ਹਲਕਾ ਵਿਧਾਇਕ ਸ: ਕੁਲਜੀਤ ਸਿੰਘ ਰੰਧਾਵਾ ਵੱਲੋਂ ਛੱਤਬੀੜ ਚਿੜੀਆਘਰ ਵਿੱਚ 18 ਈ ਵਾਹਨਾਂ ਨੂੰ ਅੱਗ ਲੱਗਣ ਦਾ ਕੀਤਾ ਨਿਰੀਖਣ

ਘਟਨਾ ਸਬੰਧੀ ਪੜਤਾਲ ਕਮੇਟੀ ਦਾ ਕੀਤਾ ਗਠਨ, ਕਮੇਟੀ ਸਾਰੇ ਤੱਥਾਂ ਦੀ ਪੜਤਾਲ ਉਪਰੰਤ ਰਿਪੋਰਟ ਜਲਦ ਹੀ ਕਰੇਗੀ ਪੇਸ਼

ਕਿਹਾ- ਛੱਤਬੀੜ ਚਿੜੀਆਘਰ ਰੋਜ਼ਾਨਾ ਦੀ ਤਰ੍ਹਾਂ ਹੈ ਖੁੱਲ੍ਹਾ

ਜੀਰਕਪੁਰ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) 29 ਅਕਤੂਬਰ, 2025:

ਹਲਕਾ ਵਿਧਾਇਕ ਸ: ਕੁਲਜੀਤ ਸਿੰਘ ਰੰਧਾਵਾ ਛੱਤਬੀੜ ਚਿੜੀਆਘਰ ਵਿੱਚ ਅੱਗ ਨਾਲ 18 ਈ ਵਾਹਨ ਸੜ ਕੇ ਸੁਆਹ ਹੋਣ ਦਾ ਪਤਾ ਲੱਗਣ ਤੇ ਜਾਇਜ਼ਾ ਲੈਣ ਪਹੁੰਚੇ ਅਤੇ ਡਾਇਰੈਕਟਰ ਸਮੇਤ ਹੋਰ ਅਧਿਕਾਰੀਆਂ ਨੂੰ ਕਾਰਣਾਂ ਦਾ ਪਤਾ ਕਰਕੇ ਅੱਗੇ ਲਈ ਸਹੀ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਵੱਲੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਜਲਦ 10 ਤੋ 15 ਮਿੰਟ ਵਿਚ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀ ਪ੍ਰਸੰਸਾ ਕੀਤੀ ਗਈ।

