ਕਰਤਾਰਪੁਰ ਹਸਪਤਾਲ ਵਿਖੇ ਵਿਸ਼ਵ ਦਿਲ ਦਿਵਸ ਮਨਾਇਆ ਗਿਆ

ਤਣਾਅ-ਮੁਕਤ ਰਹਿਣ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ :- ਡਾ ਸੁਖਵਿੰਦਰ ਸਿੰਘ

ਕਰਤਾਰਪੁਰ, 29 ਸਤੰਬਰ
ਸਿਵਲ ਸਰਜਨ ਜਲੰਧਰ ਡਾ ਰਮਨ ਗੁਪਤਾ ਦੇ ਨਿਰਦੇਸ਼ਾਂ ਤਹਿਤ ਅੱਜ ਕਮਿਊਨਿਟੀ ਹੈਲਥ ਸੈਂਟਰ ਕਰਤਾਰਪੁਰ ਵਿੱਚ ਵਿਸ਼ਵ ਦਿਲ ਦਿਵਸ ਮਨਾਇਆ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਕਰਤਾਰਪੁਰ ਡਾ. ਸੁਖਵਿੰਦਰ ਸਿੰਘ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਦਿਲ ਮਨੁੱਖੀ ਸਰੀਰ ਦੇ ਸਭ ਤੋਂ ਮਹੱਤਵਪੂਰਨ ਅੰਗਾਂ ਵਿੱਚੋਂ ਇੱਕ ਹੈ। ਅਜਿਹੇ ‘ਚ ਦਿਲ ਦੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਹਰ ਸਾਲ ਦੁਨੀਆ ਭਰ ਵਿੱਚ ਲੱਖਾਂ ਲੋਕਾਂ ਦੀ ਦਿਲ ਦੀਆਂ ਬਿਮਾਰੀਆਂ ਕਾਰਨ ਮੌਤ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਲੋਕਾਂ ਨੂੰ ਦਿਲ ਲਈ ਜਾਗਰੂਕ ਕਰਨ ਲਈ ਅਤੇ ਦਿਲ ਦੀ ਸਿਹਤ ਦੀ ਮਹੱਤਤਾ ਨੂੰ ਸਮਝਣ ਦੇ ਉਦੇਸ਼ ਨਾਲ ਪੂਰੀ ਦੁਨੀਆ ‘ਚ ਵਿਸ਼ਵ ਦਿਲ ਦਿਵਸ ਮਨਾਇਆ ਜਾਂਦਾ ਹੈ। ਤਾਂ ਜੋ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਅਤੇ ਇਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ ਘਟਾਇਆ ਜਾ ਸਕੇ। ਇਸ ਮੌਕੇ ਡਾ ਪ੍ਰਭਜੀਤ ਸਿੰਘ, ਡਾ ਦਿਵਿਆ ਗੁਪਤਾ, ਬੀ.ਈ.ਈ. ਰਾਕੇਸ਼ ਸਿੰਘ, ਐੱਲ.ਐਚ.ਵੀ. ਕੁਲਦੀਪ ਕੌਰ, ਸਿਹਤ ਸੁਪਰਵਾਈਜ਼ਰ ਕੇਵਲ ਰਾਮ, ਅਤੇ ਆਸ਼ਾ ਮੌਜੂਦ ਸਨ ।

ਐਸ.ਐਮ.ਓ. ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਦਿਲ ਦੀਆਂ ਬਿਮਾਰੀਆਂ ਦਾ ਸਭ ਤੋਂ ਵੱਡਾ ਕਾਰਨ ਅਸਤੁੰਲਿਤ ਖੁਰਾਕ, ਕਸਰਤ ਦੀ ਘਾਟ, ਸਿਗਰਟਨੋਸ਼ੀ ਅਤੇ ਤਣਾਅ ਹੈ। ਜੇ ਲੋਕ ਨਿਯਮਿਤ ਤੌਰ ‘ਤੇ ਵਿਆਯਾਮ ਕਰਨ, ਤਾਜ਼ੇ ਫਲ-ਸਬਜ਼ੀਆਂ ਖਾਣ, ਤੇਲ ਅਤੇ ਨਮਕ ਦੀ ਘੱਟ ਵਰਤੋਂ ਕਰਨ ਅਤੇ ਤਣਾਅ-ਰਹਿਤ ਰਹਿਣ, ਤਾਂ ਦਿਲ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੀ ਅਪੀਲ ਕੀਤੀ।
ਇਸ ਮੌਕੇ ਵਿਸ਼ੇਸ਼ ਤੌਰ ਤੇ ਲੋਕਾਂ ਦੇ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਜਾਂਚ ਵੀ ਕੀਤੀ ਗਈ ।

CATEGORIES
Share This

COMMENTS

Wordpress (0)
Disqus ( )
Translate