ਮੁੱਖ ਮੰਤਰੀ ਦਾ ਪੁਤਲਾ ਫੂਕਣ ਆਏ ਸਨ ਕਿਸਾਨ, ਚੇਅਰਮੈਨ ਉਪਕਾਰ ਜਾਖੜ ਨੇ ਕਿਸਾਨਾਂ ਦੇ ਮਸਲੇ ਮੌਕੇ ਤੇ ਕੀਤੇ ਹੱਲ,ਕਿਸਾਨ ਬਿਨਾਂ ਪੁਤਲਾ ਫੂਕੇ ਸੰਤੁਸ਼ਟ ਹੋ ਕੇ ਗਏ ਵਾਪਸ
ਅਬੋਹਰ 11 ਅਕਤੂਬਰ। ਅੱਜ ਅਬੋਹਰ ਦੀ ਦਾਣਾ ਮੰਡੀ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਬਾਅਦ ਕਿਸਾਨਾਂ ਵੱਲੋਂ ਮੁੱਖ ਮੰਤਰੀ ਦਾ ਪੁਤਲਾ ਮਾਰਕੀਟ ਕਮੇਟੀ ਦਫ਼ਤਰ ਦੇ ਬਾਹਰ ਫੂਕਿਆ ਜਾਣਾ ਸੀ ਪਰ ਮਾਰਕੀਟ ਕਮੇਟੀ ਦੇ ਚੇਅਰਮੈਨ ਉਪਕਾਰ ਸਿੰਘ ਜਾਖੜ ਦੀ ਸੂਝ ਬੂਝ ਸਦਕਾ ਜਿੱਥੇ ਕਿਸਾਨਾਂ ਨੇ ਪੁਤਲਾ ਨਹੀਂ ਫੂਕਿਆ ਉੱਥੇ ਚੇਅਰਮੈਨ ਵੱਲੋਂ ਕਿਸਾਨਾਂ ਦੇ ਸਾਰੇ ਮਸਲੇ ਮੌਕੇ ਤੇ ਹੱਲ ਕਰਕੇ ਕਿਸਾਨਾਂ ਨੂੰ ਸੰਤੁਸ਼ਟ ਕੀਤਾ। ਇਸ ਮੌਕੇ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਚੇਅਰਮੈਨ ਉਪਕਾਰ ਸਿੰਘ ਜਾਖੜ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੰਡੀ ਵਿੱਚ ਖਰੀਦ ਪ੍ਰਬੰਧਾਂ ਨੂੰ ਲੈ ਕੇ ਖਰੀਦ ਏਜੰਸੀਆਂ ਵੱਲੋਂ ਮਨ ਮਰਜ਼ੀ ਕੀਤੀ ਜਾਂਦੀ ਹੈ। ਜਿਸ ਕਾਰਨ ਕਿਸਾਨ ਖੱਜਲ ਖਵਾਰ ਹੋ ਰਹੇ ਹਨ। ਕਿਸਾਨਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਚੇਅਰਮੈਨ ਉਪਕਾਰ ਸਿੰਘ ਜਾਖੜ ਨੇ ਵੱਖ-ਵੱਖ ਖਰੀਦ ਏਜੰਸੀਆਂ ਦੇ ਖਰੀਦ ਅਧਿਕਾਰੀਆਂ ਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਜਿਸ ਤੋਂ ਬਾਅਦ ਕਿਸਾਨਾਂ ਨਾਲ ਬੈਠਕ ਦੌਰਾਨ ਚੇਅਰਮੈਨ ਉਪਕਾਰ ਸਿੰਘ ਜਾਖੜ ਨੇ ਕਿਸਾਨਾਂ ਦੇ ਸਾਰੇ ਮਸਲੇ ਮੌਕੇ ਤੇ ਹੱਲ ਕਰਦਿਆਂ ਖੁਦ ਨਾਲ ਜਾ ਕੇ ਝੋਨੇ ਦੀ ਖਰੀਦ ਕੋਲ ਖੜ ਕੇ ਕਰਵਾਈ। ਇਸ ਦੌਰਾਨ ਇੱਕ ਦੋ ਖਰੀਦ ਏਜੰਸੀਆਂ ਦੇ ਅਧਿਕਾਰੀ ਆਨਾ ਕਰਨੀ ਕਰਦੇ ਨਜ਼ਰ ਆਏ ਪਰ ਮੌਕੇ ਤੇ ਚੇਅਰਮੈਨ ਉਪਕਾਰ ਸਿੰਘ ਜਾਖੜ ਵੱਲੋਂ ਸਖਤੀ ਵਰਤਦਿਆਂ ਕਿਸਾਨਾਂ ਦਾ ਝੋਨਾ ਵਿਕਾਇਆ। ਇਸ ਮੌਕੇ ਤੇ ਉਪਕਾਰ ਸਿੰਘ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ ਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ ਅਜਿਹੇ ਪ੍ਰਬੰਧ ਕੀਤੇ ਗਏ ਹਨ। ਉਹਨਾਂ ਕਿਹਾ ਕਿ ਅੱਜ ਵੀ ਕਿਸਾਨਾਂ ਨੂੰ ਜੋ ਸਮੱਸਿਆ ਆਈ ਸੀ ਉਸਦੇ ਮੌਕੇ ਤੇ ਹੱਲ ਕੀਤੇ ਗਏ। ਉਹਨਾਂ ਕਿਹਾ ਕਿ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ। ਕਿਸਾਨਾਂ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਮੰਡੀ ਵਿੱਚ ਕਿਸੇ ਵੀ ਤਰ੍ਹਾਂ ਦੀ ਕਾਟ ਨਹੀਂ ਲੱਗਦੀ ਜੇਕਰ ਕਿਸੇ ਕਿਸਾਨ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਉਹਨਾਂ ਦੇ ਦਫਤਰ ਆ ਕੇ ਸੰਪਰਕ ਕਰ ਸਕਦਾ ਹੈ। ਇਸ ਦੌਰਾਨ ਉਪਕਾਰ ਸਿੰਘ ਜਾਖੜ ਦੇ ਯਤਨਾਂ ਤੇ ਸੂਝ ਬੂਝ ਸਦਕਾਂ ਕਿਸਾਨਾਂ ਨੂੰ ਮੁੱਖ ਮੰਤਰੀ ਦਾ ਪੁਤਲਾ ਫੂਕੇ ਬਿਨਾਂ ਹੀ ਵਾਪਸ ਆਉਣਾ ਪਿਆ। ਉਪਕਾਰ ਸਿੰਘ ਜਾਖੜ ਨੇ ਕਿਸਾਨਾਂ ਦਾ ਵੀ ਸਾਥ ਦੇਣ ਲਈ ਧੰਨਵਾਦ ਕੀਤਾ। ਉਧਰ ਕਿਸਾਨਾਂ ਨੇ ਵੀ ਚੇਅਰਮੈਨ ਦਾ ਧੰਨਵਾਦ ਕੀਤਾ।




