ਏਅਰਫੀਲਡ ਖੇਤਰ ਵਿੱਚ ਪੰਛੀਆਂ ਦੀ ਉਡਾਣ: ਡੀ ਸੀ ਨੇ ਹਵਾਬਾਜ਼ੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਖ਼ਤ ਉਪਾਅ ਕਰਨ ਦੇ ਨਿਰਦੇਸ਼ ਦਿੱਤੇ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਸਤੰਬਰ:

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਸਾਰੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਹਵਾਈ ਖੇਤਰ ਵਿੱਚ ਅਤੇ ਇਸਦੇ ਆਲੇ-ਦੁਆਲੇ ਪੰਛੀਆਂ ਦੇ ਖਤਰੇ ਨੂੰ ਰੋਕਣ ਲਈ ਸਖ਼ਤ ਅਤੇ ਸਮਾਂਬੱਧ ਉਪਾਅ ਅਪਣਾਉਣ ਤਾਂ ਜੋ ਪੂਰੀ ਤਰ੍ਹਾਂ ਉਡਾਣ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਹਵਾਈ ਸੈਨਾ ਦੇ ਅਧਿਕਾਰੀਆਂ ਨਾਲ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ, ਡਿਪਟੀ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ “ਹਵਾਬਾਜ਼ੀ ਸੁਰੱਖਿਆ ਲਈ ਏਅਰਫੀਲਡ ਖੇਤਰ ਵਿੱਚ ਪੰਛੀਆਂ ਦੀ ਉਡਾਣ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਲਾਜ਼ਮੀ ਹੈ”।

ਹਵਾਈ ਸੈਨਾ ਦੇ ਅਧਿਕਾਰੀਆਂ ਨੇ ਏਅਰਫੀਲਡ ਦੇ ਸੀਮਤ ਘੇਰੇ ਦੇ ਅੰਦਰ ਕੂੜੇ ਦੇ ਡੰਪ, ਮੀਟ ਦੀਆਂ ਦੁਕਾਨਾਂ ਅਤੇ ਕਬੂਤਰਾਂ ਨੂੰ ਦਾਣਾ ਪਾਉਣ ‘ਤੇ ਗੰਭੀਰ ਚਿੰਤਾ ਜ਼ਾਹਰ ਕੀਤੀ, ਜੋ ਸੁਰੱਖਿਅਤ ਹਵਾਈ ਕਾਰਜਾਂ ਲਈ ਸੰਭਾਵੀ ਖਤਰੇ ਪੈਦਾ ਕਰਦੇ ਹਨ।

ਹਵਾਈ ਸੈਨਾ ਦੇ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੰਦੇ ਹੋਏ, ਸ਼੍ਰੀਮਤੀ ਮਿੱਤਲ ਨੇ ਨਗਰ ਕੌਂਸਲਾਂ, ਪੰਚਾਇਤ ਅਤੇ ਪੇਂਡੂ ਵਿਕਾਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪਭਾਤ, ਬਿਸ਼ਨਪੁਰਾ, ਕੰਡਾਲਾ, ਬਡਮਾਜਰਾ ਅਤੇ ਜਗਤਪੁਰਾ ਵਰਗੇ ਪਹਿਲੋਂ ਹੀ  ਸ਼ਨਾਖ਼ਤ ਕੀਤੇ ਹੋਏ ਸੰਵੇਦਨਸ਼ੀਲ ਖੇਤਰਾਂ ਵਿੱਚ ਫੈਸਲਾਕੁੰਨ ਕਾਰਵਾਈਆਂ ਕਰਨੀਆਂ ਚਾਹੀਦੀਆਂ ਹਨ।

ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਏਡੀਸੀ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ, ਐਸਡੀਐਮ ਮੋਹਾਲੀ ਦਮਨਦੀਪ ਕੌਰ, ਐਸਡੀਐਮ ਡੇਰਾਬੱਸੀ ਅਮਿਤ ਗੁਪਤਾ ਅਤੇ ਸਹਾਇਕ ਕਮਿਸ਼ਨਰ, ਐਮ ਸੀ ਮੋਹਾਲੀ ਰੰਜੀਵ ਕੁਮਾਰ ਨੂੰ ਤੁਰੰਤ ਜ਼ਮੀਨੀ ਪੱਧਰ ਤੇ ਸਾਵਧਾਨੀ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਜਿਨ੍ਹਾਂ ਵਿੱਚ ਨਿਰਧਾਰਤ ਖੇਤਰ ਵਿੱਚ ਮੀਟ ਦੀਆਂ ਦੁਕਾਨਾਂ ‘ਤੇ ਸਖ਼ਤ ਪਾਬੰਦੀ, ਕੂੜੇ ਦੇ ਡੰਪਾਂ ਅਤੇ ਖੁੱਲ੍ਹੇ ਨਾਲਿਆਂ ਦੀ ਨਿਰੰਤਰ ਨਿਗਰਾਨੀ ਅਤੇ ਸਫਾਈ ਅਤੇ ਏਅਰਫੀਲਡ ਖੇਤਰ ਦੇ ਨੇੜੇ ਕਬੂਤਰਾਂ ਨੂੰ ਖੁਆਉਣਾ ਜਾਂ ਖੇਡ ਗਤੀਵਿਧੀਆਂ ‘ਤੇ ਪਾਬੰਦੀ ਸ਼ਾਮਲ ਹੈ।

ਡਿਪਟੀ ਕਮਿਸ਼ਨਰ ਨੇ ਅੱਗੇ ਜ਼ੋਰ ਦਿੱਤਾ ਕਿ ਏਅਰਫੀਲਡ ਦੇ ਆਲੇ-ਦੁਆਲੇ ਸਾਫ਼ ਅਤੇ ਪੰਛੀ-ਮੁਕਤ ਵਾਤਾਵਰਣ ਬਣਾਈ ਰੱਖਣਾ ਸਾਰੇ ਵਿਭਾਗਾਂ ਦੀ ਸਮੂਹਿਕ ਜ਼ਿੰਮੇਵਾਰੀ ਹੈ ਅਤੇ ਦੁਹਰਾਇਆ ਕਿ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

CATEGORIES
TAGS
Share This

COMMENTS

Wordpress (0)
Disqus ( )
Translate