Sri muktsar sahib news -ਡੀ.ਸੀ. ਅਭਿਜੀਤ ਕਪਲਿਸ਼ ਵੱਲੋਂ ਪਟਾਕਾ ਫੈਕਟਰੀ ਹਾਦਸੇ ਦੇ ਪੀੜਤਾਂ ਨੂੰ ਪਬਲਿਕ ਲਾਇਬਿਲਟੀ ਇੰਸ਼ੋਰੈਂਸ ਐਕਟ ਤਹਿਤ ਮੁਆਵਜ਼ਾ ਲੈਣ ਲਈ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਅਪੀਲ
ਮਲੋਟ/ਸ੍ਰੀ ਮੁਕਤਸਰ ਸਾਹਿਬ, 9 ਜੁਲਾਈ
ਡਿਪਟੀ ਕਮਿਸ਼ਨਰ ਸ੍ਰੀ ਅਭਿਜੀਤ ਕਪਲਿਸ਼ Sri muktsar sahib ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 30 ਮਈ ਨੂੰ ਜ਼ਿਲ੍ਹੇ ਦੇ ਮਲੋਟ ਹਲਕੇ ਦੇ ਪਿੰਡ ਫ਼ਤੂਹੀਵਾਲਾ ਵਿਖੇ ਪਟਾਕਾ ਫੈਕਟਰੀ ਵਿੱਚ ਹੋਏ ਹਾਦਸੇ ਦੌਰਾਨ 5 ਵਿਅਕਤੀਆਂ ਦੀ ਮੌਤ ਹੋਈ ਸੀ ਅਤੇ 44 ਵਿਅਕਤੀ ਜ਼ਖਮੀ ਹੋਏ ਸਨ। ਇਸ ਹਾਦਸੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਮ੍ਰਿਤਕ ਵਿਅਕਤੀਆਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀ ਵਿਅਕਤੀਆਂ ਨੂੰ 50-50 ਹਜ਼ਾਰ ਰੁਪਏ ਜਾਰੀ ਕੀਤੇ ਗਏ ਸਨ, ਜੋ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸਬੰਧਤ ਵਿਅਕਤੀਆਂ ਨੂੰ ਤਕਸੀਮ ਕੀਤੇ ਜਾ ਚੁੱਕੇ ਹਨ।
ਡਿਪਟੀ ਕਮਿਸ਼ਨਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਦਾ ਪਬਲਿਕ ਲਾਇਬਿਲਟੀ ਇੰਸ਼ੋਰੈਂਸ ਐਕਟ, 1991’ ਐਕਟ ਦੇ ਤਹਿਤ ਵੀ ਪਟਾਕਾ ਫੈਕਟਰੀ ਹਾਦਸੇ ਦੌਰਾਨ ਮ੍ਰਿਤਕਾਂ ਦੇ ਵਾਰਿਸ ਅਤੇ ਜ਼ਖਮੀ ਵਿਅਕਤੀ ਮੁਆਵਜਾ/ਰਾਹਤ ਫੰਡ ਲੈ ਸਕਦੇ ਹਨ। ਇਸ ਲਈ ਐਕਟ ਤਹਿਤ ਬਣਦਾ ਮੁਆਵਜਾ ਲੈਣ ਲਈ ਮ੍ਰਿਤਕ ਮਜ਼ਦੂਰਾਂ ਦੇ ਵਾਰਸ ਅਤੇ ਜ਼ਖਮੀ ਵਿਅਕਤੀ ਆਪਣੀਆਂ ਅਰਜ਼ੀਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਕੁਲੈਕਟਰ, ਸ੍ਰੀ ਮੁਕਤਸਰ ਸਾਹਿਬ ਦੀ ਅਦਾਲਤ ਵਿੱਚ ਦਾਇਰ ਕਰ ਸਕਦੇ ਹਨ।



