FIT INDIA ਸਾਈਕਲ ਡਰਾਈਵ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸਾਈਕਲ ਰੈਲੀ ਦਾ ਆਯੋਜਨ

ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਤੰਦਰੁਸਤੀ ਜੀਵਨ ਜੀਣ ਲਈ ਕੀਤੀ ਅਪੀਲ

ਸ੍ਰੀ ਮੁਕਤਸਰ ਸਾਹਿਬ 24 ਅਗਸਤ। ਸੀਨੀਅਰ ਪੁਲਿਸ ਕਪਤਾਨ ਡਾ. ਅਖਿਲ ਚੌਧਰੀ ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਫਿਟ ਇੰਡੀਆ ਸਾਈਕਲ ਡਰਾਈਵ ਮੁਹਿੰਮ ਦੇ ਤਹਿਤ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਦਾ ਮੁੱਖ ਉਦੇਸ਼ ਜ਼ਿਲ੍ਹੇ ਦੇ ਨੌਜਵਾਨਾਂ ਅਤੇ ਸਮੂਹ ਵਸਨੀਕਾਂ ਨੂੰ ਇਹ ਸੰਦੇਸ਼ ਦੇਣਾ ਸੀ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਤੰਦਰੁਸਤ ਜੀਵਨ ਸ਼ੈਲੀ ਅਪਣਾਉਣਾ ਸਮਾਜ ਲਈ ਬਹੁਤ ਜ਼ਰੂਰੀ ਹੈ। ਰੈਲੀ ਦੀ ਸ਼ੁਰੂਆਤ ਰੈਡ ਕ੍ਰਾਸ ਭਵਨ ਸ੍ਰੀ ਮੁਕਤਸਰ ਸਾਹਿਬ ਤੋਂ ਕੀਤੀ ਗਈ ਅਤੇ ਇਹ ਸ਼ਹਿਰ ਦੇ ਵੱਖ-ਵੱਖ ਮੁੱਖ ਚੌਂਕਾਂ ਤੋਂ ਲੰਘਦੀ ਹੋਈ ਐਸ.ਐਸ.ਪੀ ਦਫ਼ਤਰ ਵਿੱਖੇ ਸਮਾਪਤ ਹੋਈ। ਇਸ ਸਾਈਕਲ ਰੈਲੀ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਤੋਂ ਆਏ ਹੋਏ 100 ਤੋਂ ਵੱਧ ਸਾਈਕਲ ਸਵਾਰਾਂ ਨੇ ਭਾਗ ਲਿਆ, ਜਿਸ ਵਿੱਚ ਸਕੂਲੀ ਨੌਜਵਾਨਾਂ ਤੋਂ ਲੈ ਕੇ ਖੇਡਾਂ ਵਿੱਚ ਰੁਚੀ ਰੱਖਣ ਵਾਲੇ ਖਿਡਾਰੀ ਵੀ ਸ਼ਾਮਲ ਸਨ।

ਰੈਲੀ ਦੌਰਾਨ ਲੋਕਾਂ ਨੂੰ ਖ਼ਾਸ ਤੌਰ ‘ਤੇ ਇਸ ਗੱਲ ਲਈ ਜਾਗਰੂਕ ਕੀਤਾ ਗਿਆ ਕਿ ਨਸ਼ੇ ਕਿਸ ਤਰ੍ਹਾਂ ਇੱਕ ਵਿਅਕਤੀ ਦੀ ਜ਼ਿੰਦਗੀ ਨੂੰ ਖ਼ਤਮ ਕਰ ਦਿੰਦੇ ਹਨ ਅਤੇ ਇਹ ਕਿ ਸਿਹਤਮੰਦ ਰਹਿਣ ਲਈ ਰੋਜ਼ਾਨਾ ਕਸਰਤ ਕਰਨੀ ਕਿੰਨੀ ਲਾਜ਼ਮੀ ਹੈ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਸਾਈਕਲਿੰਗ ਨੂੰ ਸ਼ਾਮਲ ਕਰਨ, ਜਿਸ ਨਾਲ ਨਾ ਸਿਰਫ਼ ਸਰੀਰ ਤੰਦਰੁਸਤ ਰਹੇਗਾ ਬਲਕਿ ਪ੍ਰਦੂਸ਼ਣ ਘਟਾਉਣ ਵਿੱਚ ਵੀ ਯੋਗਦਾਨ ਪਵੇਗਾ। ਇਹ ਵੀ ਕਿਹਾ ਗਿਆ ਕਿ ਨੌਜਵਾਨ ਜੇ ਆਪਣੇ ਧਿਆਨ ਨੂੰ ਖੇਡਾਂ ਵੱਲ ਕੇਂਦਰਿਤ ਕਰ ਲੈਣ ਤਾਂ ਉਹ ਚੰਗੇ ਖਿਡਾਰੀ ਬਣ ਸਕਦੇ ਹਨ ਅਤੇ ਆਪਣੀ ਪਹਿਚਾਣ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਬਣਾਉਣ ਦੀ ਸਮਰੱਥਾ ਰੱਖਦੇ ਹਨ।

