ਬਾਲ ਸਿਹਤ ਪ੍ਰੋਗਰਾਮ ਲੋਕਾਂ ਲਈ ਬਣਿਆ ਵਰਦਾਨ – ਡਾ. ਬਬੀਤਾ

· ਸਿਹਤ ਵਿਭਾਗ ਵੱਲੋਂ ਮੁਠਿਆ ਵਾਲੀ ਦੀ ਸੁਣਨ ਤੋਂ ਅਸਮਰੱਥ ਬੱਚੀ ਨੂੰ ਲਗਾਈ ਗਈ ਡਿਜ਼ੀਟਲ ਸੁਣਨ ਵਾਲੀ ਮਸ਼ੀਨ
ਫਾਜ਼ਿਲਕਾ 29 ਮਈ
ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਤਹਿਤ ਲੋਕਾਂ ਨੂੰ ਸਕੀਮਾਂ ਦਾ ਲਾਭ ਮਿਲ ਰਿਹਾ ਹੈ, ਜਿਸ ਤਹਿਤ ਡੱਬਵਾਲਾ ਕਲਾ ਅਧੀਨ ਪੈਂਦੇ ਪਿੰਡ ਮੁੱਠਿਆ ਵਾਲੀ ਦੀ ਸੁਣਨ ਤੋਂ ਅਸਮਰੱਥ ਬੱਚੀ ਨੂੰ ਵਿਭਾਗ ਵੱਲੋਂ ਡਿਜ਼ੀਟਲ ਸੁਣਨ ਵਾਲੀ ਮਸ਼ੀਨ ਲਗਾਈ ਗਈ। ਇਸ ਤੋਂ ਇਲਾਵਾ ਸੋਮਵਾਰ ਨੂੰ ਸਿਹਤ ਵਿਭਾਗ ਦੀ ਟੀਮ ਨੇ ਸਕੂਲ ਦਾ ਦੌਰਾ ਕਰਕੇ ਬੱਚੀ ਦੀ ਸਿਹਤ ਦਾ ਹਾਲ-ਚਾਲ ਪੁੱਛਿਆ ਗਿਆ ਅਤੇ ਚੈਕਅੱਪ ਵੀ ਕੀਤਾ।
ਵਧੇਰੇ ਜਾਣਕਾਰੀ ਦਿੰਦਿਆਂ ਟੀਮ ਦੇ ਇੰਚਾਰਜ ਡਾ: ਅਸ਼ੀਸ਼ ਗਰੋਵਰ ਨੇ ਦੱਸਿਆ ਕਿ ਪਿੰਡ ਮੁੱਠਿਆ ਵਾਲੀ ਦੀ ਬੱਚੀ ਜਨਮ ਤੋਂ ਬਾਅਦ ਸੁਣਨ ਤੋਂ ਅਸਮਰੱਥ ਹੋ ਗਈ ਸੀ, ਸਿਹਤ ਵਿਭਾਗ ਦੀ ਟੀਮ ਨੇ ਉਸ ਨੂੰ ਮੈਡੀਕਲ ਕਾਲਜ ਫ਼ਰੀਦਕੋਟ ਰੈਫ਼ਰ ਕਰ ਦਿੱਤਾ, ਜਿੱਥੇ ਉਸ ਦੀ ਜਾਂਚ ਕੀਤੀ ਗਈ ਤੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਸੁਣਨ ਵਾਲੀ ਮਸ਼ੀਨ ਦਾ ਸੁਝਾਅ ਦਿੱਤਾ ਗਿਆ। ਮੈਡੀਕਲ ਕਾਲਜ ਫਰੀਦਕੋਟ ਵੱਲੋਂ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਸਕੀਮ ਦੇ ਤਹਿਤ ਬੱਚੀ ਨੂੰ ਸੁਣਨ ਵਾਲੀ ਮਸ਼ੀਨ ਲਗਾਈ ਗਈ। ਜਿਸ ਉਪਰੰਤ ਬੱਚੀ ਅਤੇ ਪਰਿਵਾਰਕ ਮੈਂਬਰਾਂ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ।
ਸਹਾਇਕ ਸਿਵਲ ਸਰਜਨ ਡਾ: ਬਬਿਤਾ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਦੀ ਭਲਾਈ ਲਈ ਲਗਾਤਾਰ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਅਤੇ ਟੀਮ ਬਾਲ ਸਿਹਤ ਪ੍ਰੋਗਰਾਮ ਤਹਿਤ ਵਧੀਆ ਕੰਮ ਕਰ ਰਹੀ ਹੈ। ਟੀਮ ਵੱਲੋਂ ਬੱਚੇ ਨੂੰ ਖੁਦ ਰੈਫਰ ਕੀਤਾ ਗਿਆ ਜਿੱਥੇ ਜਾਂਚ ਤੋਂ ਬਾਅਦ ਉਸ ਨੂੰ ਮੁਫਤ ਮਸ਼ੀਨ ਮੁਹੱਈਆ ਕਰਵਾਈ ਗਈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਹ ਯਕੀਨੀ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਕਿ ਲੋੜਵੰਦ ਲੋਕਾਂ ਨੂੰ ਇਸ ਸਕੀਮ ਦਾ ਲਾਭ ਸਮੇਂ ਸਿਰ ਮਿਲ ਸਕੇ ਅਤੇ ਕੋਈ ਵੀ ਇਸ ਸਕੀਮ ਤੋਂ ਵਾਂਝਾ ਨਾ ਰਹੇ। ਬਲਾਕ ਐਜੂਕੇਟਰ ਦਿਵੇਸ਼ ਕੁਮਾਰ ਨੇ ਦੱਸਿਆ ਕਿ ਬਲਾਕ ਦੀ ਸਿਹਤ ਵਿਭਾਗ ਦੀ ਟੀਮ ਵੱਲੋਂ ਪਹਿਲਾਂ ਹੀ ਦਿਲ ਵਿੱਚ ਛੇਦ ਵਾਲੇ ਬੱਚੇ ਨੂੰ ਰੈਫਰ ਕਰਕੇ ਉਸਦਾ ਆਪਰੇਸ਼ਨ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਸਕੂਲੀ ਬੱਚਿਆਂ ਦੀ ਸਾਲ ਵਿੱਚ ਇੱਕ ਵਾਰ ਅਤੇ ਆਂਗਣਵਾੜੀ ਦੇ ਬੱਚਿਆਂ ਦੀ ਸਾਲ ਵਿੱਚ ਦੋ ਵਾਰ ਸਿਹਤ ਜਾਂਚ ਮੁਫ਼ਤ ਕੀਤੀ ਜਾਂਦੀ ਹੈ। ਇਸ ਮੌਕੇ ਫਾਰਮੇਸੀ ਅਫ਼ਸਰ ਇੰਦਰਜੀਤ ਕੁਮਾਰ ਆਦਿ ਹਾਜ਼ਰ ਸਨ।


