ਖਾਲਸਾ, ਸ. ਭੁਪਿੰਦਰ ਸਿੰਘ ਭਲਵਾਨ, ਭਾਈ ਅਜੈਬ ਸਿੰਘ ਅਭਿਆਸੀ ਸ. ਅਵਤਾਰ ਸਿੰਘ ਰੀਆ, ਹਿਮਾਚਲ ਪ੍ਰਦੇਸ਼ ਤੋਂ ਵਿਧਾਇਕ ਬਾਵਾ ਹਰਦੀਪ ਸਿੰਘ ਤੇ ਸ੍ਰੀ ਰਮੇਸ਼ ਸ਼ਰਮਾ ਸਮੇਤ ਹੋਰ ਹਾਜ਼ਰ ਸਨ।
ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸ਼ਤਾਬਦੀ ਸਮਾਗਮਾਂ ਵਿਚ ਪੁੱਜੇ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੁਨੀਆਂ ਅੰਦਰ ਪਹਿਲੀ ਅਜਿਹੀ ਸ਼ਹਾਦਤ ਹੈ ਜੋ ਧਰਮ ਦੀ ਰਖਵਾਲੀ ਲਈ ਹੋਈ। ਉਨ੍ਹਾਂ ਕਿਹਾ ਕਿ ਇਹ ਵੀ ਗੌਰਵਮਈ ਇਤਿਹਾਸ ਹੈ ਕਿ ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ ‘ਤੇ ਸ੍ਰੀ (ਗੁਰੂ) ਗੋਬਿੰਦ ਰਾਏ ਜੀ ਨੇ ਆਪਣੇ ਪਿਤਾ ਨੂੰ ਸ਼ਹਾਦਤ ਲਈ ਤੋਰਿਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਮਗਰੋਂ ਉਨ੍ਹਾਂ ਦੇ ਸੀਸ ਨੂੰ ਬਿਖੜੇ ਪੈਂਡਿਆਂ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆਉਣ ਵਾਲੇ ਸਿੱਖ ਦੀ ਕੁਰਬਾਨੀ ਨੂੰ ਵੀ ਸਿਜਦਾ ਹੈ।
ਇਸ ਮੌਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਠਾਕੁਰ ਸੁਖਵਿੰਦਰ ਸਿੰਘ ਸੁੱਖੂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਆਪਣੀ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਆਖਿਆ ਕਿ ਨੌਵੇਂ ਪਾਤਸ਼ਾਹ ਨੇ ਸਮਾਜ ਨੂੰ ਭਾਈਚਾਰਕ ਏਕਤਾ, ਮਾਨਵਤਾ ਨਾਲ ਪ੍ਰੇਮ ਅਤੇ ਸਮਾਜ ਨੂੰ ਇਕਸੁਰਤਾ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਸਾਨੂੰ ਗੁਰੂ ਸਾਹਿਬ ਦੇ ਉਪਦੇਸ਼ਾਂ ਦਾ ਚਿੰਤਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਆਪਣੀ ਅਜ਼ੀਮ ਸ਼ਹਾਦਤ ਦੇ ਕੇ ਹਿੰਦੋਸਤਾਨ ਦੀ ਧਰਤੀ ਤੋਂ ਮੁਗਲਾਂ ਦੇ ਜ਼ੁਲਮੀ ਰਾਜ ਦੀ ਜੜ੍ਹ ਪੁੱਟ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਵਲੋਂ ਹਿੰਦੂ ਧਰਮ ਦੀ ਰੱਖਿਆ ਲਈ ਸ਼ਹਾਦਤ ਦੇਣ ਵਾਸਤੇ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਅੱਜ ਦੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਨੌਂ ਸਾਲਾ ਆਪਣੇ ਸਪੁੱਤਰ ਸ੍ਰੀ ਗੋਬਿੰਦ ਰਾਇ ਜੀ ਨੂੰ ਗੁਰਤਾਗੱਦੀ ਬਖਸ਼ਿਸ਼ ਕੀਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅੱਜ ਵਿਸ਼ਵ ਦੀ ਜਮਹੂਰੀਅਤ ਪ੍ਰਣਾਲੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਮਹਾਨ ਸ਼ਹਾਦਤ ਦੀ ਬਦੌਲਤ ਹੈ। ਉਨ੍ਹਾਂ ਅਜੋਕੇ ਸੰਦਰਭ ਦੀ ਗੱਲ ਕਰਦਿਆਂ ਆਖਿਆ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਦੂਜਿਆਂ ਦੀ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਿੱਤੀ ਸੀ ਪਰ ਅੱਜ ਸਿੱਖਾਂ ਦੀ ਧਾਰਮਿਕ ਆਜ਼ਾਦੀ ਉੱਤੇ ਹਮਲੇ ਹੋ ਰਹੇ ਹਨ। ਉਨ੍ਹਾਂ ਸਿੱਖਾਂ ਦੇ ਧਾਰਮਿਕ ਸਿਧਾਂਤ, ਪਰੰਪਰਾ ਅਤੇ ਇਤਿਹਾਸ ‘ਤੇ ਹੋ ਰਹੇ ਹਮਲਿਆਂ ਦਾ ਸਾਹਮਣਾ ਕਰਨ ਲਈ ਵੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਪਾਵਨ ਸ਼ਹਾਦਤ ਤੋਂ ਪ੍ਰੇਰਨਾ ਲੈਣ ਦੀ ਲੋੜ ‘ਤੇ ਜ਼ੋਰ ਦਿੱਤਾ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਮਨੁੱਖੀ ਅਧਿਕਾਰਾਂ ਅਤੇ ਧਰਮ ਦੀ ਆਜ਼ਾਦੀ ਲਈ ਮਹਾਨ ਦੇਣ ਦਾ ਗੱਲ ਕਰਦਿਆਂ ਆਖਿਆ ਕਿ ਦੁਨੀਆ ਦੇ ਵਿਚ ਕਿਸੇ ਵੀ ਧਰਮ ਦਾ ਆਗੂ ਜਾਂ ਬਾਨੀ ਨੌਵੇਂ ਪਾਤਸ਼ਾਹ ਦਾ ਸਾਨੀ ਨਹੀਂ ਹੋ ਸਕਿਆ, ਜਿਨ੍ਹਾਂ ਨੇ ਆਪਣਾ ਸੀਸ ਕਟਵਾ ਕੇ ਤਿਲਕ-ਜੰਝੂ ਬਚਾਇਆ ਅਤੇ ਬਾਦਸ਼ਾਹ ਔਰੰਗਜ਼ੇਬ ਦੇ ਜ਼ੁਲਮੀ ਰਾਜ ਦਾ ਅੰਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮਨਾਉਂਦਿਆਂ ਸਿੱਖ ਪੰਥ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦਾ ਵੀ 350 ਸਾਲਾ ਸ਼ਹੀਦੀ ਦਿਹਾੜਾ ਵੀ ਮਨਾ ਰਿਹਾ ਹੈ, ਜਿਨ੍ਹਾਂ ਨੇ ਆਪਣੇ ਗੁਰੂ ਪ੍ਰਤੀ ਸਿੱਖ ਦੀ ਸ਼ਰਧਾ, ਸਤਿਕਾਰ ਤੇ ਸਮਰਪਣ ਦੀ ਅਦੁੱਤੀ ਮਿਸਾਲ ਕਾਇਮ ਕੀਤੀ। ਇਸ ਮੌਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨੌਵੇਂ ਪਾਤਸ਼ਾਹ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਪੰਜਾਬ ਸਰਕਾਰ ਵਲੋਂ 25 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾ ਰਹੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸ਼ੈਸਨ ਬਾਰੇ ਬੋਲਦਿਆਂ ਕਿਹਾ ਕਿ ਇਹ ਸ਼ੈਸਨ ਗੁਰੂ ਸਾਹਿਬ ਨੂੰ ਸਮਰਪਿਤ ਤਾਂ ਹੀ ਹੋਵੇਗਾ ਜੇਕਰ ਇਸ ਵਿਚ ਬੰਦੀ ਸਿੰਘਾਂ ਦੀ ਰਿਹਾਈ, ਚੰਡੀਗੜ੍ਹ ਪੰਜਾਬ ਹਵਾਲੇ ਕਰਨ ਅਤੇ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਵੇਗੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਸਿਧਾਂਤ ਤੇ ਉਪਦੇਸ਼ਾਂ ਦੀ ਗੱਲ ਕੀਤੇ ਬਗੈਰ ਉਨ੍ਹਾਂ ਦੀ ਸ਼ਤਾਬਦੀ ਮਨਾਉਣੀ ਸਫਲ ਨਹੀਂ ਹੋ ਸਕਦੀ।
ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਗੁਰ ਸ਼ਬਦ ਦੀ ਕਥਾ-ਵੀਚਾਰ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਮਹਾਨ ਸ਼ਹਾਦਤ ਦੇ ਕੇ ਸਨਾਤਨ ਧਰਮ ਦੀ ਹੋਂਦ-ਹਸਤੀ ਨੂੰ ਬਚਾਇਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਰਾਜ-ਭਾਗ ਨੂੰ ਸਲਾਮਤ ਰੱਖਣ ਲਈ ਹਿੰਦੋਸਤਾਨ ਦੀ ਲੋਕਾਈ ‘ਤੇ ਅੰਨ੍ਹਾ ਜ਼ੁਲਮ ਕੀਤਾ ਪਰ ਉਸ ਦਾ ਰਾਜ ਫਿਰ ਵੀ ਨਹੀਂ ਰਿਹਾ। ਦੂਜੇ ਪਾਸੇ ਖ਼ਾਲਸਾ ਪੰਥ ਦੇ ਨਿਸ਼ਾਨ ਜੁਗੋ-ਜੁਗ ਝੂਲਦੇ ਰਹਿਣਗੇ।