ਇਸ ਰੈਲੀ ਦੀ ਅਗਵਾਈ ਡੀ.ਐਸ.ਪੀ ਅਮਨਦੀਪ ਸਿੰਘ ਵੱਲੋਂ ਕੀਤੀ ਗਈ ਜਿਨ੍ਹਾਂ ਨੇ ਆਪਣੇ ਹੱਥੀਂ ਝੰਡੀ ਦਿਖਾ ਕੇ ਰੈਲੀ ਨੂੰ ਰਵਾਨਾ ਕੀਤਾ। ਉਨ੍ਹਾਂ ਵੱਲੋਂ ਭਾਗੀਦਾਰਾਂ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ “ਨਸ਼ਿਆਂ ਤੋਂ ਦੂਰ ਰਹੋ ਅਤੇ ਖੇਡਾਂ ਨਾਲ ਆਪਣੀ ਜ਼ਿੰਦਗੀ ਨੂੰ ਜੋੜੀਏ।” ਡੀ.ਐਸ.ਪੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਫਿਟਨੈਸ ਦੀ ਡੋਜ਼ ‘ਆਧਾ ਘੰਟਾ ਰੋਜ਼’ ਦੇ ਸਿਧਾਂਤ ਨੂੰ ਅਪਣਾਉਣਾ ਹਰ ਵਿਅਕਤੀ ਲਈ ਬਹੁਤ ਜ਼ਰੂਰੀ ਹੈ। ਸਵੇਰੇ ਅਤੇ ਸ਼ਾਮ ਸਿਰਫ਼ ਆਧਾ ਘੰਟਾ ਸਾਈਕਲ ਚਲਾਉਣਾ, ਦੌੜ ਲਗਾਉਣਾ ਜਾਂ ਹੋਰ ਕਸਰਤ ਕਰਨਾ ਸਿਹਤ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਮਨੁੱਖ ਨੂੰ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਵੀ ਬਚਾ ਸਕਦਾ ਹੈ।

ਰੈਲੀ ਦੌਰਾਨ ਪੁਲਿਸ ਦੀ ਜਾਗਰੂਕਤਾ ਟੀਮ ਨੇ ਆਪਣੇ ਵਾਹਨ ਤੇ ਸਪੀਕਰ/ਮਾਈਕਿੰਗ ਸਿਸਟਮ ਰਾਹੀਂ ਲੋਕਾਂ ਨੂੰ ਸੁਨੇਹੇ ਦਿੱਤੇ ਅਤੇ ਦੱਸਿਆ ਕਿ ਨਸ਼ਿਆਂ ਦੀ ਲਤ ਕਿਸੇ ਵੀ ਪਰਿਵਾਰ ਨੂੰ ਤਬਾਹ ਕਰ ਸਕਦੀ ਹੈ। ਟੀਮ ਵੱਲੋਂ ਲੋਕਾਂ ਨੂੰ ਯਕੀਨ ਦਵਾਇਆ ਗਿਆ ਕਿ ਪੁਲਿਸ ਹਮੇਸ਼ਾ ਨਸ਼ਿਆਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੀ ਹੈ ਪਰ ਸਮਾਜ ਦੇ ਲੋਕਾਂ ਦੀ ਭਾਗੀਦਾਰੀ ਨਾਲ ਹੀ ਇਹ ਲੜਾਈ ਕਾਮਯਾਬ ਹੋ ਸਕਦੀ ਹੈ। ਲੋਕਾਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਉਹ ਆਪਣੇ ਆਲੇ-ਦੁਆਲੇ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਅਤੇ ਜੇਕਰ ਕਿਸੇ ਨੂੰ ਨਸ਼ਿਆਂ ਨਾਲ ਸੰਬੰਧਿਤ ਕੋਈ ਜਾਣਕਾਰੀ ਮਿਲੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਨ।

