ਪੀ.ਏ.ਯੂ. ਦੇ ਕਿਸਾਨ ਕਲੱਬ ਦੀ ਮਾਸਿਕ ਮੀਟਿੰਗ ਵਿਚ ਹੋਈਆਂ ਵਿਚਾਰਾਂ
ਪੀ.ਏ.ਯੂ. ਦੇ ਡਾਇਰੈਕੋਰੇਟ ਪਸਾਰ ਸਿੱਖਿਆ ਦੀ ਅਗਵਾਈ ਵਿਚ ਹਰ ਮਹੀਨੇ ਕਰਵਾਈ ਜਾਂਦੀ ਕਿਸਾਨ ਕਲੱਬ ਦੀ ਮੀਟਿੰਗ ਇਸ ਵਾਰ ਵਿਸ਼ੇਸ਼ ਤੌਰ ਤੇ ਕਿਸਾਨਾਂ ਦੀ ਭਰਵੀਂ ਹਾਜ਼ਰੀ ਦੀ ਗਵਾਹ ਬਣੀ| 75 ਕਿਸਾਨ ਮੈਂਬਰਾਂ ਨੇ ਇਸ ਮੀਟਿੰਗ ਵਿਚ ਹਿੱਸਾ ਲੈ ਕੇ ਵੱਖ-ਵੱਖ ਮਾਹਿਰਾਂ ਦੇ ਵਿਚਾਰ ਸੁਣੇ ਅਤੇ ਉਹਨਾਂ ਨਾਲ ਆਪਣੀ ਕਾਸ਼ਤਕਾਰੀ ਬਾਰੇ ਮਸ਼ਵਰੇ ਕੀਤੇ|
ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਸਾਨਾਂ ਨੂੰ ਪਰਾਲੀ ਦੀ ਸੁਚੱਜੀ ਸੰਭਾਲ ਦਾ ਸੁਨੇਹਾ ਹੋਰ ਕਿਸਾਨਾਂ ਤੱਕ ਪ੍ਰਸਾਰਨ ਦਾ ਸੱਦਾ ਦਿੱਤਾ| ਨਾਲ ਹੀ ਉਹਨਾਂ ਨੇ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤੇ ਤਾਜ਼ੇ ਖੇਤੀ ਸਾਹਿਤ ਦੇ ਹਵਾਲੇ ਨਾਲ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਸਾਹਿਤ ਨਾਲ ਜੁੜਨ ਅਤੇ ਸ਼ੋਸ਼ਲ਼ ਮੀਡੀਆਂ ਮਾਧਿਅਮਾਂ ਉੱਪਰ ਵੀ ਪੀ.ਏ.ਯੂ. ਦੇ ਪ੍ਰੋਗਰਾਮ ਦੇਖਣ ਦੀ ਆਦਤ ਬਨਾਉਣ|
ਖੇਤੀ ਮਾਹਿਰਾਂ ਵਜੋਂ ਇਸ ਵਾਰ ਡਾ. ਰਵਿੰਦਰ ਸਿੰਘ ਚੰਦੀ, ਡਾ. ਮਨਪ੍ਰੀਤ ਖੀਵਾ, ਡਾ. ਨਵਜੋਤ ਬਰਾੜ ਅਤੇ ਡਾ. ਤੇਜਦੀਪ ਕੌਰ ਕਲੇਰ ਨੇ ਆਪਣੇ-ਆਪਣੇ ਵਿਸ਼ਿਆਂ ਬਾਰੇ ਹਾੜ੍ਹੀ ਦੀਆਂ ਫਸਲਾਂ ਸੰਬੰਧੀ ਕਿਸਾਨਾਂ ਨੂੰ ਨੁਕਤੇ ਦੱਸੇ| ਮਾਹਿਰਾਂ ਦੀ ਵਿਚਾਰ-ਚਰਚਾ ਵਿਚ ਫਸਲ ਦੀ ਬਿਜਾਈ ਤੋਂ ਪਹਿਲਾਂ ਜ਼ਮੀਨ ਦੀ ਤਿਆਰੀ, ਬੀਜ ਦੀ ਸੋਧ, ਨਦੀਨਾਂ ਦੀ ਰੋਕਥਾਮ ਲਈ ਯਤਨ, ਬਿਮਾਰੀਆਂ ਅਤੇ ਕੀੜਿਆਂ ਤੋਂ ਬਚਾਅ ਅਤੇ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਦੇ ਨਾਲ-ਨਾਲ ਮਿੱਤਰ ਕੀੜਿਆਂ ਅਤੇ ਲਾਭਕਾਰੀ ਪੰਛੀਆਂ ਸੰਬੰਧੀ ਜਾਣਕਾਰੀ ਦਿੱਤੀ ਗਈ| ਗੁਰੂ ਅੰਗਦ ਦੇਵ ਵੈਟਨਰੀ ਅਤੇ ਪਸ਼ੂ ਧਨ ਵਿਭਾਗ ਦੇ ਮਾਹਿਰ ਡਾ. ਰਾਕੇਸ਼ ਸ਼ਰਮਾ ਨੇ ਸਰਦੀਆਂ ਦੌਰਾਨ ਪਸ਼ੂਆਂ ਦੀ ਸੰਭਾਲ ਸੰਬੰਧੀ ਜ਼ਰੂਰੀ ਨੁਕਤੇ ਸਾਂਝੇ ਕੀਤੇ|
ਇਸ ਮੀਟਿੰਗ ਦਾ ਸੰਚਾਲਨ ਡਾ. ਵਰਿੰਦਰ ਸਿੰਘ ਨੇ ਕੀਤਾ| ਨਾਲ ਹੀ ਉਹਨਾਂ ਨੇ ਸਵਾਗਤ ਦੇ ਸ਼ਬਦ ਕਹੇ| ਅੰਤ ਵਿਚ ਕਿਸਾਨ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਗਰੇਵਾਲ ਨੇ ਸਭ ਦਾ ਧੰਨਵਾਦ ਕੀਤਾ|