ਇਸ ਮੌਕੇ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਸਾਨੂੰ ਆਤਮ ਚਿੰਤਨ ਕਰਨ ਅਤੇ ਗੁਰੂ ਸਾਹਿਬ ਦੀ ਸਿੱਖਿਆ, ਉਪਦੇਸ਼ ਅਤੇ ਸਿਧਾਂਤਾਂ ‘ਤੇ ਚੱਲਣ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ।
ਸਮਾਗਮਾਂ ਦੌਰਾਨ ਭਾਈ ਮਹਿੰਦਰ ਸਿੰਘ ਨਿਸ਼ਕਾਮ ਸੇਵਕ ਜਥਾ ਯੂਕੇ, ਸਵਾਮੀ ਜੀ ਹੁਸਿਆਰਪੁਰ ਵਾਲੇ, ਬਾਬਾ ਸਤਨਾਮ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲੇ, ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਾਲੇ, ਬਾਬਾ ਲੱਖਾ ਸਿੰਘ ਕੋਟਾ, ਬਾਬਾ ਰੋਸ਼ਨ ਸਿੰਘ ਚੱਕ ਪੱਖੀ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ, ਅੰਤ੍ਰਿੰਗ ਮੈਂਬਰ ਸ. ਦਲਜੀਤ ਸਿੰਘ ਭਿੰਡਰ, ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਗੁਰਬਖਸ਼ ਸਿੰਘ ਖਾਲਸਾ, ਸ. ਭੁਪਿੰਦਰ ਸਿੰਘ ਭਲਵਾਨ, ਭਾਈ ਅਜੈਬ ਸਿੰਘ ਅਭਿਆਸੀ ਸ. ਅਵਤਾਰ ਸਿੰਘ ਰੀਆ, ਸਕੱਤਰ ਸ. ਪ੍ਰਤਾਪ ਸਿੰਘ, ਸ. ਬਲਵਿੰਦਰ ਸਿੰਘ ਕਾਹਲਵਾਂ, ਮੀਤ ਸਕੱਤਰ ਸ. ਕੁਲਦੀਪ ਸਿੰਘ ਰੋਡੇ, ਸ. ਗੁਰਨਾਮ ਸਿੰਘ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਹਰਭਜਨ ਸਿੰਘ ਵਕਤਾ, ਸ. ਸੁਖਬੀਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਸ. ਰਾਮ ਸਿੰਘ ਮੁੰਬਈ ਆਨਰੇਰੀ ਇੰਚਾਰਜ ਸਿੱਖ ਮਿਸ਼ਨ ਮਹਾਂਰਾਸ਼ਟਰ ਤੇ ਗੁਜਰਾਤ, ਸ. ਦਿਲਸਾਦ ਸਿੰਘ ਅਨੰਦ ਆਨਰੇਰੀ ਇੰਚਾਰਜ ਸਿੱਖ ਮਿਸ਼ਨ ਆਂਧਰਾ ਪ੍ਰਦੇਸ਼, ਡਾ. ਬਲਵੰਤ ਸਿੰਘ ਢਿੱਲੋਂ, ਡਾ. ਪਰਮਵੀਰ ਸਿੰਘ, ਸਾਬਕਾ ਮੀਤ ਸਕੱਤਰ ਪ੍ਰੋ ਸੁਖਦੇਵ ਸਿੰਘ, ਸ. ਸੁਰਿੰਦਰ ਸਿੰਘ ਕਿਸ਼ਨਪੁਰਾ, ਇੰਚਾਰਜ ਸ. ਮੇਜ਼ਰ ਸਿੰਘ, ਚੀਫ 85 ਸ. ਜਗਦੀਸ਼ ਸਿੰਘ ਬੁੱਟਰ, ਮੈਨੇਜਰ ਸ. ਗੁਰਦੀਪ ਸਿੰਘ ਕੰਗ, ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੇ ਮੈਨੇਜਰ ਸ. ਜਗੀਰ ਸਿੰਘ, ਇੰਚਾਰਜ ਸ. ਯੋਗੇਸ਼ਵਰ ਸਿੰਘ, ਸ. ਰਾਜਵਿੰਦਰ ਸਿੰਘ ਜੋਗਾ, ਸ. ਧਰਮਿੰਦਰ ਸਿੰਘ, ਸ. ਬਲਦੇਵ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸਤਨਾਮ ਸਿੰਘ ਰਿਆੜ, ਸ. ਸਤਿੰਦਰ ਸਿੰਘ, ਸ. ਨਿਸ਼ਾਨ ਸਿੰਘ ਜ਼ਫਰਵਾਲ, ਵਧੀਕ ਮੈਨੇਜਰ ਸ. ਹਰਦੇਵ ਸਿੰਘ, ਸ. ਸੰਦੀਪ ਸਿੰਘ ਕਲੋਤਾ ਅਤੇ ਸ. ਅਮਰਜੀਤ ਸਿੰਘ ਜਿੰਦਬੜੀ ਵੀ ਹਾਜ਼ਰ ਸਨ