ਭਾਗ ਲੈਣ ਵਾਲੇ ਸਾਰੇ ਸਾਈਕਲ ਸਵਾਰਾਂ ਨੂੰ ਪੁਲਿਸ ਵੱਲੋਂ ਰਿਫਰੈਸ਼ਮੈਂਟ ਮੁਹੱਈਆ ਕਰਵਾਈ ਗਈ ਅਤੇ ਹਰ ਇੱਕ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇੱਕ ਸਮੂਹਕ ਯਾਦਗਾਰੀ ਫੋਟੋ ਵੀ ਖਿੱਚਵਾਈ ਗਈ ਜਿਸ ਇਹ ਸਿਰਫ਼ ਇੱਕ ਖੇਡ ਪ੍ਰੋਗਰਾਮ ਨਹੀਂ ਸੀ ਸਗੋਂ ਸਿਹਤ, ਸੁਰੱਖਿਆ ਅਤੇ ਸਮਾਜਿਕ ਜ਼ਿੰਮੇਵਾਰੀ ਨਾਲ ਜੁੜਿਆ ਹੋਇਆ ਇੱਕ ਮਹੱਤਵਪੂਰਨ ਯਤਨ ਸੀ।

ਇਹ ਵੀ ਜ਼ਿਕਰਯੋਗ ਹੈ ਕਿ ਡੀ.ਐਸ.ਪੀ ਅਮਨਦੀਪ ਸਿੰਘ ਖੁਦ ਇੱਕ ਅੰਤਰਰਾਸ਼ਟਰੀ ਸਾਈਕਲਿਸਟ ਰਹੇ ਹਨ। ਉਨ੍ਹਾਂ ਵੱਲੋਂ ਨੈਸ਼ਨਲ ਗੇਮਜ਼ ਵਿੱਚ ਬਰਾਂਜ਼ ਮੈਡਲ ਹਾਸਲ ਕੀਤਾ ਗਿਆ ਸੀ ਅਤੇ ਲਗਾਤਾਰ 10 ਸਾਲਾਂ ਤੱਕ ਵੱਖ-ਵੱਖ ਚੈਂਪੀਅਨਸ਼ਿਪਾਂ ਵਿੱਚ ਮੈਡਲ ਜਿੱਤੇ ਗਏ। ਉਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਸਪੋਰਟਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਲਾਈਫਟਾਈਮ ਅਚੀਵਮੈਂਟ ਅਵਾਰਡ ਮਾਨਯੋਗ ਡੀ.ਜੀ.ਪੀ ਪੰਜਾਬ ਵੱਲੋਂ ਪ੍ਰਦਾਨ ਕੀਤਾ ਗਿਆ। 1998 ਵਿੱਚ ਉਨ੍ਹਾਂ ਨੂੰ ਬੈਸਟ ਸਪੋਰਟਸ ਅਵਾਰਡ ਵੀ ਮਿਲਿਆ ਸੀ ਜੋ ਉਸ ਵੇਲੇ ਦੇ ਮਾਨਯੋਗ ਮੁੱਖ ਮੰਤਰੀ ਅਤੇ ਗਵਰਨਰ ਪੰਜਾਬ ਵੱਲੋਂ ਦਿੱਤਾ ਗਿਆ ਸੀ। ਉਨ੍ਹਾਂ ਵੱਲੋਂ 11 ਸਾਲਾਂ ਤੱਕ ਲਗਾਤਾਰ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ ਅਤੇ 3 ਮਹੱਤਵਪੂਰਨ ਮੈਡਲ ਜਿੱਤੇ ਗਏ।
ਇਸ ਮੌਕੇ ਸਾਬਕਾ ਇੰਸਪੈਕਟਰ ਜਗਸੀਰ ਸਿੰਘ ਮੁਕਤੀਸਰ ਸਾਈਕਲ ਰਾਈਡਰ ਕਲੱਬ, ਸਾਰਥਿਕ ਮਾਸਟਰ ਸਾਈਕਲ ਸਟੋਰ, ਨਰਿੰਦਰ ਸਿੰਘ ਮਾਈਟੀ ਫਰੀਕੀ ਰਾਈਡਰਸ ਹਾਜ਼ਰ ਸਨ ਅਤੇ ਦੀਪਕ ਗਰਗ ਜੈ ਬਾਬੇ ਦੀ ਬਲੱਡ ਸੇਵਾ ਸੋਸਾਇਟੀ ਹਾਜ਼ਰ ਸਨ।