ਹਲਕਾ ਵਿਧਾਇਕ ਰੰਧਾਵਾ ਨੇ ਦੱਸਿਆ ਕਿ ਛੱਤਬੀੜ ਚਿੜੀਆਘਰ ਰੋਜ਼ਾਨਾ ਦੀ ਤਰ੍ਹਾਂ ਖੁੱਲ੍ਹਾ ਹੈ। 28 ਅਕਤੂਬਰ ਨੂੰ ਸਵੇਰੇ 08:20 ਵਜੇ ਦੇ ਕਰੀਬ ਛੱਤਬੀੜ ਚਿੜੀਆਘਰ ਅੰਦਰ ਮੌਜੂਦ ਚਾਰਿਜੰਗ ਤੇ ਲੱਗੇ ਬੈਟਰੀ ਓਪਰੇਟਡ ਵਹੀਕਲਜ਼ ਨੂੰ ਅੱਗ ਲੱਗ ਗਈ ਸੀ। ਅੱਗ ਲੱਗਣ ਤੋਂ ਬਾਅਦ ਛੱਤਬੀੜ ਚਿੜੀਆਘਰ ਦੀ ਕੁਇੱਕ ਰਿਸਪਾਂਸ ਟੀਮ ਨੇ ਉਸੇ ਸਮੇਂ ਹਰਕਤ ਵਿੱਚ ਆਉਂਦੇਂ ਹੋਏ ਚਿੜੀਆਘਰ ਦੇ ਪਾਣੀ ਦੇ ਟੈਂਕਰ ਨਾਲ ਅੱਗ ਬੁਝਾਉਣ ਦੀ ਕਾਰਵਾਈ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਚਿੜੀਆਘਰ ਪ੍ਰਸ਼ਾਸਨ ਵੱਲੋਂ ਫਾਇਰ ਬ੍ਰਿਗੇਡ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਬੁਲਾਇਆ ਗਿਆ। ਤਕਰੀਬਨ 08:45 ਤੱਕ ਫਾਇਰ ਬ੍ਰਿਗੇਡ ਅਮਲੇ ਅਤੇ ਚਿੜੀਆਘਰ ਦੇ ਸਟਾਫ ਦੀ ਸਹਾਇਤਾ ਸਦਕਾ ਕੁਝ ਮਿੰਟਾਂ ਵਿਚ ਹੀ ਅੱਗ ਤੇ ਪੂਰੀ ਤਰ੍ਹਾਂ ਕਾਬੂ ਪਾਇਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾ ਬੈਟਰੀ ਓਪਰੇਟਡ ਵਹੀਕਲਜ਼ ਦਾ ਸੰਚਾਲਨ ਅਤੇ ਰੱਖ-ਰਖਾਅ (Operation and Maintenance) ਨਾਲ ਸਬੰਧਤ ਠੇਕੇਦਾਰ ਵੱਲੋਂ ਹੀ ਕੀਤਾ ਜਾਂਦਾ ਹੈ। ਇਹ ਬੈਟਰੀ ਓਪਰੇਟਡ ਵਹੀਕਲਜ਼ ਦਰਸ਼ਕਾਂ ਦੀ ਸਹੂਲਤ ਲਈ ਛੱਤਬੀੜ ਚਿੜੀਆਘਰ ਅੰਦਰ ਚਲਾਏ ਜਾਂਦੇ ਹਨ।

ਰੰਧਾਵਾ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 28 ਬੈਟਰੀ ਓਪਰੇਟਡ ਟ੍ਰਾਲੀਜ਼ ਵਿਚੋਂ 9 ਬੈਟਰੀ ਓਪਰੇਟਡ ਟ੍ਰਾਲੀਜ਼ ਅਤੇ 2 ਟੁਆਏ ਟ੍ਰੇਨਜ਼ ਵਿੱਚੋਂ 1 ਟੁਆਏ ਟ੍ਰੇਨ (ਸਮੇਤ ਇੰਜਣ) ਨੂੰ ਮੌਕੇ ਤੇ ਕਾਰਵਾਈ ਕਰਕੇ ਅੱਗ ਦੀ ਝਪੇਟ ਤੋਂ ਬਚਾ ਲਿਆ ਗਿਆ ਹੈ। ਇਸ ਘਟਨਾ ਸਬੰਧੀ ਇੱਕ ਪੜਤਾਲ ਕਮੇਟੀ ਦਾ ਗਠਨ ਕੀਤਾ ਗਿਆ ਹੈ, ਉਕਤ ਕਮੇਟੀ ਘਟਨਾ ਵਾਪਰਨ ਦੇ ਕਾਰਨਾਂ, ਹੋਏ ਨੁਕਸਾਨ ਆਦਿ ਸਬੰਧੀ ਸਾਰੇ ਤੱਥਾਂ ਦੀ ਪੜਤਾਲ ਕਰਕੇ ਰਿਪੋਰਟ ਜਲਦ ਹੀ ਪੇਸ਼ ਕਰੇਗੀ। ਅੱਗ ਲੱਗਣ ਕਾਰਨ ਚਿੜੀਆਘਰ ਦੇ ਕਿਸੇ ਵੀ ਜਾਨਵਰ/ਪੰਛੀ, ਜਾਨਵਰਾਂ ਦੇ ਵਾੜੇ, ਜਨਤਕ ਸੁਵਿਧਾ ਅਤੇ ਜੰਗਲ ਦਾ ਨੁਕਸਾਨ ਨਹੀਂ ਹੋਇਆ।

CATEGORIES
TAGS
Share This

COMMENTS

Wordpress (0)
Disqus ( )
Translate