ਡੇਂਗੂ ਦੇ ਡੰਗ ਨੂੰ ਰੋਕਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਮੂਸਤੈਦ : ਡਾ. ਰੋਹਿਤ ਗੋਇਲ ਸਿਵਲ ਸਰਜਨ
ਬ੍ਰੀਡਿੰਗ ਚੈਕਿੰਗ, ਸਪਰੇਅ ਐਕਟੀਵਿਟੀਜ਼ ਅਤੇ ਜਾਗਰੂਕਤਾ ਰਾਹੀਂ ਡੇਂਗੂ ਖਿਲਾਫ਼ ਜੰਗ ਜਾਰੀ : ਡਾ. ਸਨਮਾਨ ਮਾਜੀ
ਸਿਵਲ ਸਰਜਨ ਡਾ. ਰੋਹਿਤ ਗੋਇਲ ਦੇ ਨਿਰਦੇਸ਼ਾਂ, ਸਹਾਇਕ ਸਿਵਿਲ ਸਰਜਨ ਡਾ. ਅਰਪਿਤ ਗੁਪਤਾ ਅਤੇ ਜ਼ਿਲਾ ਐਪੀਡੇਮੈਲੋਜਿਸਟ ਡਾ. ਸੁਨੀਤਾ ਕੰਬੋਜ ਦੀ ਅਗਵਾਈ ਅਤੇ ਕਾਰਜਕਾਰੀ ਐਸ.ਐਮ.ਓ ਡਾਕਟਰ ਸਨਮਾਨ ਮਾਜੀ ਦੀ ਦੇਖ ਰੇਖ ‘ਚ ਡੇਂਗੂ ਵਿਰੁੱਧ ‘ਹੱਲਾ ਬੋਲ’ ਅਭਿਆਨ ਤਹਿਤ ਅਬੋਹਰ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਅਤੇ ਘਰਾਂ ਵਿਖੇ ਬ੍ਰੀਡਿੰਗ ਚੈਕਿੰਗ, ਸਪਰੇਅ ਐਕਟੀਵਿਟੀਜ਼ ਅਤੇ ਜਾਗਰੂਕਤਾ ਰਾਹੀਂ ਡੇਂਗੂ ਅਤੇ ਚਿਕਨਗੁਨੀਆ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ। ਲਾਰਵਾ ਮਿਲਣ ‘ਤੇ ਲਾਰਵੀਸਾਈਡ ਦਾ ਛਿੜਕਾਅ ਵੀ ਕੀਤਾ ਗਿਆ।
ਇਸ ਮੌਕੇ ਡਾ. ਸਨਮਾਨ ਮਾਜੀ ਨੇ ਦੱਸਿਆ ਕਿ ਸ਼ਹਿਰ ‘ਚ ਡੇਂਗੂ ਦੀ ਰੋਕਥਾਮ ਲਈ ਸਿਹਤ ਕਰਮੀਆਂ ਅਤੇ ਬ੍ਰੀਡਿੰਗ ਚੈਕਰਾਂ ਦੀਆਂ 4 ਟੀਮਾਂ ਵੱਲੋਂ ਲਗਾਤਾਰ ਸਰਵੇ ਕਰਕੇ ਲਾਰਵਾ ਚੈੱਕ ਕੀਤਾ ਜਾ ਰਿਹਾ ਹੈ ਅਤੇ ਡੇਂਗੂ ਤੋਂ ਬਚਾਅ ਲਈ ਜਾਣਕਾਰੀ ਦਿੱਤੀ ਜਾ ਰਹੀ ਹੈ। ਸ਼ਹਿਰ ਵਿੱਚ ਹੁਣ ਤੱਕ 27 ਡੇਂਗੂ ਪਾਜ਼ੀਟਿਵ ਕੇਸ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਵੈਕਟਰ ਬੌਰਨ ਬਿਮਾਰੀਆਂ ਜਿਵੇਂ ਕਿ ਡੇਂਗੂ, ਚਿਕਨਗੁਨੀਆ, ਮਲੇਰੀਆ ਆਦਿ ਰੋਕਣ ਲਈ ਇਮਾਰਤਾਂ/ਘਰਾਂ ਦੀਆਂ ਛੱਤਾਂ ‘ਤੇ ਪਏ ਟਾਇਰਾਂ, ਟੁੱਟੇ ਭੱਜੇ ਬਰਤਨਾਂ, ਕੂਲਰਾਂ ਦੇ ਪਾਣੀ, ਕਬਾੜ ਦੀਆਂ ਦੁਕਾਨਾਂ ‘ਤੇ ਪਏ ਕਬਾੜ ਆਦਿ ਨੂੰ ਖਾਲੀ ਕਰਕੇ ਸੁਕਾਉਣਾ ਚਾਹੀਦਾ ਹੈ। ਫਰਿੱਜ ਦੀ ਟਰੇ, ਮਨੀ ਪਲਾਂਟ ਵਾਲੀ ਬੋਤਲ ਦੇ ਪਾਣੀ ਨੂੰ ਹਫਤੇ ਵਿੱਚ ਇੱਕ ਵਾਰ ਖਾਲੀ ਕਰਕੇ ਸੁਕਾਉਣ ਉਪਰੰਤ ਦੁਬਾਰਾ ਪਾਣੀ ਭਰਨਾ ਚਾਹੀਦਾ ਹੈ। ਜੇਕਰ ਇੰਨ੍ਹਾਂ ਥਾਂਵਾਂ ਨੂੰ ਸਾਫ ਕਰਕੇ ਸੁਕਾਇਆ ਨਾ ਜਾਵੇ ਤਾਂ ਲਾਰਵਾ ਪੈਦਾ ਹੁੰਦਾ ਹੈ ਜੋ ਡੇਂਗੂ ਦੇ ਫੈਲਣ ਦਾ ਕਾਰਨ ਬਣਦਾ ਹੈ। ਇਸ ਲਈ ਸਰਵੇ ਦੌਰਾਨ ਲੋਕ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਹਿਯੋਗ ਦੇਣ।
ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਮਨਬੀਰ ਸਿੰਘ ਅਤੇ ਐਨ.ਵੀ.ਬੀ.ਡੀ.ਸੀ.ਪੀ ਬ੍ਰਾਂਚ ਤੋਂ ਟਹਿਲ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਦੀਆਂ ਟੀਮਾਂ ਦੇ ਸਹਿਯੋਗ ਨਾਲ ਫੋਗਿੰਗ ਕਰਵਾਈ ਜਾ ਰਹੀ ਹੈ। ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ,ਉਲਟੀਆਂ,ਅੱਖਾਂ ਵਿਚ ਦਰਦ, ਜੋੜਾਂ ਅਤੇ ਹੱਡੀਆਂ ਵਿੱਚ ਦਰਦ ਆਦਿ ਦੇ ਲੱਛਣ ਹੋਣ ਤਾਂ ਨੇੜੇ ਦੀ ਸਿਹਤ ਸੰਸਥਾ ‘ਚ ਜਾ ਕੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਮੱਛਰ ਦੇ ਕੱਟਣ ਤੋਂ ਬਚਾਅ ਲਈ ਪੂਰਾ ਸਰੀਰ ਢੱਕਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਸੌਣ ਸਮੇਂ ਮੱਛਰਾਂ ਤੋਂ ਬਚਾਅ ਵਾਲੀਆਂ ਕਰੀਮਾਂ ਅਤੇ ਮੱਛਰਦਾਨੀਆਂ ਦਾ ਪ੍ਰਯੋਗ ਵੀ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਸਿਹਤ ਕਰਮੀ ਪਰਮਜੀਤ ਸਿੰਘ, ਜਗਦੀਸ਼ ਕੁਮਾਰ ਅਤੇ ਬ੍ਰੀਡਿੰਗ ਚੈਕਰ ਮੌਜੂਦ ਸਨ।