ਡੀ.ਐਸ.ਪੀ ਅਮਨਦੀਪ ਸਿੰਘ ਨੇ ਕਿਹਾ ਕਿ ਖੇਡਾਂ ਹੀ ਉਹ ਮੰਚ ਹਨ ਜਿਹੜੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਸਕਦੇ ਹਨ। ਜਿਹੜੇ ਨੌਜਵਾਨ ਰੋਜ਼ਾਨਾ ਸਰੀਰਕ ਕਿਰਿਆਵਾਂ ਵਿੱਚ ਹਿੱਸਾ ਲੈਂਦੇ ਹਨ ਉਹਨਾਂ ਦੇ ਜੀਵਨ ਵਿੱਚ ਨਿਰਾਸ਼ਾ ਦੀ ਬਜਾਏ ਆਤਮ ਵਿਸ਼ਵਾਸ ਹੁੰਦਾ ਹੈ। ਉਹਨਾਂ ਨੇ ਕਿਹਾ ਇਸ ਤਰ੍ਹਾਂ ਦੇ ਪ੍ਰੋਗਰਾਮ ਆਉਣ ਵਾਲੇ ਸਮੇਂ ਵਿੱਚ ਵਧੇਰੇ ਵੱਡੇ ਪੱਧਰ ‘ਤੇ ਕਰਵਾਏ ਜਾਣਗੇ।

ਸਾਇਕਲਿਸਟ ਦੇ ਨਾਮ
ਸ.ਪਰਮਿੰਦਰ ਸਿੰਘ ਸੋਢੀ, ਸ.ਪਰਮਪਾਲ ਸਿੰਘ ਸਹਿਗਰਲ ਡਾ ਮਨੋਜ ਚੋਪੜਾ, ਡਾ ਗੁਰਦਿੱਤ ਔਲਖ, ਸ੍ਰੀ ਵਰਿੰਦਰ ਕਾਨਤੀ ਸ.ਮਾਨ ਸਿੰਘ, ਸ੍ਰੀ ਸੰਦੀਪ ਛਾਬੜਾ, ਸ੍ਰੀ ਮਨੀਸ਼ ਧਵਨ, ਸ੍ਰੀ ਸ੍ਰੀ ਤੁਸ਼ਾਰ ਗਰਗ, ਸ੍ਰੀ ਧਰਮਪਾਲ, ਸ ਹਰਮਨ ਸਿੰਘ, ਸ.ਜਗਮੀਤ ਸਿੰਘ ਅਤੇ ਹੋਰ ਇਹਨਾਂ ਦੇ ਸਾਥੀਆਂ ਵੱਲੋਂ ਭਾਗ ਲਿਆ ਗਿਆ।

CATEGORIES
Share This

COMMENTS

Wordpress (0)
Disqus ( )
Translate